ਅਮਰੀਕਾ ਟੀਚੇ ਤੋਂ ਦੂਰ,

ਅਮਰੀਕਾ ਟੀਚੇ ਤੋਂ ਦੂਰ, ਈਰਾਨ ਥਕਾਉਣ ਦੀ ਰਣਨੀਤੀ ’ਤੇ
ਅਮਰੀਕਾ-ਇਜ਼ਰਾਈਲ ਫ਼ੌਜੀ ਬੜ੍ਹਤ ਦੇ ਬਾਵਜੂਦ ਟੀਚਾ ਹਾਸਲ ਨਹੀਂ ਕਰ ਸਕੇ
ਲੰਡਨ, ਦਿ ਕਨਵਰਸੇਸ਼ਨ : ਪੱਛਮੀ ਏਸ਼ੀਆ ’ਚ ਪਿਛਲੇ ਡੇਢ ਮਹੀਨੇ ਤੋਂ ਜਾਰੀ ਤਣਾਅ ਹੁਣ ਅਜਿਹੀ ਜੰਗ ਦਾ ਰੂਪ ਧਾਰਦਾ ਜਾ ਰਿਹਾ ਹੈ, ਜਿਸ ਨੂੰ ਫੈਸਲਾਕੁੰਨ ਢੰਗ ਨਾਲ ਜਿੱਤ ਪਾਉਣਾ ਕਿਸੇ ਵੀ ਧਿਰ ਲਈ ਮੁਸ਼ਕਿਲ ਦਿਸ ਰਿਹਾ ਹੈ। ਇਸ ਸੰਘਰਸ਼ ’ਚ ਜਿੱਤ ਦੀ ਪਰਿਭਾਸ਼ਾ ਹੀ ਵੱਖ-ਵੱਖ ਹੈ-ਅਮਰੀਕਾ ਤੇ ਇਜ਼ਰਾਈਲ ਜਿਥੇ ਈਰਾਨ ਦੀ ਪ੍ਰਮਾਣੂ ਸਮਰੱਥਾ ਖਤਮ ਕਰਨ, ਉਸ ਦੀ ਖੇਤਰੀ ਤਾਕਤ ਕਮਜ਼ੋਰ ਕਰਨ ਤੇ ਸੰਭਾਵੀ ਸਿਆਸੀ ਬਦਲਾਅ ਨੂੰ ਟੀਚਾ ਮੰਨਦਾ ਹੈ, ਉਥੇ ਈਰਾਨ ਲਈ ਸਭ ਤੋਂ ਵੱਡੀ ਪਹਿਲ ਆਪਣੀ ਹੋਂਦ ਦੀ ਰੱਖਿਆ ਹੈ। ਇਹੀ ਗੈਰ-ਬਰਾਬਰੀ ਜੰਗ ਦੀ ਦਿਸ਼ਾ ਤੈਅ ਕਰ ਰਹੀ ਹੈ।
ਫ਼ੌਜੀ ਨਜ਼ਰੀਏ ਨਾਲ ਅਮਰੀਕਾ ਤੇ ਇਜ਼ਰਾਈਲ ਦੀ ਬੜ੍ਹਤ ਸਪਸ਼ਟ ਹੈ। ਉਨ੍ਹਾਂ ਨੇ ਸਟੀਕ ਹਮਲਿਆਂ ਰਾਹੀਂ ਈਰਾਨ ਦੀ ਲੀਡਰਸ਼ਿਪ, ਬੁਨਿਆਦੀ ਢਾਂਚੇ ਤੇ ਰਣਨੀਤਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਦੇ ਬਾਵਜੂਦ ਇਨ੍ਹਾਂ ਫ਼ੌਜੀ ਕਾਰਵਾਈਆਂ ਨੂੰ ਠੋਸ ਸਿਆਸੀ ਨਤੀਜਿਆਂ ’ਚ ਬਦਲਣਾ ਹੁਣ ਤੱਕ ਸੰਭਵ ਨਹੀਂ ਹੋ ਸਕਿਆ ਹੈ। ਈਰਾਨ ਦੀ ਸੱਤਾ ਬਰਕਰਾਰ ਹੈ ਤੇ ਉਸ ਦਾ ਫ਼ੌਜੀ ਤੇ ਵਿਚਾਰਕ ਨੈੱਟਵਰਕ ਸਰਗਰਮ ਬਣਿਆ ਹੋਇਆ ਹੈ। ਇਥੋਂ ਤੱਕ ਕਿ ਉਸ ਦੀਆਂ ਸੰਵਦੇਨਸ਼ੀਲ ਸਮਰਥਾਵਾਂ ਜਿਵੇਂ ਪ੍ਰਮਾਣੂ ਮੁਹਾਰਤ ਵੀ ਬਰਕਰਾਰ ਹੈ।
ਮਾਹਰਾਂ ਅਨੁਸਾਰ ਇਸ ਜੰਗ ਨੂੰ ਸਮਝਨ ’ਚ ਸਭ ਤੋਂ ਵੱਡੀ ਭੁੱਲ ਇਹ ਰਹੀ ਕਿ ਈਰਾਨ ਦੇ ਟੀਚੇ ਵੀ ਅਮਰੀਕਾ ਵਰਗੇ ਮੰਨੇ ਗਏ। ਜਦਕਿ ਈਰਾਨ ਸਿੱਧੀ ਜਿੱਤ ਦੀ ਬਜਾਇ ਆਪਣੇ ਵਿਰੋਧੀਆਂ ਨੂੰ ਲੰਬੇ ਸਮੇਂ ਤੱਕ ਉਲਝਾਏ ਰੱਖਣ ਦੀ ਰਣਨੀਤੀ ’ਤੇ ਕੰਮ ਕਰ ਰਿਹਾ ਹੈ। ਉਹ ਲਾਗਤ ਵਧਾ ਕੇ ਮਕਸਦਾਂ ਨੂੰ ਗੁੰਝਲਦਾਰ ਬਣਾ ਕੇ ਸੰਘਰਸ਼ ਨੂੰ ਇੰਨਾ ਮਹਿੰਗਾ ਕਰਨਾ ਚਾਹੁੰਦਾ ਹੈ ਕਿ ਵਿਰੋਧੀ ਉਸ ਨੂੰ ਜਾਰੀ ਰੱਖਣ ’ਚ ਅਸਮਰਥ ਹੋ ਜਾਣ। ਸੰਘਰਸ਼ ਹੁਣ ਰਵਾਇਤੀ ਜੰਗ ਖੇਤਰ ਤੋਂ ਅੱਗੇ ਵਧ ਕੇ ਸਮੁੰਦਰੀ ਮਾਰਗਾਂ, ਊਰਜਾ ਬਾਜ਼ਾਰਾਂ ਤੇ ਖੇਤਰੀ ਗੱਠਜੋੜਾਂ ਤੱਕ ਫੈਲ ਚੁੱਕਾ ਹੈ। ਹੋਰਮੁਜ਼ ਸਟ੍ਰੇਟ ’ਚ ਰੁਕਾਵਟ ਸਿਰਫ ਫ਼ੌਜੀ ਕਾਰਵਾਈ ਨਹੀਂ ਸਗੋਂ ਆਲਮੀ ਦਬਾਅ ਦੇ ਸ੍ਰੋਤ ਬਣ ਚੁੱਕੇ ਹਨ।
ਹਾਲਾਤ ਦੇ ਰੁਕਾਵਟ ’ਚ ਫਸਨ ’ਤੇ ਆਮ ਤੌਰ ’ਤੇ ਫ਼ੌਜੀ ਦਸਤਿਆਂ ਨੂੰ ਵਧਾਉਣ ਦਾ ਰੁਝਾਨ ਦੇਖਿਆ ਜਾਂਦਾ ਹੈ ਪਰ ਇਹ ਰਣਨੀਤੀ ਜ਼ੋਖਮ ਭਰੀ ਹੋ ਸਕਦੀ ਹੈ। ਈਰਨਾ ਪਹਿਲਾਂ ਹੀ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਕਤਰ, ਕੁਵੈਤ, ਬਹਿਰੀਨ, ਓਮਾਨ, ਜਾਰਡਨ ਤੇ ਇਰਾਕ ਤੱਕ ਜਵਾਬੀ ਕਾਰਵਾਈ ਦੀ ਸਮਰਥਾ ਤੇ ਮਣਸ਼ਾ ਦਿਖਾ ਚੁੱਕਾ ਹੈ। ਅਜਿਹੇ ’ਚ ਊਰਜਾ ਢਾਂਚਿਆਂ ’ਤੇ ਹਮਲੇ ਵਿਆਪਕ ਖੇਤਰੀ ਸੰਘਰਸ਼ ਨੂੰ ਜਨਮ ਦੇ ਸਕਦੇ ਹਨ। ਇਕ ਹੋਰ ਚੁਣੌਤੀ ਸ੍ਰੋਤਾਂ ਦੀ ਹੈ। ਸਮੀਖਿਆਕਾਰਾਂ ਅਨੁਸਾਰ ਅਮਰੀਕਾ ਆਪਣੇ ਮਿਜ਼ਾਈਲ ਭੰਡਾਰ ਦਾ ਵੱਡਾ ਹਿੱਸਾ ਪਹਿਲਾਂ ਹੀ ਇਸਤੇਮਾਲ ਕਰ ਚੁੱਕਾ ਹੈ, ਜਿਸ ਨਾਲ ਲੰਬੀ ਜੰਗ ਦੀ ਸਮਰਥਾ ’ਤੇ ਸਵਾਲ ਉੱਠ ਰਹੇ ਹਨ। ਇਸ ਸਥਿਤੀ ’ਚ ਸੰਘਰਸ਼ ਨੂੰ ਵਧਾਉਣਾ ਸਿਰਫ ਸਿਆਸੀ ਇੱਛਾ ਸ਼ਕਤੀ ਨਹੀਂ ਸਗੋਂ ਫ਼ੌਜੀ ਸ੍ਰੋਤਾਂ ’ਤੇ ਵੀ ਨਿਰਭਰ ਕਰਦਾ ਹੈ।
ਜੰਗ ਦੇ ਅਸਰ ਹੱਦਾਂ ਤੋਂ ਪਾਰ ਜਾ ਸਕਦੇ ਹਨ। ਖੇਤਰੀ ਹਮਲਿਆਂ ਨਾਲ ਬਿਜਲੀ, ਈਂਧਣ ਤੇ ਜਲ ਸਪਲਾਈ ’ਤੇ ਅਸਰ ਪਾ ਸਕਦਾ ਹੈ, ਜਿਸ ਨਾਲ ਵੱਡੇ ਪੱਧਰ ’ਤੇ ਹਿਜਰਤ ਤੇ ਮਨੁੱਖੀ ਸੰਕਟ ਦਾ ਖ਼ਤਰਾ ਪੈਦਾ ਹੋਵੇਗਾ।
ਦੂਰ-ਦੂਰ ਤੱਕ ਨਹੀਂ ਦਿਸਦਾ ਨਤੀਜਾ
ਇਹ ਜੰਗ ਹੁਣ ਫੈਸਲਾਕੁੰਨ ਅੰਤ ਵੱਲ ਵਧਣ ਦੀ ਬਜਾਇ ਇਕ ਚੱਕਰ ’ਚ ਫਸਦੀ ਦਿਸ ਰਹੀ ਹੈ-ਹਮਲੇ, ਅਸਥਾਈ ਰੋਕ, ਅਸਥਿਰ ਜੰਗਬੰਦੀ ਤੇ ਅਧੂਰੀਆਂ ਮੀਟਿੰਗਾਂ। ਜੰਗਬੰਦੀ ਦਾ ਵਾਰ-ਵਾਰ ਵਿਸਤਾਰ ਤਰੱਕੀ ਦਾ ਨਹੀਂ ਸਗੋਂ ਮਜਬੂਰੀ ਦਾ ਸੰਕੇਤ ਹੈ। ਡੋਨਾਲਡ ਟਰੰਪ ਦੀ ਅਗਵਾਈ ’ਚ ਅਮਰੀਕਾ ਦੇ ਸਾਹਮਣੇ ਜੰਗ ਨੂੰ ਸੀਮਿਤ ਰੱਖਣ ਤੇ ਗੱਲਬਾਤ ਜਾਰੀ ਰੱਖਣ ਦੀ ਮਜਬੂਰੀ ਹੈ ਕਿਉਂਕਿ ਵਿਆਪਕ ਖੇਤਰੀ ਜੰਗ ਜਾਂ ਆਲਮੀ ਆਰਥਿਕ ਸੰਕਟ ਦਾ ਖ਼ਦਸਾ ਕਿਤੇ ਜ਼ਿਆਦਾ ਗੰਭੀਰ ਹੈ। ਇਹ ਸਥਿਤੀ ਈਰਾਨ ਦੇ ਹੱਕ ’ਚ ਜਾਂਦੀ ਦਿਸਦੀ ਹੈ ਕਿਉਂਕਿ ਸਮੇਂ ਬੀਤਣ ਦੇ ਨਾਲ ਉਸ ਦੀ ਰਣਨੀਤਿਕ ਸਥਿਤੀ ਮਜ਼ਬੂਤ ਹੁੰਦੀ ਹੈ।
ਊਰਜਾ ਸਪਲਾਈ ’ਤੇ ਨਿਰਭਰ ਆਲਮੀ ਉਦਯੋਗ-ਜਿਵੇਂ ਹਵਾਬਾਜ਼ੀ, ਜਹਾਜ਼ਰਾਨੀ ਤੇ ਵਿਨਿਰਮਾਣ-ਤੇਜ਼ੀ ਨਾਲ ਜ਼ੋਖਮ ’ਚ ਆ ਰਹੇ ਹਨ। ਥੋੜੀ ਜਿਹੀ ਰੁਕਾਵਟ ਵੀ ਆਲਮੀ ਸਪਲਾਈ ਲੜੀਆਂ, ਕੀਮਤਾਂ ਤੇ ਸਿਆਸਤੀ ਸਥਿਰਤਾ ’ਤੇ ਵਿਆਪਕ ਅਸਰ ਪਾ ਸਕਦੀ ਹੈ।