-ਕੌਂਸਲਰ ਤੋਂ ਲੈ ਕੇ

-ਕੌਂਸਲਰ ਤੋਂ ਲੈ ਕੇ ਡਾਕਟਰ ਤੱਕ ਬਣੇ ਸ਼ਿਕਾਰ, ਦੋਸਤਾਂ ਤੇ ਰਿਸ਼ਤੇਦਾਰਾਂ ਤੋਂ ਮੰਗੇ ਜਾ ਰਹੇ ਪੈਸੇ
ਸੁਕ੍ਰਾਂਤ, ਜਾਗਰਣ, ਜਲੰਧਰ
ਵ੍ਹਟਸਐਪ ਹੈਕ ਕਰਕੇ ਲੋਕਾਂ ਤੋਂ ਪੈਸੇ ਠੱਗਣ ਵਾਲਾ ਸਾਈਬਰ ਗਿਰੋਹ ਜਲੰਧਰ ’ਚ ਸਰਗਰਮ ਹੈ। ਸ਼ਹਿਰ ’ਚ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ, ਜਿੱਥੇ ਸਾਈਬਰ ਠੱਗ ਕਿਸੇ ਵਿਅਕਤੀ ਦਾ ਵ੍ਹਟਸਐਪ ਖਾਤਾ ਆਪਣੇ ਕਬਜ਼ੇ ’ਚ ਲੈ ਕੇ ਉਸ ਦੇ ਦੋਸਤਾਂ, ਰਿਸ਼ਤੇਦਾਰਾਂ ਤੇ ਜਾਣ-ਪਛਾਣ ਵਾਲਿਆਂ ਤੋਂ ਪੈਸੇ ਮੰਗ ਰਹੇ ਹਨ। ਖਾਸ ਗੱਲ ਇਹ ਹੈ ਕਿ ਹੈਕਰ ਹੁਣ ਆਮ ਲੋਕਾਂ ਦੇ ਨਾਲ-ਨਾਲ ਸਿਆਸੀ ਆਗੂਆਂ, ਸੇਵਾਮੁਕਤ ਮੁਲਾਜ਼ਮਾਂ ਤੇ ਮਸ਼ਹੂਰ ਡਾਕਟਰਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ। ਹਾਲ ਹੀ ’ਚ ਜਲੰਧਰ ਦੇ ਵਾਰਡ ਨੰ. 16 ਦੇ ਕੌਂਸਲਰ ਮਿੰਟੂ ਜੁਨੇਜਾ ਦਾ ਵ੍ਹਟਸਐਪ ਖਾਤਾ ਹੈਕ ਕਰ ਲਿਆ ਗਿਆ। ਹੈਕਰ ਨੇ ਉਨ੍ਹਾਂ ਦੇ ਨਾਂ ’ਤੇ ਲੋਕਾਂ ਨੂੰ ਮੈਸੇਜ ਭੇਜ ਕੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਕਿਸੇ ਤੋਂ 20 ਹਜ਼ਾਰ ਰੁਪਏ ਤਾਂ ਕਿਸੇ ਤੋਂ 25 ਹਜ਼ਾਰ ਰੁਪਏ ਮੰਗੇ ਗਏ। ਕੁਝ ਲੋਕਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਸਿੱਧਾ ਮਿੰਟੂ ਜੁਨੇਜਾ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਪਤਾ ਲੱਗਾ ਕਿ ਉਨ੍ਹਾਂ ਦਾ ਵ੍ਹਟਸਐਪ ਖਾਤਾ ਹੈਕ ਹੋ ਚੁੱਕਾ ਹੈ। ਉਨ੍ਹਾਂ ਨੇ ਤੁਰੰਤ ਲੋਕਾਂ ਨੂੰ ਚੌਕਸ ਕਰਦੇ ਹੋਏ ਕਿਹਾ ਕਿ ਕੋਈ ਵੀ ਵਿਅਕਤੀ ਉਨ੍ਹਾਂ ਦੇ ਨਾਂ 'ਤੇ ਪੈਸੇ ਟ੍ਰਾਂਸਫਰ ਨਾ ਕਰੇ। ਇਸੇ ਤਰ੍ਹਾਂ ਪਾਵਰਕਾਮ ਵਿਭਾਗ ਦੇ ਸੇਵਾਮੁਕਤ ਮੁਲਾਜ਼ਮ ਪੰਕਜ ਦਾ ਵ੍ਹਟਸਐਪ ਵੀ ਸਾਈਬਰ ਠੱਗਾਂ ਨੇ ਹੈਕ ਕਰ ਲਿਆ। ਹੈਕਰ ਉਨ੍ਹਾਂ ਦੇ ਜਾਣ-ਪਛਾਣ ਵਾਲਿਆਂ ਨੂੰ ਮੈਸੇਜ ਭੇਜ ਕੇ ਆਰਥਿਕ ਮਦਦ ਮੰਗਣ ਲੱਗਾ। ਜਦੋਂ ਪੰਕਜ ਦੇ ਕੋਲ ਲਗਾਤਾਰ ਫੋਨ ਆਉਣ ਲੱਗੇ ਤਾਂ ਉਨ੍ਹਾਂ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਹੋਈ। ਇਸ ਤੋਂ ਬਾਅਦ ਉਨ੍ਹਾਂ ਨੇ ਵੀ ਲੋਕਾਂ ਨੂੰ ਪੈਸੇ ਨਾ ਭੇਜਣ ਦੀ ਅਪੀਲ ਕੀਤੀ।
---
ਪ੍ਰਸਿੱਧ ਕਾਰਡੀਓਲਾਜਿਸਟ ਦੇ ਖਾਤੇ ’ਚ ਸੰਨ੍ਹਮਾਰੀ
ਵ੍ਹਟਸਐਪ ਹੈਕਿੰਗ ’ਚ ਪ੍ਰਸਿੱਧ ਕਾਰਡੀਓਲਾਜਿਸਟ ਡਾ. ਸੰਜੀਵ ਕੁਮਾਰ ਸਿਆਲ ਵੀ ਫਸ ਗਏ। ਡਾ. ਸਿਆਲ ਹਾਰਟ ਸੈਂਟਰ ਤੇ ਗਲੋਬਲ ਹਸਪਤਾਲ ਵਿਚ ਸੀਨੀਅਰ ਕੰਸਲਟੈਂਟ ਕਾਰਡੀਓਲਾਜਿਸਟ ਹਨ। ਉਨ੍ਹਾਂ ਦਾ ਵ੍ਹਟਸਐਪ ਖਾਤਾ 6 ਮਈ ਨੂੰ ਦੁਪਹਿਰ ਕਰੀਬ 2:30 ਵਜੇ ਹੈਕ ਕਰ ਲਿਆ ਗਿਆ। ਜਾਣਕਾਰੀ ਮੁਤਾਬਕ ਹੈਕਰ ਨੇ ਉਨ੍ਹਾਂ ਦੇ ਖਾਤੇ 'ਤੇ ਪੂਰਾ ਕੰਟਰੋਲ ਪ੍ਰਾਪਤ ਕਰ ਲਿਆ ਹੈ ਤੇ ਲਗਾਤਾਰ ਉਨ੍ਹਾਂ ਦੇ ਦੋਸਤਾਂ, ਪਰਿਵਾਰਕ ਮੈਂਬਰਾਂ ਅਤੇ ਮਰੀਜ਼ਾਂ ਨੂੰ ਮੈਸੇਜ ਭੇਜ ਕੇ ਪੈਸੇ ਮੰਗ ਰਿਹਾ ਹੈ। ਕਈ ਲੋਕਾਂ ਨੂੰ ਐਮਰਜੈਂਸੀ ਦਾ ਹਵਾਲਾ ਦੇ ਕੇ ਤੁਰੰਤ ਰਕਮ ਟ੍ਰਾਂਸਫਰ ਕਰਨ ਲਈ ਕਿਹਾ ਗਿਆ। ਡਾ. ਸਿਆਲ ਨੇ ਪੁਲਿਸ ਲਾਈਨ ਸਥਿਤ ਸਾਈਬਰ ਸੈੱਲ ’ਚ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਉਨ੍ਹਾਂ ਨੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਨੰਬਰ ਤੋਂ ਆਉਣ ਵਾਲੇ ਕਿਸੇ ਵੀ ਮੈਸੇਜ ਜਾਂ ਕਾਲ 'ਤੇ ਭਰੋਸਾ ਨਾ ਕਰਨ ਅਤੇ ਕਿਸੇ ਵੀ ਖਾਤੇ ’ਚ ਪੈਸੇ ਟ੍ਰਾਂਸਫਰ ਨਾ ਕਰਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਕਿਸੇ ਆਰਥਿਕ ਮਦਦ ਦੀ ਲੋੜ ਨਹੀਂ ਹੈ।
---
ਵ੍ਹਟਸਐਪ ਖਾਤਾ ਕਿਵੇਂ ਹੈਕ ਹੁੰਦਾ ਹੈ
ਵ੍ਹਟਸਐਪ ਇਕ ਛੋਟੀ ਗਲਤੀ ਨਾਲ ਸਾਈਬਰ ਠੱਗਾਂ ਦੇ ਹੱਥ ਚਲਾ ਜਾਂਦਾ ਹੈ। ਸਾਈਬਰ ਮਾਹਿਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਹੈਕਰ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਫਸਾਉਂਦੇ ਹਨ। ਕਈ ਵਾਰ ਉਹ ਕਿਸੇ ਜਾਣ ਪਛਾਣ ਵਾਲੇ ਦੇ ਨਾਂ 'ਤੇ ਓਟੀਪੀ ਮੰਗਦੇ ਹਨ। ਕੁਝ ਮਾਮਲਿਆਂ ’ਚ ਫਰਜ਼ੀ ਲਿੰਕ ਭੇਜੇ ਜਾਂਦੇ ਹਨ। ਜਿਵੇਂ ਹੀ ਵਿਅਕਤੀ ਲਿੰਕ 'ਤੇ ਕਲਿੱਕ ਕਰਦਾ ਹੈ ਜਾਂ ਓਟੀਪੀ ਸਾਂਝਾ ਕਰਦਾ ਹੈ, ਵ੍ਹਟਸਐਪ ਖਾਤੇ ਦਾ ਕੰਟਰੋਲ ਹੈਕਰ ਦੇ ਹੱਥ ਚਲਾ ਜਾਂਦਾ ਹੈ। ਕੁਝ ਸਾਈਬਰ ਠੱਗ ਵ੍ਹਟਸਐਪ ਸਪੋਰਟ ਬਣ ਕੇ ਕਾਲ ਕਰਦੇ ਹਨ ਤੇ ਕਹਿੰਦੇ ਹਨ ਕਿ ਖਾਤਾ ਬੰਦ ਹੋਣ ਵਾਲਾ ਹੈ। ਇਸ ਤੋਂ ਬਾਅਦ ਉਹ ਵੈਰੀਫਿਕੇਸ਼ਨ ਕੋਡ ਮੰਗ ਲੈਂਦੇ ਹਨ। ਕੋਡ ਮਿਲਦੇ ਹੀ ਅਸਲੀ ਯੂਜ਼ਰ ਖਾਤੇ ਤੋਂ ਬਾਹਰ ਹੋ ਜਾਂਦਾ ਹੈ ਤੇ ਹੈਕਰ ਅੰਦਰ ਪੁੱਜ ਜਾਂਦਾ ਹੈ। ਹੁਣ ਸਾਈਬਰ ਅਪਰਾਧੀ ਏਆਈ ਆਧਾਰਿਤ ਫਰਜ਼ੀ ਆਵਾਜ਼ ਤੇ ਡੀਪੀ ਦਾ ਵੀ ਉਪਯੋਗ ਕਰਨ ਲੱਗੇ ਹਨ, ਜਿਸ ਨਾਲ ਲੋਕ ਆਸਾਨੀ ਨਾਲ ਧੋਖਾ ਖਾ ਜਾਂਦੇ ਹਨ।
---
*ਜਾਣਿਆ-ਪਛਾਣਿਆ ਨਾਂ ਦੇਖ ਕੇ ਲੋਕ ਕਰ ਲੈਂਦੇ ਹਨ ਭਰੋਸਾ
ਸਾਈਬਰ ਠੱਗ ਸਭ ਤੋਂ ਪਹਿਲਾਂ ਭਰੋਸੇ ਦਾ ਫਾਇਦਾ ਉਠਾਉਂਦੇ ਹਨ। ਜਦੋਂ ਕਿਸੇ ਦੋਸਤ, ਰਿਸ਼ਤੇਦਾਰ, ਡਾਕਟਰ, ਆਗੂ ਜਾਂ ਜਾਣ ਪਛਾਣ ਵਾਲੇ ਦੇ ਨੰਬਰ ਤੋਂ ਮੈਸੇਜ ਆਉਂਦਾ ਹੈ ਤਾਂ ਲੋਕ ਬਿਨਾਂ ਜ਼ਿਆਦਾ ਜਾਂਚ ਕੀਤੇ ਮਦਦ ਲਈ ਤਿਆਰ ਹੋ ਜਾਂਦੇ ਹਨ। ਕਈ ਵਾਰ ਮੈਸੇਜ ’ਚ ਲਿਖਿਆ ਹੁੰਦਾ ਹੈ ਕਿ ਬਹੁਤ ਜ਼ਰੂਰੀ ਕੰਮ ਹੈ, ਹੁਣੇ ਪੈਸੇ ਭੇਜ ਦਿਓ, ਫੋਨ ਕੰਮ ਨਹੀਂ ਕਰ ਰਿਹਾ ਜਾਂ ਐਮਰਜੈਂਸੀ ਹੈ, ਅਜਿਹੇ ਸੰਦੇਸ਼ਾਂ ਨੂੰ ਦੇਖ ਕੇ ਲੋਕ ਭਾਵਨਾਤਮਕ ਤੌਰ ’ਤੇ ਪ੍ਰਭਾਵਿਤ ਹੋ ਜਾਂਦੇ ਹਨ ਤੇ ਤੁਰੰਤ ਪੈਸੇ ਟ੍ਰਾਂਸਫਰ ਕਰ ਦਿੰਦੇ ਹਨ।