ਨਿਊ ਇੰਦਰਾ ਕਾਲੋਨੀ ’ਚ ਪਾਣੀ ਦੀ ਕਿੱਲਤ, ਟਿਊਬਵੈੱਲ 11 ਮਹੀਨਿਆਂ ਤੋਂ ਬੰਦ
ਨਿਊ ਇੰਦਰਾ ਕਾਲੋਨੀ ’ਚ ਪਾਣੀ ਦੀ ਕਿੱਲਤ, ਟਿਊਬਵੈੱਲ 11 ਮਹੀਨਿਆਂ ਤੋਂ ਬੰਦ
Publish Date: Mon, 20 Apr 2026 10:31 PM (IST)
Updated Date: Mon, 20 Apr 2026 10:33 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵਾਰਡ ਨੰਬਰ-1 ਅਧੀਨ ਆਉਂਦੀ ਨਿਊ ਇੰਦਰਾ ਕਾਲੋਨੀ ’ਚ ਪਿਛਲੇ ਕਈ ਮਹੀਨਿਆਂ ਤੋਂ ਪਾਣੀ ਦੀ ਗੰਭੀਰ ਕਿੱਲਤ ਬਣੀ ਹੋਈ ਹੈ। ਕਾਲੋਨੀ ਵਾਸੀਆਂ ਅਨੁਸਾਰ ਕਰੀਬ 11 ਮਹੀਨੇ ਪਹਿਲਾਂ ਇੱਥੇ ਟਿਊਬਵੈੱਲ ਦਾ ਉਦਘਾਟਨ ਕੀਤਾ ਗਿਆ ਸੀ। ਉਸ ਸਮੇਂ ਇਸ ਨੂੰ ਲੈ ਕੇ ਸਿਆਸੀ ਪੱਧਰ ’ਤੇ ਵੀ ਦਾਅਵੇ ਕੀਤੇ ਗਏ ਸਨ ਪਰ ਇੰਨਾ ਸਮਾਂ ਬੀਤਣ ਦੇ ਬਾਵਜੂਦ ਟਿਊਬਵੈੱਲ ਲਈ ਬਿਜਲੀ ਦਾ ਕੁਨੈਕਸ਼ਨ ਨਹੀਂ ਲੱਗਾ। ਇਸ ਕਾਰਨ ਟਿਊਬਵੈੱਲ ਅਜੇ ਤੱਕ ਚਾਲੂ ਨਹੀਂ ਹੋ ਸਕਿਆ। ਜਾਣਕਾਰੀ ਮੁਤਾਬਕ ਇੱਥੇ ਲਗਭਗ 150 ਤੋਂ 200 ਮੀਟਰ ਤੱਕ ਬਿਜਲੀ ਦੀ ਤਾਰ ਪਾਈ ਜਾਣੀ ਹੈ, ਜਿਸ ਤੋਂ ਬਾਅਦ ਹੀ ਕੁਨੈਕਸ਼ਨ ਮਿਲ ਸਕੇਗਾ। ਸਥਾਨਕ ਵਾਸੀ ਸੰਤੋਸ਼ ਬਿਲਾਨੀ ਨੇ ਦੱਸਿਆ ਕਿ ਲੋਕ ਪੀਣ ਵਾਲਾ ਪਾਣੀ ਖਰੀਦ ਕੇ ਗੁਜ਼ਾਰਾ ਕਰ ਰਹੇ ਹਨ। ਕਈ ਪਰਿਵਾਰਾਂ ਨੂੰ ਕਈ ਦਿਨ ਤੱਕ ਨਹਾਉਣ ਲਈ ਵੀ ਪਾਣੀ ਨਹੀਂ ਮਿਲਦਾ, ਜਿਸ ਕਾਰਨ ਬੱਚਿਆਂ ਨੂੰ ਵੀ ਬਿਨਾਂ ਨਹਾਤੇ ਸਕੂਲ ਜਾਣਾ ਪੈ ਰਿਹਾ ਹੈ। ਪਾਣੀ ਦੀ ਕਮੀ ਤੋਂ ਪਰੇਸ਼ਾਨ ਲੋਕਾਂ ਨੇ ਨਗਰ ਨਿਗਮ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ। ਇਸ ਦੌਰਾਨ ਸ਼ੰਕਰ ਲਾਲ, ਗੀਤਾ ਦੇਵੀ, ਆਸਾ ਰਾਮ, ਦੇਖੋ ਦੇਵੀ, ਸੂਰਤੋ ਦੇਵੀ, ਸੀਤਾ ਦੇਵੀ ਤੇ ਅਮਨ ਸਮੇਤ ਕਈ ਲੋਕ ਮੌਜੂਦ ਸਨ। ਸੰਤੋਸ਼ ਬਿਲਾਨੀ ਨੇ ਚਿਤਾਵਨੀ ਦਿੱਤੀ ਕਿ ਜੇ ਨਗਰ ਨਿਗਮ ਵੱਲੋਂ ਜਲਦੀ 150–200 ਮੀਟਰ ਤਾਰ ਪਾ ਕੇ ਬਿਜਲੀ ਕੁਨੈਕਸ਼ਨ ਨਹੀਂ ਦਿੱਤਾ ਗਿਆ ਤਾਂ ਕਾਲੋਨੀ ਵਾਸੀ ਖੁਦ ਚੰਦਾ ਇਕੱਠਾ ਕਰਕੇ ਇਹ ਕੰਮ ਕਰਵਾਉਣਗੇ। ਉਧਰ, ਵਾਰਡ ਨੰਬਰ 1 ਦੇ ਹੀ ਗੁਰੂ ਅਮਰਦਾਸ ਨਗਰ ਦੇ ਫਲੈਟਾਂ ’ਚ ਵੀ ਪਾਣੀ ਦੀ ਸਮੱਸਿਆ ਜਾਰੀ ਹੈ। ਇੱਥੇ ਤਿੰਨ ਦਿਨ ਮੋਟਰ ਖਰਾਬ ਰਹਿਣ ਤੋਂ ਬਾਅਦ ਹੁਣ ਠੀਕ ਕਰ ਦਿੱਤੀ ਗਈ ਹੈ ਪਰ ਫਿਰ ਵੀ ਉਪਰਲੀਆਂ ਮੰਜ਼ਿਲਾਂ ਤੱਕ ਪਾਣੀ ਨਹੀਂ ਪੁੱਜ ਰਿਹਾ। ਐੱਸਈ ਜਸਪਾਲ ਸਿੰਘ ਨੇ ਦੱਸਿਆ ਕਿ ਟਿਊਬਵੈੱਲ ’ਚ 30 ਮੀਟਰ ਡੂੰਘੀ ਵਾਲੀ ਪਾਈਪ ਲਾਈ ਗਈ ਹੈ ਤੇ ਮੋਟਰ ਠੀਕ ਹੈ, ਪਾਣੀ ਆਉਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਾਣੀ ਦੇ ਪ੍ਰੈਸ਼ਰ ਦੀ ਜਾਂਚ ਮੰਗਲਵਾਰ ਨੂੰ ਦੁਬਾਰਾ ਕੀਤੀ ਜਾਵੇਗੀ।