ਸੱਪ ਦੇ ਡੰਗਣ ’ਤੇ ਇਕ ਘੰਟੇ ’ਚ ਮਰੀਜ਼ ਨੂੰ ਇਲਾਜ ਮਿਲਣਾ ਚਾਹੀਦੈ : ਸਿਵਲ ਸਰਜਨ
ਸੱਪ ਦੇ ਡੰਗਣ ’ਤੇ ਕੀ ਕਰਨਾ ਚਾਹੀਦਾ! ਸਿਵਲ ਸਰਜਨ ਡਾ. ਰਮਨ ਗੁਪਤਾ ਨੇ ਦਿੱਤੇ ਜਾਨ ਬਚਾਉਣ ਦੇ ਸੁਝਾਅ
Publish Date: Tue, 16 Sep 2025 06:53 PM (IST)
Updated Date: Tue, 16 Sep 2025 06:53 PM (IST)

-ਸਨੇਕ ਬਾਈਟ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਮਨਾਇਆ ਜਾ ਰਿਹਾ ਜਾਗਰੂਕਤਾ ਹਫ਼ਤਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬਰਸਾਤੀ ਮਹੀਨਿਆਂ ਦੌਰਾਨ ਸੱਪ ਦੇ ਡੰਗਣ ਦੇ ਮਾਮਲੇ ਵਧ ਜਾਂਦੇ ਹਨ। ਕਾਰਨ ਸਪੱਸ਼ਟ ਹੈ ਕਿ ਮੀਂਹ ਕਾਰਨ ਸੱਪ ਆਪਣਾ ਨਿਵਾਸ ਸਥਾਨ ਬਦਲ ਕੇ ਮਨੁੱਖੀ ਬਸਤੀਆਂ ਵੱਲ ਆ ਜਾਂਦੇ ਹਨ। ਸੰਪ ਦੇ ਡੰਗਣ ਤੋਂ ਬਚਣ ਦਾ ਸਭ ਤੋਂ ਵੱਡਾ ਇਲਾਜ ਜਾਗਰੂਕਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ (ਕਾਰਜਕਾਰੀ) ਡਾ. ਰਮਨ ਗੁਪਤਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸੱਪ ਦੇ ਡੰਗਣ ਬਾਰੇ ਜਾਗਰੂਕਤਾ ਹਫ਼ਤਾ 15 ਤੋਂ 19 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ। ਡਾ. ਗੁਪਤਾ ਨੇ ਦੱਸਿਆ ਕਿ ਸੱਪ ਦੇ ਡੰਗਣ ’ਤੇ ਲੋਕਾਂ ਦੀ ਪ੍ਰਤੀਕਿਰਿਆ ਸੱਪ ਦੇ ਡੰਗਣ ਨਾਲੋਂ ਜ਼ਿਆਦਾ ਖ਼ਤਰਨਾਕ ਹੁੰਦੀ ਹੈ। ਅੱਜ ਵੀ ਬਹੁਤ ਸਾਰੇ ਲੋਕ ਤਾਂਤਰਿਕਾਂ, ਭੂਤਾਂ-ਪ੍ਰੇਮੀਆਂ ਜਾਂ ਘਰੇਲੂ ਇਲਾਜ ’ਤੇ ਵਿਸ਼ਵਾਸ ਕਰਦੇ ਹਨ। ਇਸ ਪ੍ਰਕਿਰਿਆ ’ਚ ਜ਼ਹਿਰ ਸਰੀਰ ’ਚ ਫੈਲ ਜਾਂਦਾ ਹੈ ਤੇ ਫਿਰ ਇਲਾਜ ਮੁਸ਼ਕਲ ਹੋ ਜਾਂਦਾ ਹੈ। ਜੇਕਰ ਸੱਪ ਦੇ ਡੰਗਣ ਦੇ ਪਹਿਲੇ 60 ਮਿੰਟਾਂ ’ਚ ਇਲਾਜ ਕੀਤਾ ਜਾਵੇ ਤਾਂ ਪੀੜਤ ਦੀ ਜਾਨ ਬਚਾਉਣਾ ਆਸਾਨ ਹੈ। ਸਿਵਲ ਹਸਪਤਾਲ ਦੀ ਐਮਰਜੈਂਸੀ ’ਚ ਸੱਪ ਦੇ ਜ਼ਹਿਰ ਵਿਰੋਧੀ ਟੀਕਿਆਂ ਦਾ ਪੂਰਾ ਸਟਾਕ ਉਪਲੱਬਧ ਹੈ ਤੇ ਸਿਖਲਾਈ ਪ੍ਰਾਪਤ ਡਾਕਟਰ 24 ਘੰਟੇ ਤਾਇਨਾਤ ਹਨ। ਇਸ ਦਾ ਇਲਾਜ ਬਿਲਕੁਲ ਮੁਫ਼ਤ ਹੈ। ਐਂਟੀ-ਵੇਨਮ ਟੀਕਾ ਹੀ ਸਭ ਤੋਂ ਪ੍ਰਭਾਵਸ਼ਾਲੀ ਇਲਾਜ ਹੈ। ਸੱਪ ਦੇ ਡੰਗਣ ਤੇ ਹਰ ਹਾਲਤ ’ਚ ਪਹਿਲਾਂ ਮਰੀਜ਼ ਨੂੰ ਸ਼ਾਂਤ ਕਰਨਾ ਜ਼ਰੂਰੀ ਹੈ। ਡਰ ਦਿਲ ਦੀ ਧੜਕਣ ਨੂੰ ਵਧਾਉਂਦਾ ਹੈ, ਜਿਸ ਕਾਰਨ ਜ਼ਹਿਰ ਪੂਰੇ ਸਰੀਰ ’ਚ ਤੇਜ਼ੀ ਨਾਲ ਫੈਲਦਾ ਹੈ। ਸੱਪ ਤੋਂ ਦੂਰ ਹੋ ਜਾਓ ਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਨਾ ਕਰੋ। ਜ਼ਖ਼ਮ ਨੂੰ ਕੱਸ ਕੇ ਨਾ ਬੰਨ੍ਹੋ, ਕਿਉਂਕਿ ਇਸ ਨਾਲ ਟਿਸ਼ੂ ਨੂੰ ਨੁਕਸਾਨ ਹੋ ਸਕਦਾ ਹੈ। ਕੱਟ ਵਾਲੀ ਥਾਂ ਨੂੰ ਸਾਫ਼ ਕੱਪੜੇ ਨਾਲ ਢੱਕੋ, ਸਪਲਿੰਟ ਦੀ ਮਦਦ ਨਾਲ ਸੱਪ ਦੇ ਡੰਗ ਵਾਲੀ ਥਾਂ ਨੂੰ ਸਥਿਰ ਰਖੋ। ਜਦੋਂ ਸੱਪ ਡੰਗਦਾ ਹੈ ਤਾਂ ਮੂੰਹ ਨਾਲ ਜ਼ਹਿਰ ਨੂੰ ਚੂਸਣ ਦੀ ਕੋਸ਼ਿਸ਼ ਨਾ ਕਰੋ। ਕੋਈ ਸਥਾਨਕ ਦਵਾਈ ਜਾਂ ਜੜੀ-ਬੂਟੀ ਨਾ ਲਗਾਓ। ਬਰਫ਼, ਤੇਲ ਜਾਂ ਗਰਮ ਪਾਣੀ ਦੀ ਵਰਤੋਂ ਨਾ ਕਰੋ। ਆਪਣੇ-ਆਪ ਦਵਾਈ ਨਾ ਲਓ ਤੇ ਘਰੇਲੂ ਇਲਾਜ ’ਚ ਸਮਾਂ ਬਰਬਾਦ ਨਾ ਕਰੋ। ਜਿੰਨੀ ਜਲਦੀ ਹੋ ਸਕੇ ਵਿਅਕਤੀ ਨੂੰ ਨੇੜਲੇ ਹਸਪਤਾਲ ਲੈ ਜਾਓ। --- ਓਜ਼ੋਨ ਪਰਤ ਦੀ ਰੱਖਿਆ ਕਰਨਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਨਾਲ ਹੀ, ਵਿਸ਼ਵ ਓਜ਼ੋਨ ਦਿਵਸ ‘ਤੇ ਡਾ. ਰਮਨ ਗੁਪਤਾ ਨੇ ਲੋਕਾਂ ਨੂੰ ਓਜ਼ੋਨ ਪਰਤ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਓਜ਼ੋਨ ਪਰਤ ਧਰਤੀ ਨੂੰ ਸੂਰਜ ਦੀਆਂ ਹਾਨੀਕਾਰਕ ਅਲਟਰਾ ਵਾਇਲਟ ਕਿਰਨਾਂ ਤੋਂ ਬਚਾਉਂਦੀ ਹੈ ਤੇ ਘੱਟ ਹੋ ਜਾਂਦੀ ਹੈ ਤਾਂ ਚਮੜੀ ਦੇ ਰੋਗ, ਅੱਖਾਂ ਦੀਆਂ ਸਮੱਸਿਆਵਾਂ ਤੇ ਹੋਰ ਗੰਭੀਰ ਬਿਮਾਰੀਆਂ ਵਧ ਸਕਦੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਲੋਰੋ-ਫਲੋਰੋ ਕਾਰਬਨ ਤੇ ਪ੍ਰਦੂਸ਼ਣ ਫੈਲਾਉਣ ਵਾਲੀਆਂ ਰਸਾਇਣਕ ਗੈਸਾਂ ਦੀ ਵਰਤੋਂ ਘਟਾਈ ਜਾਵੇ, ਊਰਜਾ ਦੀ ਬੱਚਤ ਕੀਤੀ ਜਾਵੇ, ਰੁੱਖ ਲਗਾਏ ਜਾਣ, ਵਾਤਾਵਰਨ-ਮਿੱਤਰ ਉਪਕਰਣ ਵਰਤੇ ਜਾਣ ਤੇ ਪਲਾਸਟਿਕ ਦੀ ਵਰਤੋਂ ਘਟਾਈ ਜਾਵੇ।