ਵਾਟਰ ਕੂਲਰ ਖ਼ਰਾਬ, ਪਾਣੀ ਲਈ ਤਰਸੇ ਮਰੀਜ਼, ਹਸਪਤਾਲ ਦੀਆਂ ਕੈਂਟੀਨਾਂ ’ਚੋਂ ਰੋਜ਼ 270 ਬੋਤਲਾਂ ਦੀ ਵਿਕਰੀ
ਵਾਟਰ ਕੂਲਰ ਖਰਾਬ, ਪਾਣੀ ਲਈ ਤਰਸੇ ਮਰੀਜ਼, ਹਸਪਤਾਲ ਦੀਆਂ ਕੈਂਟੀਨਾਂ ’ਚ ਰੋਜ਼ 270 ਬੋਤਲਾਂ ਦੀ ਵਿਕਰੀ
Publish Date: Mon, 27 Apr 2026 09:59 PM (IST)
Updated Date: Mon, 27 Apr 2026 10:01 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਤਾਪਮਾਨ 42 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸੂਬੇ ਦੇ ਸਭ ਤੋਂ ਵੱਡੇ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਵਿੱਚ ਪਾਣੀ ਦੀ ਕਮੀ ਕਾਰਨ ਮਰੀਜ਼ ਕਾਫੀ ਪਰੇਸ਼ਾਨ ਹਨ। ਹਸਪਤਾਲ ਦੇ ਵਾਰਡਾਂ ਅਤੇ ਓਪੀਡੀ ਵਿੱਚ ਲਗਭਗ 13 ਵਾਟਰ ਕੂਲਰ ਹਨ, ਪਰ ਸਿਰਫ ਤਿੰਨ ’ਤੇ ਹੀ ਠੰਢਾ ਪਾਣੀ ਮਿਲ ਰਿਹਾ ਹੈ। ਸਿਵਲ ਹਸਪਤਾਲ ਵਿੱਚ ਰੋਜ਼ਾਨਾ 1200 ਤੋਂ 1500 ਮਰੀਜ਼ ਓਪੀਡੀ ਵਿੱਚ ਆ ਰਹੇ ਹਨ, ਜਦਕਿ 250 ਤੋਂ 300 ਦੇ ਕਰੀਬ ਮਰੀਜ਼ ਦਾਖ਼ਲ ਹਨ। ਹਰ ਰੋਜ਼ ਲਗਭਗ 2500 ਤੋਂ 3000 ਲੋਕਾਂ ਦੀ ਆਵਾਜਾਈ ਹੁੰਦੀ ਹੈ। ਗਰਮੀ ਵਿੱਚ ਪੀਣ ਵਾਲੇ ਪਾਣੀ ਦੀ ਢੰਗ ਦੀ ਵਿਵਸਥਾ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਮਜਬੂਰਨ ਹਸਪਤਾਲ ਦੀਆਂ ਕੈਂਟੀਨਾਂ ਤੋਂ ਪਾਣੀ ਦੀਆਂ ਬੋਤਲਾਂ ਖ਼ਰੀਦਣੀਆਂ ਪੈਂਦੀਆਂ ਹਨ। ਹਸਪਤਾਲ ਦੀਆਂ ਪੰਜ ਕੈਂਟੀਨਾਂ ’ਤੇ ਹਰ ਰੋਜ਼ 250 ਤੋਂ 270 ਦੇ ਕਰੀਬ ਪਾਣੀ ਦੀਆਂ ਬੋਤਲਾਂ ਵਿਕ ਰਹੀਆਂ ਹਨ। ਓਪੀਡੀ ਕੰਪਲੈਕਸ ਦੇ ਦਰਵਾਜ਼ੇ ’ਤੇ ਲੱਗਿਆ ਵਾਟਰ ਕੂਲਰ ਵੀ ਖ਼ਰਾਬ ਹੈ ਅਤੇ ਇਸ ਦੀਆਂ ਟੁੱਟੀਆਂ ਵੀ ਨਹੀਂ ਹਨ। ਇਸ ਦੇ ਆਲੇ-ਦੁਆਲੇ ਗੰਦਗੀ ਫੈਲੀ ਹੋਈ ਹੈ। ਬਿਜਲੀ ਕੁਨੈਕਸ਼ਨ ਹੋਣ ਦੇ ਬਾਵਜੂਦ ਵੀ ਇਹ ਨਹੀਂ ਚੱਲ ਰਿਹਾ ਅਤੇ ਆਰਓ ਵੀ ਖ਼ਰਾਬ ਪਿਆ ਹੈ। ਇਸੇ ਤਰ੍ਹਾਂ ਪਹਿਲੀ ਅਤੇ ਦੂਜੀ ਮੰਜ਼ਿਲ ’ਤੇ ਲੱਗੇ ਵਾਟਰ ਕੂਲਰ ਵੀ ਬੰਦ ਹਨ। ਹਾਲਾਂਕਿ ਤੀਜੀ ਮੰਜ਼ਿਲ ’ਤੇ ਲੱਗੇ ਵਾਟਰ ਕੂਲਰ ਤੋਂ ਮਰੀਜ਼ਾਂ ਅਤੇ ਉਨ੍ਹਾਂ ਦੇ ਸੱਜਣਾਂ ਨੂੰ ਪਾਣੀ ਮਿਲ ਰਿਹਾ ਹੈ। ਜੱਚਾ ਵਾਰਡ ਵਿੱਚ ਪਹਿਲੀ ਮੰਜ਼ਿਲ ’ਤੇ ਲੱਗਾ ਵਾਟਰ ਕੂਲਰ ਖ਼ਰਾਬ ਹੋਣ ਕਾਰਨ ਹਟਾ ਦਿੱਤਾ ਗਿਆ ਹੈ। ਜੱਚਾ-ਬੱਚਾ ਸੈਂਟਰ ਦੇ ਗਰਾਊਂਡ ਫਲੋਰ ’ਤੇ ਵੀ ਕੋਈ ਵਾਟਰ ਕੂਲਰ ਨਹੀਂ ਹੈ। ਮੈਡੀਕਲ ਮੇਲ-ਫੀਮੇਲ, ਸਰਜੀਕਲ ਮੇਲ-ਫੀਮੇਲ ਅਤੇ ਜੱਚਾ-ਬੱਚਾ ਵਾਰਡ ਵਿੱਚ ਦਾਖ਼ਲ ਮਰੀਜ਼ਾਂ ਦੇ ਸੱਜਣਾਂ ਨੂੰ ਪਾਣੀ ਲਈ ਗਰਾਊਂਡ ਫਲੋਰ ’ਤੇ ਟਰੋਮਾ ਸੈਂਟਰ, ਪਾਰਕਿੰਗ ਸਥਾਨ ਜਾਂ ਆਈ ਮੋਬਾਈਲ ਯੂਨਿਟ ਦੇ ਕੋਲ ਲੱਗੇ ਵਾਟਰ ਕੂਲਰਾਂ ’ਤੇ ਜਾਣਾ ਪੈਂਦਾ ਹੈ। ਮੈਡੀਕਲ ਵਾਰਡ ਵਿੱਚ ਦਾਖ਼ਲ ਮਰੀਜ਼ ਦੇ ਸੱਜਣ ਜੱਸੀ ਨੇ ਦੱਸਿਆ ਕਿ ਉਹ ਆਦਮਪੁਰ ਤੋਂ ਆਏ ਹਨ। ਵਾਰਡ ਦੇ ਨੇੜੇ ਵਾਟਰ ਕੂਲਰ ਨਹੀਂ ਚੱਲ ਰਿਹਾ, ਇਸ ਲਈ ਪਾਣੀ ਲਈ ਗਰਾਊਂਡ ਫਲੋਰ ’ਤੇ ਜਾਣਾ ਪੈਂਦਾ ਹੈ ਅਤੇ ਦਿਨ ਵਿੱਚ ਚਾਰ-ਪੰਜ ਵਾਰ ਚੱਕਰ ਲਾਉਣੇ ਪੈਂਦੇ ਹਨ। ਸਰਜੀਕਲ ਵਾਰਡ ਵਿੱਚ ਮਰੀਜ਼ ਦੀ ਸੱਜਣ ਸੋਮਾ ਨੇ ਕਿਹਾ ਕਿ ਮਰੀਜ਼ ਨੂੰ ਵੇਖਣ ਲਈ ਦਿਨ ਵਿੱਚ ਪੰਜ-ਛੇ ਰਿਸ਼ਤੇਦਾਰ ਆਉਂਦੇ ਹਨ। ਉਨ੍ਹਾਂ ਨੂੰ ਪਾਣੀ ਪਿਲਾਉਣ ਲਈ ਦੋ-ਦੋ ਲੀਟਰ ਦੀਆਂ ਬੋਤਲਾਂ ਤਿੰਨ-ਚਾਰ ਵਾਰ ਗਰਾਊਂਡ ਫਲੋਰ ਤੋਂ ਭਰ ਕੇ ਲਿਆਉਣੀਆਂ ਪੈਂਦੀਆਂ ਹਨ। ਕਈ ਵਾਰ ਪਾਣੀ ਦੀਆਂ ਬੋਤਲਾਂ ਖ਼ਰੀਦਣੀਆਂ ਵੀ ਪੈਂਦੀਆਂ ਹਨ ਕਿਉਂਕਿ ਉੱਪਰਲੀਆਂ ਮੰਜ਼ਿਲਾਂ ’ਤੇ ਪਾਣੀ ਨਹੀਂ ਮਿਲਦਾ। ਵਾਰਡ ਵਿੱਚ ਦਾਖ਼ਲ ਮਰੀਜ਼ ਕਮਲਜੀਤ ਸਿੰਘ ਨੇ ਕਿਹਾ ਕਿ ਉਹ ਪਿਛਲੇ ਛੇ ਦਿਨਾਂ ਤੋਂ ਦਾਖ਼ਲ ਹਨ। ਗਰਮੀ ਕਾਰਨ ਪਾਣੀ ਦੀ ਖਪਤ ਵੱਧ ਗਈ ਹੈ ਅਤੇ ਹਸਪਤਾਲ ਵਿੱਚ ਠੰਢੇ ਪਾਣੀ ਦੀ ਵਿਵਸਥਾ ਨਾ ਹੋਣ ਕਰ ਕੇ ਉਹ ਛੇ ਦਿਨਾਂ ਵਿੱਚ 60 ਬੋਤਲਾਂ ਖ਼ਰੀਦ ਚੁੱਕੇ ਹਨ। ਮਰੀਜ਼ ਰਫੀਕ ਨੇ ਦੱਸਿਆ ਕਿ ਉਹ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਚਾਰ ਦਿਨ ਪਹਿਲਾਂ ਦਾਖ਼ਲ ਹੋਏ ਹਨ। ਗਰਮੀ ਕਾਰਨ ਉਨ੍ਹਾਂ ਨੂੰ ਘਬਰਾਹਟ ਹੁੰਦੀ ਹੈ ਅਤੇ ਮੂੰਹ ਸੁੱਕ ਜਾਂਦਾ ਹੈ। ਉਹ ਘਰ ਤੋਂ ਚਾਰ ਬੋਤਲਾਂ ਪਾਣੀ ਲਿਆਉਂਦੇ ਹਨ ਅਤੇ ਨਾਲ ਹੀ ਰੋਜ਼ਾਨਾ ਦੋ-ਤਿੰਨ ਬੋਤਲਾਂ ਹਸਪਤਾਲ ਤੋਂ ਵੀ ਖ਼ਰੀਦਣੀਆਂ ਪੈਂਦੀਆਂ ਹਨ। ਦਾਨੀ ਸੱਜਣ ਵੰਡ ਰਹੇ ਨੇ ਪਾਣੀ : ਮਰੀਜ਼ਾਂ ਅਤੇ ਉਨ੍ਹਾਂ ਦੇ ਸੱਜਣਾਂ ਨੇ ਦੱਸਿਆ ਕਿ ਗਰਮੀ ਵਿੱਚ ਪਾਣੀ ਦੀ ਢੰਗ ਦੀ ਵਿਵਸਥਾ ਨਾ ਹੋਣ ਕਰ ਕੇ ਸੇਵਾ ਸੰਸਥਾਵਾਂ ਅੱਗੇ ਆ ਰਹੀਆਂ ਹਨ। ਹਰ ਰੋਜ਼ ਕੋਈ ਨਾ ਕੋਈ ਸੰਸਥਾ ਮਰੀਜ਼ਾਂ ਨੂੰ ਇਕ-ਇਕ ਬੋਤਲ ਪਾਣੀ ਮੁਫ਼ਤ ਦੇ ਰਹੀ ਹੈ, ਪਰ ਗਰਮੀ ਜ਼ਿਆਦਾ ਹੋਣ ਕਰ ਕੇ ਇਕ ਬੋਤਲ ਕਾਫੀ ਨਹੀਂ ਹੁੰਦੀ ਅਤੇ ਉਨ੍ਹਾਂ ਨੂੰ ਵਾਧੂ ਪਾਣੀ K]ਰੀਦਣਾ ਜਾਂ ਲਿਆਉਣਾ ਪੈਂਦਾ ਹੈ। ਹਸਪਤਾਲ ਵਿੱਚ ਤਿੰਨ ਕੈਂਟੀਨਾਂ ਠੇਕੇ ’ਤੇ ਹਨ, ਜਦਕਿ ਇੱਕ-ਇੱਕ ਵੇਰਕਾ ਅਤੇ ਐਗਰੋ ਪੰਜਾਬ ਦਾ ਸਟਾਲ ਵੀ ਚੱਲ ਰਿਹਾ ਹੈ। ਇੱਥੇ ਪੈਕ ਕੀਤੇ ਪਾਣੀ ਲਈ ਮਰੀਜ਼ਾਂ ਦੇ ਸੱਜਣਾਂ ਦੀ ਭੀੜ ਰਹਿੰਦੀ ਹੈ। ਕੈਂਟੀਨ ਕਰਮਚਾਰੀਆਂ ਦੇ ਅਨੁਸਾਰ ਰੋਜ਼ਾਨਾ 250 ਤੋਂ 270 ਬੋਤਲਾਂ ਦੀ ਵਿਕਰੀ ਹੁੰਦੀ ਹੈ। ਸਿਵਲ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਨਮੀਤਾ ਘਈ ਨੇ ਕਿਹਾ ਕਿ ਵਾਟਰ ਕੂਲਰਾਂ ਦੀ ਸਮੱਸਿਆ ਬਾਰੇ ਉਨ੍ਹਾਂ ਨੂੰ ਜਾਣਕਾਰੀ ਹੈ। ਉਨ੍ਹਾਂ ਨੇ ਟੀਮਾਂ ਤਾਇਨਾਤ ਕੀਤੀਆਂ ਹਨ ਜੋ ਵਾਟਰ ਕੂਲਰਾਂ ਦੀ ਜਾਂਚ ਕਰ ਕੇ ਉਨ੍ਹਾਂ ਦੀ ਮੁਰੰਮਤ ਅਤੇ ਸਫ਼ਾਈ ਕਰ ਰਹੀਆਂ ਹਨ। ਇੱਕ-ਦੋ ਦਿਨਾਂ ਵਿੱਚ ਸਾਰੇ ਵਾਟਰ ਕੂਲਰ ਚਾਲੂ ਹੋ ਜਾਣਗੇ ਅਤੇ ਮਰੀਜ਼ਾਂ ਨੂੰ ਠੰਢੇ ਪਾਣੀ ਦੀ ਸਹੂਲਤ ਮਿਲਣੀ ਸ਼ੁਰੂ ਹੋ ਜਾਵੇਗੀ।