ਦਾਣਾ ਮੰਡੀਆਂ ’ਚ ਕਣਕ ਦੀ ਢੁਆਈ ਦੀ ਰਫ਼ਤਾਰ ਢਿੱਲੀ, ਮਜ਼ਦੂਰਾਂ ਨੂੰ ਝੱਲਣੀ ਪੈ ਰਹੀ ਪਰੇਸ਼ਾਨੀ
ਦਾਣਾ ਮੰਡੀਆਂ ’ਚ ਕਣਕ ਦੀ ਢੁਆਈ ਮੰਦ ਗਤੀ ਨਾਲ, ਮਜ਼ਦੂਰਾਂ ਨੂੰ ਪੈ ਰਹੀਆਂ ਮੁਸ਼ਕਲਾਂ
Publish Date: Mon, 27 Apr 2026 06:53 PM (IST)
Updated Date: Mon, 27 Apr 2026 06:55 PM (IST)
ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ
ਮਹਿਤਪੁਰ : ਪੰਜਾਬ ਦੀਆਂ ਦਾਣਾ ਮੰਡੀਆਂ ’ਚ ਭਾਵੇਂ ਸਰਕਾਰੀ ਏਜੰਸੀਆਂ ਵੱਲੋਂ ਕਣਕ ਦੀ ਖ਼ਰੀਦ ਲਗਭਗ ਮੁਕੰਮਲ ਕਰ ਲਈ ਗਈ ਹੈ, ਪਰ ਖ਼ਰੀਦੀ ਗਈ ਫਸਲ ਦਾ ਵੱਡਾ ਹਿੱਸਾ ਹਾਲੇ ਵੀ ਖੁੱਲ੍ਹੇ ਅਸਮਾਨ ਹੇਠਾਂ ਬੋਰੀਆਂ ਵਿੱਚ ਪਿਆ ਹੋਇਆ ਹੈ ਅਤੇ ਸਟੋਰਾਂ ਤੱਕ ਪਹੁੰਚਣ ਦੀ ਉਡੀਕ ਕਰ ਰਿਹਾ ਹੈ। ਮੰਡੀਆਂ ’ਚ ਰੋਜ਼ਾਨਾ ਗਿਣਤੀ ਦੇ ਟਰੱਕ ਢੁਆਈ ਲਈ ਭੇਜੇ ਜਾ ਰਹੇ ਹਨ, ਜੋ ਲੋੜ ਮੁਤਾਬਿਕ ਕਾਫ਼ੀ ਘੱਟ ਹਨ। ਇਸ ਕਾਰਨ ਢੁਆਈ ਦਾ ਕੰਮ ਬਹੁਤ ਢਿੱਲੀ ਰਫ਼ਤਾਰ ਨਾਲ ਚੱਲ ਰਿਹਾ ਹੈ। ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਜਲੰਧਰ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਲਗਭਗ ਹਰ ਮੰਡੀ ਵਿੱਚ ਢੁਆਈ ਦਾ ਕੰਮ ਬਹੁਤ ਹੀ ਸੁਸਤ ਰਫ਼ਤਾਰ ਨਾਲ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਮਜ਼ਦੂਰਾਂ ਵੱਲੋਂ ਕਣਕ ਦੀ ਸਾਂਭ-ਸੰਭਾਲ ਦਾ ਕੰਮ ਤਕਰੀਬਨ ਪੂਰਾ ਕੀਤਾ ਜਾ ਚੁੱਕਾ ਹੈ, ਪਰ ਫਸਲ ਨਾ ਚੁੱਕੇ ਜਾਣ ਕਾਰਨ ਮਜ਼ਦੂਰ ਮੰਡੀਆਂ ਵਿੱਚ ਵੇਲਾ ਬੈਠਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰੀ ਏਜੰਸੀਆਂ ਨੇ ਜਲਦੀ ਫਸਲ ਨਹੀਂ ਚੁੱਕੀ ਤਾਂ ਮਜ਼ਦੂਰਾਂ ਦੀ ਕਮਾਈ ਮੰਡੀਆਂ ਵਿੱਚ ਹੀ ਖਰਚ ਹੋ ਜਾਵੇਗੀ ਅਤੇ ਉਹ ਘਰ ਖਾਲੀ ਹੱਥ ਜਾਣ ਲਈ ਮਜਬੂਰ ਹੋਣਗੇ। ਪ੍ਰਵਾਸੀ ਮਜ਼ਦੂਰਾਂ ਦੀ ਹਾਲਤ ਹੋਰ ਵੀ ਖਰਾਬ ਹੈ, ਜਿਨ੍ਹਾਂ ਨੂੰ ਮਹਿੰਗੇ ਭਾਅ ’ਤੇ ਬਾਲਣ ਅਤੇ ਗੈਸ ਖਰੀਦ ਕੇ ਆਪਣਾ ਗੁਜ਼ਾਰਾ ਕਰਨਾ ਪੈ ਰਿਹਾ ਹੈ। ਤਰਸੇਮ ਪੀਟਰ ਨੇ ਦੋਸ਼ ਲਾਇਆ ਕਿ ਮਾਰਕੀਟ ਕਮੇਟੀਆਂ ਮੰਡੀਆਂ ਤੋਂ ਲੱਖਾਂ ਰੁਪਏ ਕਮਾਉਂਦੀਆਂ ਹਨ, ਪਰ ਮਜ਼ਦੂਰਾਂ ਲਈ ਬੁਨਿਆਦੀ ਸਹੂਲਤਾਂ ਦੀ ਘਾਟ ਹੈ। ਉਨ੍ਹਾਂ ਦੱਸਿਆ ਕਿ ਦਾਣਾ ਮੰਡੀ ਮਹਿਤਪੁਰ ਵਿੱਚ ਲਗਭਗ 500 ਮਜ਼ਦੂਰਾਂ ਲਈ ਸਿਰਫ਼ ਛੇ ਬਾਥਰੂਮ ਅਤੇ ਪਖਾਨੇ ਹਨ, ਜਿਨ੍ਹਾਂ ਵਿੱਚੋਂ ਔਰਤਾਂ ਲਈ ਨਿਰਧਾਰਤ ਸਹੂਲਤਾਂ ਵੀ ਬੰਦ ਪਈਆਂ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਢੁਆਈ ਦੇ ਠੇਕੇ ਹਾਕਮ ਪਾਰਟੀ ਨਾਲ ਜੁੜੇ ਲੋਕਾਂ ਨੂੰ ਦਿੱਤੇ ਗਏ ਹਨ, ਜਿਸ ਕਰਕੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਦਾ ਸਿੱਧਾ ਨੁਕਸਾਨ ਮੰਡੀਆਂ ਦੇ ਮਜ਼ਦੂਰਾਂ ਨੂੰ ਝੱਲਣਾ ਪੈ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੰਡੀਆਂ ਵਿੱਚੋਂ ਫਸਲ ਦੀ ਤੁਰੰਤ ਚੁਕਾਈ ਯਕੀਨੀ ਬਣਾਈ ਜਾਵੇ ਅਤੇ ਮਜ਼ਦੂਰਾਂ ਲਈ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।