ਮਾਰਕੀਟ ਕਮੇਟੀ ਸ਼ਾਹਕੋਟ ਅਧੀਨ 11 ਮੰਡੀਆਂ ‘ਚ ਕਣਕ ਦੀ ਖਰੀਦ ਮੁਕੰਮਲ
ਮਾਰਕੀਟ ਕਮੇਟੀ ਸ਼ਾਹਕੋਟ ਅਧੀਨ 11 ਮੰਡੀਆਂ ‘ਚ ਕਣਕ ਦੀ ਖਰੀਦ ਮੁਕੰਮਲ
Publish Date: Thu, 07 May 2026 09:41 PM (IST)
Updated Date: Thu, 07 May 2026 09:41 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਮਾਰਕੀਟ ਕਮੇਟੀ ਸ਼ਾਹਕੋਟ ਅਧੀਨ ਆਉਂਦੀਆਂ 11 ਦਾਣਾ ਮੰਡੀਆਂ ਵਿਚ ਇਸ ਵਾਰ ਕਣਕ ਦੀ ਸਰਕਾਰੀ ਖਰੀਦ ਦਾ ਕੰਮ ਲਗਪਗ ਮੁਕੰਮਲ ਹੋ ਗਿਆ ਹੈ। ਤਾਜ਼ਾ ਅੰਕੜਿਆਂ ਮੁਤਾਬਕ ਮੰਡੀਆਂ ਵਿਚ ਕਣਕ ਦੀ ਕੁੱਲ ਖਰੀਦ 4,50,111.5 ਕੁਇੰਟਲ ਹੋਈ ਹੈ। ਖਰੀਦ ਮੁਕੰਮਲ ਹੋਣ ਦੇ ਨਾਲ-ਨਾਲ ਮੰਡੀਆਂ ਵਿਚੋਂ ਖਰੀਦੀ ਗਈ ਕਣਕ ਦੀ ਚੁਕਾਈ (ਲਿਫਟਿੰਗ) ਦਾ ਕੰਮ ਵੀ ਜੰਗੀ ਪੱਧਰ ‘ਤੇ ਚੱਲਦਿਆਂ ਆਖਰੀ ਪੜਾਅ ‘ਤੇ ਪਹੁੰਚ ਗਿਆ ਹੈ। 7 ਮਈ ਦੀ ਤਾਜ਼ਾ ਰਿਪੋਰਟ ਮੁਤਾਬਕ ਮੰਡੀਆਂ ਵਿਚੋਂ 98 ਫੀਸਦੀ ਕਣਕ ਦੀ ਲਿਫਟਿੰਗ ਮੁਕੰਮਲ ਹੋ ਚੁੱਕੀ ਹੈ। ਜ਼ਿਲ੍ਹਾ ਉੱਪ ਮੰਡੀ ਅਫਸਰ ਤਜਿੰਦਰ ਕੁਮਾਰ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਤੇ ਮਾਰਕੀਟ ਕਮੇਟੀ ਸ਼ਾਹਕੋਟ ਦੀ ਤਾਜ਼ਾ ਰਿਪੋਰਟ ਅਨੁਸਾਰ ਸ਼ਾਹਕੋਟ, ਮਲਸੀਆਂ, ਪੂਨੀਆਂ, ਲਸੂੜੀ, ਪਰਜੀਆਂ ਕਲਾਂ, ਰੂਪੇਵਾਲ, ਕੁਲਾਰ, ਭੁੱਲਰ, ਤਲਵੰਡੀ, ਕੋਹਾੜ ਕਲਾਂ ਅਤੇ ਸੋਹਲ ਜਗੀਰ ਮੰਡੀਆਂ ਵਿਚ ਸਾਰੀ ਦੀ ਸਾਰੀ ਖਰੀਦ ਸਰਕਾਰੀ ਏਜੰਸੀਆਂ ਪਨਸਪ, ਵੇਅਰ ਹਾਊਸ, ਮਾਰਕਫੈੱਡ ਅਤੇ ਪਨਗ੍ਰੇਨ ਵੱਲੋਂ ਹੀ ਕੀਤੀ ਗਈ ਹੈ। ਇਸ ਸੀਜ਼ਨ ਦੌਰਾਨ ਪ੍ਰਾਈਵੇਟ ਖਰੀਦ ਦਾ ਅੰਕੜਾ ਬਿਲਕੁਲ ਜ਼ੀਰੋ ਰਿਹਾ ਹੈ। ਵੱਖ-ਵੱਖ ਏਜੰਸੀਆਂ ਦੀ ਖਰੀਦ ਦੇ ਅੰਕੜਿਆਂ ਮੁਤਾਬਕ ਪਨਸਪ ਸਭ ਤੋਂ ਵੱਧ 2,99,727.5 ਕੁਇੰਟਲ (ਕਰੀਬ 67 ਫੀਸਦੀ) ਕਣਕ ਦੀ ਖਰੀਦ ਕਰ ਕੇ ਮੋਹਰੀ ਰਹੀ ਹੈ। ਇਸ ਤੋਂ ਇਲਾਵਾ ਵੇਅਰ ਹਾਊਸ ਵੱਲੋਂ 76,528.5 ਕੁਇੰਟਲ, ਮਾਰਕਫੈੱਡ ਵੱਲੋਂ 41,355.5 ਕੁਇੰਟਲ ਅਤੇ ਪਨਗ੍ਰੇਨ ਵੱਲੋਂ 32,500 ਕੁਇੰਟਲ ਕਣਕ ਖਰੀਦੀ ਗਈ ਹੈ। ਪਿਛਲੇ ਦਿਨਾਂ ਦੌਰਾਨ ਲਿਫਟਿੰਗ ਦੀ ਰਫ਼ਤਾਰ 84 ਫੀਸਦੀ ਸੀ, ਜੋ ਕਿ ਹੁਣ ਤੇਜ਼ ਹੋ ਕੇ 98 ਫੀਸਦੀ ਤੱਕ ਪਹੁੰਚ ਗਈ ਹੈ। ਮਾਰਕੀਟ ਕਮੇਟੀ ਮੁਤਾਬਕ ਕੁੱਲ ਖਰੀਦੀ ਗਈ 4,50,111.5 ਕੁਇੰਟਲ ਕਣਕ ਵਿੱਚੋਂ 4,40,111.5 ਕੁਇੰਟਲ ਕਣਕ ਦੀ ਚੁਕਾਈ ਹੋ ਚੁੱਕੀ ਹੈ। ਪਿਛਲੇ ਸਾਲ ਦੇ ਮੁਕਾਬਲੇ ਖਰੀਦ ’ਚ ਮਾਮੂਲੀ ਗਿਰਾਵਟ ਪਿਛਲੇ ਸੀਜ਼ਨ ਦੇ ਮੁਕਾਬਲੇ ਇਸ ਵਾਰ ਕਣਕ ਦੀ ਖਰੀਦ ਵਿਚ ਮਾਮੂਲੀ ਕਮੀ ਦਰਜ ਕੀਤੀ ਗਈ ਹੈ। ਪਿਛਲੇ ਸਾਲ ਮਾਰਕੀਟ ਕਮੇਟੀ ਸ਼ਾਹਕੋਟ ਅਧੀਨ ਪੈਂਦੀਆਂ ਇਨ੍ਹਾਂ 11 ਮੰਡੀਆਂ ਵਿਚ ਕਣਕ ਦੀ ਕੁੱਲ ਖਰੀਦ 4,52,522 ਕੁਇੰਟਲ ਹੋਈ ਸੀ। ਇਸਦੇ ਮੁਕਾਬਲੇ ਇਸ ਸਾਲ 4,50,111.5 ਕੁਇੰਟਲ ਖਰੀਦ ਹੋਈ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 2410.5 ਕੁਇੰਟਲ ਘੱਟ ਹੈ।