ਸ਼ਹਿਰ ਦੇ ਕਈ ਇਲਾਕਿਆਂ ’ਚ ਪਾਣੀ ਦੀ ਕਮੀ, ਲੋਕਾਂ ਨੇ ਖਾਲੀ ਬਾਲਟੀਆਂ ਖੜਕਾਈਆਂ
ਬਚਿੰਤ ਨਗਰ, ਪਰਸ਼ੁਰਾਮ ਨਗਰ, ਨਾਗਰਾ, ਗੁਰੂ ਨਗਰ ਸਮੇਤ ਕਈ ਇਲਾਕਿਆਂ ’ਚ ਪਾਣੀ ਦੀ ਕਮੀ, ਲੋਕਾਂ ਨੇ ਖਾਲੀ ਬਾਲਟੀਆਂ ਖੜਕਾਈਆਂ
Publish Date: Tue, 21 Apr 2026 10:02 PM (IST)
Updated Date: Tue, 21 Apr 2026 10:07 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ਦੇ ਕਈ ਇਲਾਕਿਆਂ ’ਚ ਪਾਣੀ ਦੀ ਕਮੀ ਕਾਰਨ ਲੋਕਾਂ ਦਾ ਗੁੱਸਾ ਵੱਧਣ ਲੱਗ ਪਿਆ ਹੈ। ਸੋਮਵਾਰ ਨੂੰ ਨਿਊ ਇੰਦਰਾ ਕਾਲੋਨੀ ’ਚ ਪਾਣੀ ਦੀ ਕਮੀ ਸਾਹਮਣੇ ਆਈ ਸੀ ਤਾਂ ਮੰਗਲਵਾਰ ਨੂੰ ਵਾਰਡ ਨੰਬਰ 2 ਦੇ ਬਚਿੰਤ ਨਗਰ ਤੇ ਪਰਸ਼ੂਰਾਮ ਨਗਰ ’ਚ ਵੀ ਪਾਣੀ ਦੀ ਘਾਟ ਦੇਖੀ ਗਈ। ਇੱਥੇ ਪਿਛਲੇ ਕਈ ਦਿਨਾਂ ਤੋਂ ਪਾਣੀ ਦੀ ਕਮੀ ਬਣੀ ਹੋਈ ਹੈ। ਵਾਰਡ ਨੰਬਰ 2 ਦੇ ਕੌਂਸਲਰ ਹਰਪ੍ਰੀਤ ਵਾਲੀਆ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਪਰਸ਼ੁਰਾਮ ਨਗਰ ਤੇ ਬਚਿੰਤ ਨਗਰ ’ਚ ਪਾਣੀ ਦੀ ਸਮੱਸਿਆ ਬਾਰੇ ਜਾਣਕਾਰੀ ਦਿੱਤੀ ਗਈ ਹੈ। ਮੇਅਰ ਵਨੀਤ ਧੀਰ ਨਾਲ ਵੀ ਫ਼ੋਨ ਤੇ ਗੱਲ ਕਰਕੇ ਇਸ ਮਸਲੇ ਦਾ ਜਲਦੀ ਹੱਲ ਕਰਨ ਲਈ ਕਿਹਾ ਗਿਆ ਹੈ। ਉੱਥੇ ਹੀ ਵਿਧਾਨ ਸਭਾ ਖੇਤਰ ਕੈਂਟ ਦੇ ਵਾਰਡ ਨੰਬਰ 32 ਦੇ ਗੁਰੂ ਨਗਰ ’ਚ ਵੀ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਣ ਲੱਗੀ ਹੈ। ਕੌਂਸਲਰ ਬਲਰਾਜ ਠਾਕੁਰ ਨੇ ਕਿਹਾ ਕਿ ਗਰਮੀ ਵੱਧਣ ਨਾਲ ਗੁਰੂ ਨਗਰ ’ਚ ਪਾਣੀ ਦੀ ਕਮੀ ਹੋ ਗਈ ਹੈ। ਵਾਰਡ ਨੰਬਰ 83 ਦੇ ਸ਼ਿਵ ਨਗਰ ਨਾਗਰਾ ’ਚ ਪਿਛਲੇ ਇਕ ਹਫ਼ਤੇ ਤੋਂ ਪਾਣੀ ਨਹੀਂ ਆ ਰਿਹਾ। ਇਲਾਕੇ ਦੇ ਨਿਵਾਸੀਆਂ ਨੇ ਦੱਸਿਆ ਕਿ ਉਹ ਪਿਛਲੇ ਇਕ ਹਫ਼ਤੇ ਤੋਂ ਆਪਣੇ ਮੁਹੱਲੇ ’ਚ ਪਾਣੀ ਨਾ ਆਉਣ ਕਾਰਨ ਹੋਰ ਇਲਾਕਿਆਂ ਤੋਂ ਪਾਣੀ ਲਿਆਉਣ ਲਈ ਮਜਬੂਰ ਹਨ। -------------------------- ਨਵੇਂ ਟਿਊਬਵੈੱਲ ਨਾ ਚੱਲਣ ਨਾਲ ਵਧੀ ਮੁਸ਼ਕਲ ਸ਼ਹਿਰ ’ਚ ਲਗਪਗ 35 ਟਿਊਬਵੈੱਲ ਸਿਰਫ਼ ਬਿਜਲੀ ਕੁਨੈਕਸ਼ਨ ਨਾ ਹੋਣ ਕਾਰਨ ਬੰਦ ਪਏ ਹਨ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਵਿੱਚੋਂ ਕਈ ਟਿਊਬਵੈੱਲ ਲਗਪਗ ਇਕ ਸਾਲ ਪਹਿਲਾਂ ਲਾਏ ਗਏ ਸਨ ਪਰ ਅਜੇ ਤੱਕ ਉਨ੍ਹਾਂ ਨੂੰ ਬਿਜਲੀ ਨਹੀਂ ਮਿਲੀ। ਜਿਨ੍ਹਾਂ ਇਲਾਕਿਆਂ ’ਚ ਇਹ ਟਿਊਬਵੈੱਲ ਲੱਗੇ ਹਨ ਪਰ ਚੱਲ ਨਹੀਂ ਰਹੇ, ਉੱਥੇ ਲੋਕ ਪੀਣ ਵਾਲੇ ਪਾਣੀ ਲਈ ਜੂਝ ਰਹੇ ਹਨ। ਕਈ ਮੁਹੱਲਿਆਂ ’ਚ ਟੈਂਕਰ ਮੰਗਵਾਉਣੇ ਪੈ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਟਿਊਬਵੈੱਲ ਲੱਗ ਗਏ ਤਾਂ ਕੁਨੈਕਸ਼ਨ ਕਿਉਂ ਨਹੀਂ ਦਿੱਤੇ ਗਏ। ਗਰਮੀ ’ਚ ਹਾਲਾਤ ਹੋਰ ਖਰਾਬ ਹੋ ਰਹੇ ਹਨ। ------------------------- ਟੈਂਡਰ ’ਚ ਦੇਰੀ ਕਾਰਨ ਨਹੀਂ ਲੱਗ ਸਕਣਗੇ 40 ਟਿਊਬਵੈੱਲ ਨਗਰ ਨਿਗਮ ਨੇ ਪਾਣੀ ਦੀ ਸਮੱਸਿਆ ਨੂੰ ਦੇਖਦਿਆਂ 40 ਨਵੇਂ ਟਿਊਬਵੈੱਲ ਲਗਾਉਣ ਦੀ ਮਨਜ਼ੂਰੀ ਦਿੱਤੀ ਹੈ ਪਰ ਵਿਭਾਗੀ ਸੁਸਤੀ ਕਾਰਨ ਇਨ੍ਹਾਂ ਨੂੰ ਲਗਾਉਣ ਵਿੱਚ ਕਾਫ਼ੀ ਸਮਾਂ ਲੱਗ ਸਕਦਾ ਹੈ ਤੇ ਸੰਭਾਵਨਾ ਹੈ ਕਿ ਪੂਰਾ ਗਰਮੀ ਦਾ ਸੀਜ਼ਨ ਲੰਘ ਜਾਵੇਗਾ। ਜਿਨ੍ਹਾਂ ਇਲਾਕਿਆਂ ਲਈ ਇਹ ਟਿਊਬਵੈੱਲ ਮਨਜ਼ੂਰ ਕੀਤੇ ਗਏ ਹਨ ਉੱਥੇ ਦੇ ਲੋਕ ਹਾਲੇ ਵੀ ਪਾਣੀ ਦੀ ਕਮੀ ਨਾਲ ਜੂਝ ਰਹੇ ਹਨ। ਇਨ੍ਹਾਂ 40 ਟਿਊਬਵੈੱਲਾਂ ਦੇ ਟੈਂਡਰ 30 ਅਪ੍ਰੈਲ ਨੂੰ ਖੁੱਲ੍ਹਣੇ ਹਨ ਅਤੇ ਟੈਂਡਰ ਪਾਸ ਹੋਣ ਤੋਂ ਬਾਅਦ ਵਰਕ ਆਰਡਰ ਜਾਰੀ ਕਰਨ ਵਿਚ ਲਗਪਗ ਇੱਕ ਹਫ਼ਤਾ ਲੱਗ ਸਕਦਾ ਹੈ।