ਜਾਸ, ਜਲੰਧਰ : ਸਵੱਛਤਾ

ਜਾਸ, ਜਲੰਧਰ : ਸਵੱਛਤਾ ਸਰਵੇਖਣ-2026 ’ਚ ਜਲੰਧਰ ਦੀ ਰੈਂਕਿੰਗ ’ਚ ਵੱਡਾ ਸੁਧਾਰ ਲਿਆਉਣ ਦੇ ਰਾਹ ’ਚ ਵੇਸਟ ਮੈਨੇਜਮੈਂਟ, ਸਿਟੀਜ਼ਨ ਫੀਡਬੈੱਕ ਤੇ ਰਿਡਿਊਸ-ਰੀਸਾਈਕਲ-ਰੀਯੂਜ਼ (ਥ੍ਰੀ-ਆਰ) ਮੁੱਖ ਰੁਕਾਵਟਾਂ ਬਣ ਸਕਦੀਆਂ ਹਨ। ਨਗਰ ਨਿਗਮ ਇਨ੍ਹਾਂ ਤਿੰਨੇ ਮੋਰਚਿਆਂ 'ਤੇ ਬਹੁਤ ਹੀ ਕਮਜ਼ੋਰ ਸਥਿਤੀ ’ਚ ਦਿਸ ਰਿਹਾ ਹੈ। ਸਰਵੇਖਣ ਲਈ ਕੇਂਦਰੀ ਟੀਮ ਕਿਸੇ ਵੀ ਸਮੇਂ ਸ਼ਹਿਰ ਦਾ ਨਿਰੀਖਣ ਕਰ ਸਕਦੀ ਹੈ। ਇਸ ਸਬੰਧੀ ਵੇਸਟ ਮੈਨੇਜਮੈਂਟ 'ਤੇ ਨਗਰ ਨਿਗਮ ਨੂੰ ਜ਼ਿਆਦਾ ਉਮੀਦ ਨਹੀਂ ਹੈ, ਕਿਉਂਕਿ ਹੁਣ ਇਸ 'ਤੇ ਕੰਮ ਨਹੀਂ ਹੋ ਸਕੇਗਾ। ਜਦੋਂ ਤੱਕ ਵੇਸਟ ਮੈਨੇਜਮੈਂਟ 'ਤੇ ਕੰਮ ਨਹੀਂ ਕੀਤਾ ਜਾਵੇਗਾ, ਉਦੋਂ ਤੱਕ ਨਗਰ ਨਿਗਮ ਦੀ ਰੈਂਕਿੰਗ ਦੇਸ਼ ਦੇ ਪਹਿਲੇ ਸ਼ਹਿਰਾਂ ’ਚ ਨਹੀਂ ਆ ਸਕੇਗੀ। ਨਗਰ ਨਿਗਮ ਦੇ ਅੰਕੜੇ ਖ਼ੁਦ ਦੱਸ ਰਹੇ ਹਨ ਕਿ ਸ਼ਹਿਰ ’ਚ ਵੇਸਟ ਮੈਨੇਜਮੈਂਟ ਦਾ ਕੰਮ 10 ਫ਼ੀਸਦੀ ਵੀ ਪੂਰਾ ਨਹੀਂ ਹੋ ਰਿਹਾ। ਹਰ ਰੋਜ਼ ਘਰਾਂ ’ਚੋਂ ਜਿੰਨਾ ਕੂੜਾ ਇਕੱਠਾ ਹੁੰਦਾ ਹੈ, ਉਸ ਦਾ ਲਗਪਗ 90 ਫ਼ੀਸਦੀ ਹਿੱਸਾ ਸਿੱਧਾ ਵਰਿਆਣਾ ਡੰਪ ਸਾਈਟ 'ਤੇ ਸੁੱਟਿਆ ਜਾ ਰਿਹਾ ਹੈ। ਉੱਥੇ ਕੂੜੇ ਨੂੰ ਖਾਦ ਜਾਂ ਬਿਜਲੀ ’ਚ ਬਦਲਣ ਦਾ ਕੋਈ ਪ੍ਰਬੰਧ ਨਹੀਂ ਹੈ। ਡੰਪ ਸਾਈਟ 'ਤੇ ਕੂੜੇ ਦੇ ਪਹਾੜ ਬਣ ਚੁੱਕੇ ਹਨ ਤੇ ਹਰ ਵਾਰ ਗਰਮੀਆਂ ’ਚ ਅੱਗ ਲੱਗਣਾ ਆਮ ਹੋ ਗਿਆ ਹੈ। ਰੈਂਕਿੰਗ ’ਚ ਸੁਧਾਰ ਨਾ ਹੋਣ ਦੀ ਸਭ ਤੋਂ ਵੱਡੀ ਵਜ੍ਹਾ ਹੈ। ਸਾਲ 2025 ਦੇ ਸਫਾਈ ਸਰਵੇਖਣ ’ਚ ਕੇਂਦਰ ਨੇ ਸੀਵਰੇਜ ਤੇ ਵਾਟਰ ਬਾਡੀ ਨਾਲ ਜੁੜੇ ਮੁੱਦਿਆਂ ਨੂੰ ਸ਼ਾਮਲ ਕੀਤਾ ਸੀ। ਜਲੰਧਰ ਇਨ੍ਹਾਂ 'ਚ ਬਿਹਤਰ ਸੀ, ਜਿਸ ਨਾਲ ਰੈਂਕਿੰਗ 239 ਤੋਂ ਸੁਧਰ ਕੇ 82 'ਤੇ ਆ ਗਈ ਪਰ ਹੁਣ ਇਸ ਤੋਂ ਅੱਗੇ ਜਾਣ ਲਈ ਠੋਸ ਵੇਸਟਚ ਮੈਨੇਜਮੈਂਟ 'ਤੇ ਕੰਮ ਕਰਨਾ ਜ਼ਰੂਰੀ ਹੈ। ਬਿਨਾਂ ਵੈਸਟ ਪ੍ਰੋਸੈਸਿੰਗ ਦੇ ਟਾਪ-50 ਵਿਚ ਜਗ੍ਹਾ ਬਣਾਉਣਾ ਮੁਸ਼ਕਲ ਹੈ।
---
ਸਿਟੀਜ਼ਨ ਫੀਡਬੈਕ ਤੇ ਜਨਤਾ ਦੇ ਸਹਿਯੋਗ ’ਚ ਕਮੀ
ਨਗਰ ਨਿਗਮ ਨੂੰ ਜਨਤਾ ਤੋਂ ਵੀ ਉਮੀਦ ਮੁਤਾਬਕ ਸਹਿਯੋਗ ਨਹੀਂ ਮਿਲ ਰਿਹਾ। ਲੋਕ ਘਰਾਂ ਵਿਚ ਗਿੱਲਾ-ਸੁੱਖਾ ਕੂੜਾ ਵੱਖਰਾ ਨਹੀਂ ਕਰਦੇ। ਹੈਲਥ ਅਫਸਰ ਡਾ. ਸ਼੍ਰੀ ਕ੍ਰਿਸ਼ਨ ਸ਼ਰਮਾ ਦਾ ਕਹਿਣਾ ਹੈ ਕਿ ਲੋਕਾਂ ਨੂੰ ਪਤਾ ਹੈ ਕਿ ਇਨ੍ਹਾਂ ਦਿਨਾਂ ਕੇਂਦਰੀ ਟੀਮ ਸਰਵੇਖਣ ਲਈ ਆਉਂਦੀ ਹੈ ਫਿਰ ਵੀ ਸਿਟੀਜ਼ਨ ਫੀਡਬੈਕ ਚੰਗਾ ਨਹੀਂ ਆਉਂਦਾ। ਬਾਜ਼ਾਰਾਂ ’ਚ ਦੁਕਾਨਦਾਰ ਵੀ ਸਫਾਈ ’ਚ ਸਹਿਯੋਗ ਨਹੀਂ ਦਿੰਦੇ। ਸ਼ਾਮ ਹੋਣ 'ਤੇ ਸੜਕਾਂ 'ਤੇ ਕੂੜੇ ਦੇ ਢੇਰ ਲੱਗ ਜਾਂਦੇ ਹਨ। ਲੋਕ ਸ਼ਹਿਰ ਸਾਫ਼ ਤਾਂ ਚਾਹੁੰਦੇ ਹਨ ਪਰ ਖ਼ੁਦ ਵੇਸਟ ਮੈਨੇਜਮੈਂਟ ’ਚ ਸਹਿਯੋਗ ਘੱਟ ਦਿੰਦੇ ਹਨ। ਕੂੜਾ ਕਿਤੇ ਬਾਹਰੋਂ ਨਹੀਂ ਆ ਰਿਹਾ। ਜੇ ਲੋਕ ਇਸ 'ਤੇ ਗੰਭੀਰ ਹੋ ਜਾਣ ਤਾਂ ਰੈਂਕਿੰਗ ’ਚ ਵੱਡਾ ਸੁਧਾਰ ਹੋਵੇਗਾ। ਸ਼ਹਿਰ ਲਈ ਚੰਗਾ ਕਰਨਗੇ ਤੇ ਬਿਹਤਰ ਫੀਡਬੈਕ ਦੇਣਗੇ ਤਾਂ ਦੇਸ਼ ’ਚ ਰੈਂਕਿੰਗ ਸੁਧਰੇਗੀ ਤੇ ਸ਼ਹਿਰ ਦੇ ਵਿਕਾਸ ਲਈ ਜ਼ਿਆਦਾ ਫੰਡ ਵੀ ਮਿਲਣਗੇ।
---
ਥ੍ਰੀ-ਆਰ ਨਾਲ ਵੇਸਟ ਮੈਨੇਜਮੈਂਟ ’ਚ ਬਦਲਾਅ
ਸਫਾਈ ਸਰਵੇਖਣ-2026 ’ਚ ਕੇਂਦਰ ਸਰਕਾਰ ਨੇ ਰਿਡਿਊਸ, ਰੀਸਾਈਕਲ ਤੇ ਰੀਯੂਜ਼ ਦਾ ਸੰਕਲਪ ਸ਼ਾਮਲ ਕੀਤਾ ਹੈ। ਮਕਸਦ ਹੈ ਕਿ ਪੁਰਾਣੇ ਸਾਮਾਨ ਨੂੰ ਦੁਬਾਰਾ ਵਰਤੋਂ ’ਚ ਲਿਆਂਦਾ ਜਾਵੇ। ਵਾਤਾਵਰਨ ਲਈ ਖਤਰਨਾਕ ਉਤਪਾਦਾਂ ਦੀ ਵਰਤੋਂ ਨੂੰ ਘਟਾਇਆ ਜਾਵੇ ਤੇ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਨੂੰ ਰੀਸਾਈਕਲ ਕਰਕੇ ਦੁਬਾਰਾ ਵਰਤਣਯੋਗ ਬਣਾਇਆ ਜਾਵੇ। ਪੁਰਾਣੇ ਕੱਪੜੇ ਬੈਗ ਬਣਾਉਣ ’ਚ ਵਰਤੇ ਜਾ ਸਕਦੇ ਹਨ। ਘਿਓ ਵਾਲੇ ਜਾਂ ਹੋਰ ਵੱਡੇ ਡੱਬੇ ਗਮਲਿਆਂ ’ਚ ਵਰਤੇ ਜਾ ਸਕਦੇ ਹਨ ਜਾਂ ਕਬਾੜ ’ਚ ਦੇ ਕੇ ਰੀਸਾਈਕਲ ਲਈ ਭੇਜੇ ਜਾ ਸਕਦੇ ਹਨ। ਪੋਲੀਥੀਨ ਬੈਗ ਵਰਤਣ ਦੀ ਬਜਾਏ ਬਾਜ਼ਾਰ ਜਾਂਦੇ ਸਮੇਂ ਝੋਲਾ ਲੈ ਕੇ ਜਾਣ ਨਾਲ ਪੋਲੀਥੀਨ ਦੀ ਵਰਤੋਂ ਨਾ-ਮਾਤਰ ਰਹੇਗਾ।
---
ਕੇਂਦਰੀ ਸਰਵੇਖਣ ਤੋਂ ਪਹਿਲਾਂ ਨਗਰ ਨਿਗਮ ਸਫਾਈ ਪ੍ਰਬੰਧਾਂ 'ਤੇ ਕਰੇਗਾ ਕੰਮ
ਜਲੰਧਰ : ਸਫਾਈ ਸਰਵੇਖਣ-2026 ਵਿਚ ਜਲੰਧਰ ਦੀ ਰੈਂਕਿੰਗ ਸੁਧਾਰਨ ਲਈ ਨਗਰ ਨਿਗਮ ਦੀ ਹੈਲਥ ਬ੍ਰਾਂਚ ਆਉਣ ਵਾਲੇ ਦਿਨਾਂ ’ਚ ਸੁਧਾਰ ਦੀ ਦਿਸ਼ਾ ਵਿਚ ਕੰਮ ਕਰੇਗੀ। ਸਰਵੇਖਣ ਦੀਆਂ ਤਿਆਰੀਆਂ ਨੂੰ ਲੈ ਕੇ ਹੈਲਥ ਬ੍ਰਾਂਚ ਛੇਤੀ ਹੀ ਮੇਅਰ ਨਾਲ ਬੈਠਕ ਕਰੇਗੀ ਤੇ ਜ਼ਰੂਰੀ ਕੰਮਾਂ 'ਤੇ ਚਰਚਾ ਕਰਕੇ ਰਣਨੀਤੀ ਬਣਾਈ ਜਾਵੇਗੀ। ਨਗਰ ਨਿਗਮ ਦਾ ਖਾਸ ਧਿਆਨ ਬਾਜ਼ਾਰਾਂ ਦੇ ਸਫਾਈ ਪ੍ਰਬੰਧਾਂ 'ਤੇ ਰਹੇਗਾ। ਇਸ ਲਈ ਵੱਖਰੀਆਂ ਸਫਾਈ ਟੀਮਾਂ ਗਠਿਤ ਕੀਤੀਆਂ ਜਾਣਗੀਆਂ। ਸੜਕਾਂ 'ਤੇ ਘੱਟ ਤੋਂ ਘੱਟ ਕੂੜਾ ਹੋਵੇ, ਇਸ ਲਈ ਮਾਰਕੀਟ ਐਸੋਸੀਏਸ਼ਨਾਂ ਨਾਲ ਬੈਠਕ ਕਰਕੇ ਵਪਾਰੀਆਂ ਨੂੰ ਨਾਲ ਜੋੜਿਆ ਜਾਵੇਗਾ। ਦੁਕਾਨਦਾਰਾਂ ਤੋਂ ਦੁਕਾਨ ਦੇ ਬਾਹਰ ਡਸਟਬਿਨ ਰੱਖਣ ਤੇ ਕੂੜਾ ਖੁੱਲ੍ਹੇ ਵਿਚ ਨਾ ਸੁੱਟਣ ਦੀ ਅਪੀਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਧਾਰਮਿਕ ਸਥਾਨਾਂ, ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਆਸ-ਪਾਸ ਦੇ ਇਲਾਕਿਆਂ ’ਚ ਸਫਾਈ ਮੁਹਿੰਮ ਤੇਜ਼ ਕੀਤਾ ਜਾਵੇਗਾ। ਇਨ੍ਹਾਂ ਸਥਾਨਾਂ 'ਤੇ ਦਿਨ ਵਿਚ ਦੋ ਵਾਰੀ ਸਫਾਈ ਯਕੀਨੀ ਬਣਾਈ ਜਾਵੇਗੀ। ਜਨਤਕ ਪਖਾਨਿਆਂ ਦੀ ਸਾਫ਼-ਸਫਾਈ ਤੇ ਰੱਖ-ਰਖਾਅ ’ਤੇ ਵੀ ਖਾਸ ਧਿਆਨ ਦਿੱਤਾ ਜਾਵੇਗਾ। ਡਾ. ਸ਼ਰਮਾ ਨੇ ਕਿਹਾ ਕਿ ਸਫਾਈ ਸਰਵੇਖਣ ’ਚ ਸਿਟੀਜ਼ਨ ਫੀਡਬੈਕ ਦੇ ਸਭ ਤੋਂ ਜ਼ਿਆਦਾ ਨੰਬਰ ਹਨ। ਇਸ 'ਤੇ ਪਹਿਲਾਂ ਤੋਂ ਕੰਮ ਚੱਲ ਰਿਹਾ ਹੈ ਪਰ ਹੁਣ ਇਸਨੂੰ ਹੋਰ ਤੇਜ਼ ਕੀਤਾ ਜਾਵੇਗਾ। ਸਕੂਲਾਂ, ਕਾਲਜਾਂ ਤੇ ਵੱਡੇ ਅਦਾਰਿਆਂ ’ਚ ਜਾ ਕੇ ਵਿਦਿਆਰਥੀਆਂ ਤੇ ਕਰਮਚਾਰੀਆਂ ਨੂੰ ਜਾਗਰੂਕ ਕੀਤਾ ਜਾਵੇਗਾ। ਲੋਕਾਂ ਤੋਂ ਸਫਾਈ ਐਪ ਡਾਊਨਲੋਡ ਕਰਕੇ ਫੀਡਬੈਕ ਦੇਣ ਦੀ ਅਪੀਲ ਕੀਤੀ ਜਾਵੇਗੀ। ਵਾਰਡ ਪੱਧਰ 'ਤੇ ਵੀ ਕੈਂਪ ਲਾ ਕੇ ਫੀਡਬੈਕ ਲਿਆ ਜਾਵੇਗਾ।
---
ਬਲਕ ਵੇਸਟ ਜਨਰੇਟਰਾਂ 'ਤੇ ਕਾਰਵਾਈ ਦੀ ਤਿਆਰੀ
ਨਗਰ ਨਿਗਮ ਦੇ ਹੈਲਥ ਅਫਸਰ ਡਾ. ਸ਼੍ਰੀ ਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ ਪੋਲੀਥੀਨ ਕੈਰੀ ਬੈਗ ਵੇਸਟ ਮੈਨੇਜਮੈਂਟ ’ਚ ਸਭ ਤੋਂ ਵੱਡੀ ਰੁਕਾਵਟ ਬਣ ਰਹੇ ਹਨ। ਸੀਵਰੇਜ ਜਾਮ ਹੋਣ ਤੇ ਕੂੜਾ ਵੱਖਰਾ ਨਾ ਹੋਣ ਦੀ ਮੁੱਖ ਵਜ੍ਹਾ ਪੋਲੀਥੀਨ ਹੀ ਹੈ। ਹੋਲਸੇਲਰ ਤੇ ਦੁਕਾਨਦਾਰਾਂ 'ਤੇ ਕਾਰਵਾਈ ਦੀ ਯੋਜਨਾ ਬਣਾਈ ਜਾ ਰਹੀ ਹੈ। ਪੋਲੀਥੀਨ ਵੇਚਣ ਤੇ ਵਰਤਣ ਵਾਲਿਆਂ ਦੇ ਚਲਾਨ ਕੱਟੇ ਜਾਣਗੇ। ਮੰਡੀਆਂ ਵਿਚ ਪੋਲੀਥੀਨ ਬੈਗ ਸਭ ਤੋਂ ਜ਼ਿਆਦਾ ਵਰਤੇ ਜਾਂਦੇ ਹਨ ਤੇ ਫਿਰ ਉੱਥੇ ਤੋਂ ਕਾਰਵਾਈ ਸ਼ੁਰੂ ਹੋਵੇਗੀ, ਜਿਨ੍ਹਾਂ ਅਦਾਰਿਆਂ ’ਚ ਕੂੜਾ ਜ਼ਿਆਦਾ ਪੈਦਾ ਹੁੰਦਾ ਹੈ, ਉਨ੍ਹਾਂ ਬਲਕ ਵੈਸਟ ਜਨਰੇਟਰਾਂ ’ਤੇ ਨਜ਼ਰ ਰੱਖੀ ਜਾਵੇਗੀ ਤੇ ਵਾਰ-ਵਾਰ ਨਿਰੀਖਣ ਕੀਤਾ ਜਾਵੇਗਾ। ਬਲਕ ਵੇਸਟ ਜਨਰੇਟਰ ਜੇ ਆਪਣੇ ਕੂੜੇ ਨੂੰ ਪ੍ਰੋਸੈੱਸ ਕਰ ਲੈਂਦੇ ਹਨ ਤਾਂ ਇਹ ਵੇਸਟ ਮੈਨੇਜਮੈਂਟ ’ਚ ਇਕ ਵੱਡਾ ਕਦਮ ਸਾਬਤ ਹੋਵੇਗਾ।