ਜਾਸ, ਜਲੰਧਰ : ਸ਼ਹਿਰ

ਜਾਸ, ਜਲੰਧਰ : ਸ਼ਹਿਰ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਹਰੇਕ ਵਿਅਕਤੀ ਨਾਲ ਜੁੜਿਆ ਸਰਫੇਸ ਵਾਟਰ ਪ੍ਰੋਜੈਕਟ ਇਸ ਸਾਲ ਦੇ ਅਖੀਰ ਤੱਕ ਪੂਰਾ ਹੋਣ ਦੀ ਉਮੀਦ ਹੈ। ਕਈ ਕਾਰਨਾਂ ਕਰਕੇ ਦੇਰੀ ਨਾਲ ਚੱਲ ਰਿਹਾ ਪ੍ਰੋਜੈਕਟ ਹੁਣ ਅਖਰੀਲੇ ਪੜਾਅ ’ਚ ਪੁੱਜ ਗਿਆ ਹੈ ਤੇ ਉਮੀਦ ਹੈ ਕਿ ਦਸੰਬਰ 2026 ਤੱਕ ਸ਼ਹਿਰ ’ਚ 24 ਘੰਟੇ ਨਹਿਰੀ ਪਾਣੀ ਦੀ ਸਪਲਾਈ ਸ਼ੁਰੂ ਹੋ ਜਾਵੇਗੀ। ਸ਼ਹਿਰ ’ਚ 97 ਕਿੱਲੋਮੀਟਰ ਵਿੱਚੋਂ 70 ਕਿੱਲੋਮੀਟਰ ਪਾਈਪਲਾਈਨ ਵਿਛਾਈ ਜਾ ਚੁੱਕੀ ਹੈ, ਜਦੋਂਕਿ ਆਦਮਪੁਰ ਦੇ ਪਿੰਡ ਜਗਰਾਵਾਂ ’ਚ ਵਾਟਰ ਟ੍ਰੀਟਮੈਂਟ ਪਲਾਂਟ ਦਾ 90 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ। ਅਗਲੇ ਇਕ ਮਹੀਨੇ ’ਚ ਮਸ਼ੀਨਰੀ ਸਥਾਪਤ ਕਰਨ ਦਾ ਕੰਮ ਪੂਰਾ ਹੋ ਜਾਵੇਗਾ। ਜੁਲਾਈ ਮਹੀਨੇ ਤੋਂ ਨਹਿਰ ’ਚ ਨਿਯਮਿਤ ਪਾਣੀ ਆਉਣ ਮਗਰੋਂ ਪਲਾਂਟ ’ਚ ਪਾਣੀ ਦੀ ਟੈਸਟਿੰਗ ਸ਼ੁਰੂ ਹੋ ਜਾਵੇਗੀ।
ਸ਼ਹਿਰ ’ਚ ਪਾਣੀ ਦੀ ਸਪਲਾਈ ਲਈ ਪੰਜ ਅੰਡਰਗ੍ਰਾਊਂਡ ਵਾਟਰ ਟੈਂਕ ਬਣਾਏ ਜਾ ਰਹੇ ਹਨ। ਇਨ੍ਹਾਂ ਵਿੱਚੋਂ ਚਾਰ ਅੰਡਰਗ੍ਰਾਊਂਡ ਵਾਟਰ ਟੈਂਕ ਬਲਟਰਨ ਪਾਰਕ, ਫੋਕਲ ਪੁਆਇੰਟ, ਮਾਡਲ ਟਾਊਨ ਸ਼ਮਸ਼ਾਨਘਾਟ ਰੋਡ ’ਤੇ ਢਿੱਲਵਾਂ ਦਾ ਕੰਮ ਅਗਲੇ ਦੋ ਮਹੀਨਿਆਂ ’ਚ ਪੂਰਾ ਹੋ ਜਾਵੇਗਾ। ਸੂਰਿਆ ਇਨਕਲੇਵ ਦੇ ਅੰਡਰਗ੍ਰਾਊਂਡ ਵਾਟਰ ਟੈਂਕ ਦਾ ਕੰਮ ਦਸੰਬਰ ਤੱਕ ਪੂਰਾ ਹੋਣ ਦੀ ਉਮੀਦ ਹੈ। ਇਸ ਤਰ੍ਹਾਂ ਦਸੰਬਰ-ਜਨਵਰੀ ’ਚ ਲੋਕਾਂ ਨੂੰ ਪੀਣ ਲਈ 24 ਘੰਟੇ ਨਹਿਰੀ ਪਾਣੀ ਦੀ ਸਪਲਾਈ ਮਿਲਣੀ ਸ਼ੁਰੂ ਹੋ ਜਾਵੇਗੀ।
ਐੱਸਡੀਓ ਪਦਮਜੀਤ ਸਿੰਘ ਨੇ ਦੱਸਿਆ ਕਿ ਮਸ਼ੀਨਰੀ ਸਥਾਪਤ ਕਰਨ ਦਾ ਕੰਮ ਅਖਰੀਲੇ ਪੜਾਅ ’ਚ ਹੈ। ਲੋਕਾਂ ਨੂੰ ਇਸ ਯੋਜਨਾ ਤੋਂ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਇਸ ਸਮੇਂ ਸ਼ਹਿਰ ਦੇ ਕਈ ਇਲਾਕਿਆਂ ’ਚ ਪਾਣੀ ਦੀ ਸਪਲਾਈ ਕੁਝ ਘੰਟਿਆਂ ਲਈ ਹੀ ਹੁੰਦੀ ਹੈ ਤੇ ਲੋਅ ਪ੍ਰੈੱਸ਼ਰ ਦੀਆਂ ਸ਼ਿਕਾਇਤਾਂ ਆਮ ਹਨ। 24 ਘੰਟੇ ਦੀ ਸਪਲਾਈ ਸ਼ੁਰੂ ਹੋਣ ਨਾਲ ਲੋਕਾਂ ਨੂੰ ਪਾਣੀ ਸਟੋਰ ਕਰਨ ਦੀ ਜ਼ਰੂਰਤ ਨਹੀਂ ਰਹੇਗੀ ਤੇ ਪਾਣੀ ਦੀ ਕਿੱਲਤ ਦੀਆਂ ਸ਼ਿਕਾਇਤਾਂ ਵੀ ਦੂਰ ਹੋ ਜਾਣਗੀਆਂ। ਸਮਾਰਟ ਸਿਟੀ ਮਿਸ਼ਨ ਦੇ ਫੰਡ ਨਾਲ ਨਗਰ ਨਿਗਮ ਨੇ ਇਹ ਪ੍ਰੋਜੈਕਟ ਤਿਆਰ ਕੀਤਾ ਹੈ ਤੇ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਇਸ ਦੀ ਨੋਡਲ ਏਜੰਸੀ ਹੈ। ਲਾਰਸਨ ਐਂਡ ਟੁਰਬੋ ਕੰਪਨੀ ਇਸ ਪ੍ਰੋਜੈਕਟ ਦੀ ਠੇਕੇਦਾਰ ਹੈ।
ਸੀਵਰੇਜ ਬੋਰਡ ਦੇ ਐੱਸਡੀਓ ਪਦਮਜੀਤ ਸਿੰਘ ਨੇ ਕਿਹਾ ਕਿ ਜੁਲਾਈ ’ਚ ਟੈਸਟਿੰਗ ਮਗਰੋਂ ਹੌਲੀ-ਹੌਲੀ ਪੂਰੇ ਸ਼ਹਿਰ ’ਚ 24 ਘੰਟੇ ਦੀ ਸਪਲਾਈ ਲਾਗੂ ਕੀਤੀ ਜਾਵੇਗੀ। ਪਹਿਲਾਂ ਉਨ੍ਹਾਂ ਇਲਾਕਿਆਂ ’ਚ ਸਪਲਾਈ ਸ਼ੁਰੂ ਹੋਵੇਗੀ, ਜਿੱਥੇ ਮੇਨ ਪਾਈਪਲਾਈਨ ਤੇ ਟੈਂਕ ਕੁਨੈਕਸ਼ਨ ਦਾ ਕੰਮ ਪੂਰਾ ਹੋ ਚੁੱਕਾ ਹੈ। ਬਾਅਦ ’ਚ ਬਾਕੀ ਇਲਾਕਿਆਂ ਨੂੰ ਵੀ ਇਸ ਸਿਸਟਮ ਨਾਲ ਜੋੜਿਆ ਜਾਵੇਗਾ। ਇਹ ਪ੍ਰੋਜੈਕਟ ਲਗਪਗ 3 ਸਾਲ ਦੀ ਦੇਰੀ ਨਾਲ ਚੱਲ ਰਿਹਾ ਹੈ। ਇਹ ਪ੍ਰੋਜੈਕਟ ਚੋਣਾਂ ਮਗਰੋਂ ਕੰਮ ਪ੍ਰਭਾਵਿਤ ਹੋਣ ਤੇ ਮੌਨਸੂਨ ’ਚ ਸੜਕ ਦੀ ਪੁਟਾਈ ਰੋਕਣ ਕਾਰਨ ਕਈ ਵਾਰੀ ਰੁਕਿਆ। ਵੱਧ ਟ੍ਰੈਫਿਕ ਵਾਲੇ ਇਲਾਕਿਆਂ ’ਚ ਰਾਤ ਵੇਲੇ ਸੀਮਿਤ ਕੰਮ ਹੋਇਆ। ਪਾਈਪਲਾਈਨ ਵਿਛਾਉਣ ਤੇ ਵਾਟਰ ਟੈਂਕ ਬਣਾਉਣ ਲਈ ਵਿਭਾਗਾਂ ਤੋਂ ਪ੍ਰਵਾਨਗੀ ਮਿਲਣ ’ਚ ਦੇਰੀ ਕਾਰਨ ਵੀ ਕੰਮ ਰੁਕਿਆ।
---
ਪ੍ਰੋਜੈਕਟ ਸ਼ੁਰੂ ਹੋਣ ’ਤੇ ਬੰਦ ਹੋਣਗੇ 90 ਫ਼ੀਸਦੀ ਟਿਊਬਵੈੱਲ
ਸ਼ਹਿਰ ’ਚ ਇਸ ਸਮੇਂ ਕਰੀਬ 700 ਟਿਊਬਵੈੱਲਾਂ ਰਾਹੀਂ ਪਾਣੀ ਦੀ ਸਪਲਾਈ ਹੋ ਰਹੀ ਹੈ। ਸਰਫੇਸ ਵਾਟਰ ਪ੍ਰੋਜੈਕਟ ਤੋਂ ਜਦੋਂ ਪਾਣੀ ਦੀ ਸਪਲਾਈ ਸ਼ੁਰੂ ਹੋਵੇਗੀ ਤਾਂ ਕਰੀਬ 90 ਫ਼ੀਸਦੀ ਟਿਊਬਵੈੱਲ ਬੰਦ ਹੋ ਜਾਣਗੇ। ਸਿਰਫ 70 ਤੋਂ 80 ਟਿਊਬਵੈੱਲ ਹੀ ਚਾਲੂ ਹਾਲਾਤ ’ਚ ਰਹਿਣਗੇ ਤਾਂ ਜੋ ਹੰਗਾਮੀ ਹਾਲਾਤ ’ਚ ਪਾਣੀ ਦੀ ਸਪਲਾਈ ਹੁੰਦੀ ਰਹੇ। ਟਿਊਬਵੈੱਲ ਬੰਦ ਹੋਣ ਨਾਲ ਧਰਤੀ ਹੇਠਲਾ ਪਾਣੀ ਬਚੇਗਾ ਤੇ ਵਾਟਰ ਲੈਵਲ ਉੱਪਰ ਆਵੇਗਾ। ਸ਼ਹਿਰ ’ਚ ਰੋਜ਼ਾਨਾ ਕਰੀਬ 300 ਐੱਮਐੱਲਡੀ ਯਾਨੀ ਕਿ ਕਰੀਬ 30 ਕਰੋੜ ਲੀਟਰ ਪਾਣੀ ਲੋਕਾਂ ਨੂੰ ਸਪਲਾਈ ਕੀਤਾ ਜਾ ਰਿਹਾ ਹੈ। ਇਸ ਨਾਲ ਸ਼ਹਿਰਾਂ ਵਿਚ ਵਾਟਰ ਲੈਵਲ ਖਤਰਨਾਕ ਪੱਧਰ ਤੱਕ ਹੇਠਾਂ ਚਲਾ ਗਿਆ ਹੈ।
---
6 ਮਹੀਨਿਆਂ ’ਚ ਪੂਰਾ ਕਰਨ ਦਾ ਟੀਚਾ
ਮੇਅਰ ਵਨੀਤ ਧੀਰ ਨੇ ਕਿਹਾ ਕਿ ਸਰਫੇਸ ਵਾਟਰ ਪ੍ਰੋਜੈਕਟ ਸ਼ਹਿਰ ਲਈ ਬਹੁਤ ਮਹੱਤਵਪੂਰਨ ਹੈ। ਪਿਛਲੇ ਇਕ ਸਾਲ ਵਿਚ ਇਸ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਬਾਕੀ ਕੰਮ ਚਾਰ ਤੋਂ ਪੰਜ ਮਹੀਨਿਆਂ ’ਚ ਪੂਰਾ ਕਰਾਂਗੇ ਅਤੇ ਦਸੰਬਰ ਤੱਕ ਪਾਣੀ ਦੀ ਸਪਲਾਈ ਯਕੀਨੀ ਬਣਾਵਾਂਗੇ। ਧਰਤੀ ਹੇਠਲਾ ਪਾਣੀ ਬਚਾਉਣ ਲਈ ਇਸ ਨੂੰ ਜਲਦੀ ਸ਼ੁਰੂ ਕਰਨਾ ਜ਼ਰੂਰੀ ਹੈ। ਲੋਕਾਂ ਨੂੰ ਵੀ ਸਾਫ ਪਾਣੀ ਮਿਲੇਗਾ। ਇਸ ਦੀ ਲਗਾਤਾਰ ਮਾਨੀਟਰਿੰਗ ਕੀਤੀ ਜਾ ਰਹੀ ਹੈ।