ਲੋਕਾਂ ਨੇ ਟੈਂਕਰਾਂ 'ਤੇ

ਲੋਕਾਂ ਨੇ ਟੈਂਕਰਾਂ 'ਤੇ ਨਿਰਭਰਤਾ ਵਧਾਈ
ਜਾਗਰਣ ਸੰਵਾਦਦਾਤਾ, ਜਲੰਧਰ
ਗਰਮੀ ਦੇ ਮੌਸਮ ’ਚ ਸ਼ਹਿਰ ਦੇ ਕਈ ਇਲਾਕਿਆਂ ਵਿਚ ਪਾਣੀ ਦੀ ਕਮੀ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਤੇ ਟਿਊਬਵੈੱਲ ਨਾ ਚੱਲਣ ਕਾਰਨ ਪਾਣੀ ਦੀ ਸਪਲਾਈ ਰੁਕੀ ਹੋਈ ਹੈ ਤੇ ਕਿਤੇ ਪੁਰਾਣੇ ਹੋ ਚੁੱਕੇ ਹਨ। ਕੁਝ ਟਿਊਬਵੈੱਲ ਤਾਂ ਅਜਿਹੇ ਹਨ ਜੋ ਗੰਦੇ ਪਾਣੀ ਦੀ ਸਪਲਾਈ ਕਰ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਟੈਂਕਰਾਂ ਰਾਹੀਂ ਪਾਣੀ ਮੰਗਵਾਉਣਾ ਪੈ ਰਿਹਾ ਹੈ। ਵਾਰਡ ਨੰਬਰ 1 ਦੀ ਇੰਦਰਾ ਕਾਲੋਨੀ, ਨਿਊ ਇੰਦਰਾ ਕਾਲੋਨੀ, ਕਾਲਾ ਸੰਘਿਆ ਰੋਡ 'ਤੇ ਨਿਊ ਗੀਤਾ ਕਾਲੋਨੀ, ਸੰਤੋਖਪੁਰਾ, ਕਿਸ਼ਨਪੁਰਾ, ਗਦਈਪੁਰ, ਭਾਰਗੋ ਕੈਂਪ, ਰਾਮਾ ਮੰਡੀ ਇਲਾਕੇ ਤੇ ਵਾਰਡ ਨੰਬਰ 2 ਦੀਆਂ ਕਈ ਕਾਲੋਨੀਆਂ ’ਚ ਪਾਣੀ ਦੀ ਕਮੀ ਹੈ। ਸ਼ਹਿਰ ਦੇ ਕਈ ਇਲਾਕਿਆਂ ’ਚ ਨਵੇਂ ਟਿਊਬਵੈੱਲ ਤਾਂ ਲੱਗ ਗਏ ਹਨ ਪਰ ਨਿਗਮ ਨੂੰ ਅਜੇ ਤੱਕ ਬਿਜਲੀ ਦਾ ਕੁਨੈਕਸ਼ਨ ਨਹੀਂ ਮਿਲਿਆ, ਜਿਸ ਨਾਲ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਇੰਦਰਾ ਕਾਲੋਨੀ ’ਚ ਲੋਕਾਂ ਨੇ ਕਈ ਵਾਰੀ ਇਸ ਮਾਮਲੇ ਨੂੰ ਉਠਾਇਆ ਹੈ ਪਰ ਪਾਣੀ ਦੀ ਸਪਲਾਈ ਸੁਚਾਰੂ ਨਹੀਂ ਹੋ ਰਹੀ। ਲੋਕਾਂ ਦੇ ਵਾਰ-ਵਾਰ ਦੇ ਧਰਨਿਆਂ ਮਗਰੋਂ ਇਲਾਕੇ ’ਚ ਦੂਜੀ ਕਾਲੋਨੀ ਤੋਂ ਪਾਣੀ ਦੀ ਸਪਲਾਈ ਸ਼ੁਰੂ ਹੋਈ ਪਰ ਹਾਲੇ ਵੀ ਟੈਂਕਰ ਦੀ ਜ਼ਰੂਰਤ ਹੈ। ਨਿਊ ਇੰਦਰਾ ਕਾਲੋਨੀ ’ਚ ਟਿਊਬਵੈੱਲ ਲੱਗੇ ਨੂੰ ਲਗਪਗ ਇਕ ਸਾਲ ਹੋ ਗਿਆ ਹੈ ਪਰ ਅਜੇ ਤੱਕ ਬਿਜਲੀ ਦਾ ਕੁਨੈਕਸ਼ਨ ਨਹੀਂ ਮਿਲਿਆ। ਇਸੇ ਤਰ੍ਹਾਂ ਦੇ ਹਾਲਾਤ ਹੋਰ ਕਈ ਇਲਾਕਿਆਂ ’ਚ ਵੀ ਹੈ। ਟਿਊਬਵੈੱਲਾਂ ਦੀ ਖਰਾਬੀ, ਗੰਦੇ ਪਾਣੀ ਦੀ ਸਪਲਾਈ ਤੇ ਨਿਗਮ ਦੀ ਲਾਪਰਵਾਹੀ ਕਾਰਨ ਲੋਕਾਂ ਦਾ ਗੁੱਸਾ ਵੱਧ ਰਿਹਾ ਹੈ। ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਨਿਗਮ ਜੰਗੀ ਪੱਧਰ 'ਤੇ ਟਿਊਬਵੈੱਲਾਂ ਦੀ ਮੁਰੰਮਤ ਕਰੇ ਤੇ ਨਿਯਮਿਤ ਸਪਲਾਈ ਯਕੀਨੀ ਬਣਾਏ। ਸ਼ਹਿਰ ’ਚ ਪਾਣੀ ਦੀ ਸਪਲਾਈ 700 ਟਿਊਬਵੈੱਲਾਂ ਰਾਹੀਂ ਕੀਤੀ ਜਾ ਰਹੀ ਹੈ। ਹਰ ਸਾਲ 10 ਤੋਂ 15 ਫ਼ੀਸਦੀ ਟਿਊਬਵੈੱਲ ਬਦਲਣ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਪਾਣੀ ਦਾ ਪੱਧਰ ਹੇਠਾਂ ਚਲਾ ਜਾਂਦਾ ਹੈ ਤੇ ਟਿਊਬਵੈੱਲ ਵੀ ਖਰਾਬ ਹੋਣ ਲੱਗਦੇ ਹਨ। ਇਸ ਕਾਰਨ ਨਿਗਮ ਟਿਊਬਵੈੱਲ ਬਦਲਣ ਲਈ ਟੈਂਡਰ ਲਾਉਂਦਾ ਹੈ ਪਰ ਨਿਗਮ ਦੇ ਅਧਿਕਾਰੀਆਂ ਤੇ ਠੇਕੇਦਾਰਾਂ ਦੀ ਲਾਪਰਵਾਹੀ ਕਾਰਨ ਟਿਊਬਵੈੱਲ ਲਾਉਣ ’ਚ ਦੇਰੀ ਹੁੰਦੀ ਹੈ। ਲਗਪਗ 20 ਟਿਊਬਵੈੱਲ ਅਜਿਹੇ ਹਨ ਜੋ ਲਾਏ ਜਾ ਚੁੱਕੇ ਹਨ ਪਰ ਕਈ ਮਹੀਨਿਆਂ ਤੋਂ ਬਿਜਲੀ ਦਾ ਕੁਨੈਕਸ਼ਨ ਨਹੀਂ ਮਿਲਿਆ। ਇਸੇ ਤਰ੍ਹਾਂ 25 ਦੇ ਕਰੀਬ ਟਿਊਬਵੈੱਲ ਲਗਾਉਣ ’ਚ ਦੇਰੀ ਹੋ ਰਹੀ ਹੈ। ਇਹ ਟਿਊਬਵੈੱਲ ਮਾਰਚ ਮਹੀਨੇ ਤੱਕ ਲੱਗ ਜਾਣੇ ਚਾਹੀਦੇ ਸਨ ਪਰ ਹਾਲੇ ਤੱਕ ਇਨ੍ਹਾਂ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਅਜਿਹੇ ਹਾਲਾਤ ’ਚ ਜਿਨ੍ਹਾਂ ਇਲਾਕਿਆਂ ’ਚ ਟਿਊਬਵੈੱਲ ਪਾਸ ਵੀ ਹਨ, ਉਨ੍ਹਾਂ ’ਚ ਪਾਣੀ ਦੀ ਕਮੀ ਜਾਰੀ ਰਹੇਗੀ।
---
ਇਨ੍ਹਾਂ ਕਾਰਨਾਂ ਕਰ ਕੇ ਪ੍ਰਭਾਵਿਤ ਹੁੰਦੀ ਹੈ ਪਾਣੀ ਦੀ ਸਪਲਾਈ
-ਕਈ ਪੁਰਾਣੇ ਟਿਊਬਵੈੱਲਾਂ ਦੀ ਸਮਰੱਥਾ ਘੱਟ ਹੋ ਚੁੱਕੀ ਹੈ
-ਕੁਝ ਨਵੇਂ ਟਿਊਬਵੈੱਲਾਂ ਨੂੰ ਬਿਜਲੀ ਦਾ ਕੁਨੈਕਸ਼ਨ ਨਹੀਂ ਮਿਲਿਆ
- ਲੋ-ਵੋਲਟੇਜ ਤੇ ਬਿਜਲੀ ਕੱਟ ਕਾਰਨ ਟਿਊਬਵੈੱਲ ਨਹੀਂ ਚੱਲ ਰਹੇ
- ਗਰਮੀ ’ਚ ਪਾਣੀ ਦੀ ਮੰਗ ਵੱਧਣ ਕਾਰਨ ਕਈ ਇਲਾਕਿਆਂ ’ਚ ਦਬਾਅ ਘੱਟ
- ਕਈ ਨਵੇਂ ਟਿਊਬਵੈੱਲ ਲਾਉਣ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ
---
ਨਿਊ ਗੀਤਾ ਕਾਲੋਨੀ ’ਚ ਗੰਦੇ ਪਾਣੀ ਦੀ ਸਪਲਾਈ
ਵਾਰਡ ਨੰਬਰ 51 ਦੀ ਨਿਊ ਗੀਤਾ ਕਾਲੋਨੀ ’ਚ ਵੀ ਹਾਲਾਤ ਖਰਾਬ ਹਨ। ਇੱਥੇ ਕਈ ਦਿਨਾਂ ਤੋਂ ਟੂਟੀਆਂ ’ਚ ਗੰਦਾ ਪਾਣੀ ਆ ਰਿਹਾ ਸੀ। ਪੀਣ ਵਾਲੇ ਪਾਣੀ ਨੂੰ ਲੋਕ ਤਰਸ ਗਏ ਹਨ। ਹੁਣ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਸ਼ੁਰੂ ਕੀਤੀ ਗਈ ਹੈ ਪਰ ਇਸ ਵਿਚ ਵੀ ਭਾਜਪਾ ਕੌਂਸਲਰ ਤੇ ‘ਆਪ’ ਆਗੂ ਵਿਚਾਲੇ ਸਿਹਰਾ ਲੈਣ ਲਈ ਜੰਗ ਛਿੜ ਗਈ ਹੈ। ਕਾਲੋਨੀ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਨਾਲ ਬਿਮਾਰੀ ਫੈਲਣ ਦਾ ਖ਼ਤਰਾ ਹੈ। ਇਸ ਵੇਲੇ ਟੈਂਕਰ ਹੀ ਇਕਲੌਤਾ ਸਹਾਰਾ ਹਨ।
---
ਪ੍ਰਭਾਵਿਤ ਇਲਾਕੇ
ਬਸਤੀ ਪੀਰਦਾਦ, ਬਸਤੀ ਸ਼ੇਖ ਇਲਾਕਾ, ਭਾਰਗੋ ਕੈਂਪ, ਕਿਸ਼ਨਪੁਰਾ, ਲੰਮਾ ਪਿੰਡ, ਗੁਰੂ ਨਾਨਕ ਪੁਰਾ, ਰਾਮਾ ਮੰਡੀ, ਗੜ੍ਹਾ, ਨਿਊ ਜਵਾਹਰ ਨਗਰ ਦੇ ਕੁਝ ਹਿੱਸੇ, ਬਸਤੀ ਗੁਜਾਂ, ਵਡਾਲਾ ਚੌਕ ਦੇ ਆਸ-ਪਾਸ ਦੀਆਂ ਕਾਲੋਨੀਆਂ, ਸੰਤੋਖਪੁਰਾ, ਮਿੱਠਾਪੁਰ, ਗੁਰੂ ਅਮਰਦਾਸ ਨਗਰ, ਕੈਂਟ ਖੇਤਰ ਦੇ ਨਿਗਮ ਦੀ ਹੱਦ ਵਿਚਲੇ ਇਲਾਕੇ।