War Against Drugs : ਹੁਸ਼ਿਆਰਪੁਰ ਪੁਲਿਸ ਦੀ ਨਸ਼ਾ ਤਸਕਰਾਂ ਖਿ਼ਲਾਫ਼ ਵੱਡੀ ਕਾਰਵਾਈ, ਸਰਹਾਲਾ ਕਲਾਂ 'ਚ ਪੰਚਾਇਤੀ ਜ਼ਮੀਨ ’ਤੇ ਬਣਾਇਆ ਨਾਜਾਇਜ਼ ਨਿਰਮਾਣ ਢਾਹਿਆ
ਹੁਸ਼ਿਆਰਪੁਰ ਦੇ ਐੱਸਪੀ (ਪੀਬੀਆਈ) ਮੇਜਰ ਸਿੰਘ ਨੇ ਦੱਸਿਆ ਕਿ ਨੀਲਮ ਅਤੇ ਉਸਦੇ ਪਰਿਵਾਰ ਖ਼ਿਲਾਫ਼ ਨਸ਼ਾ ਤਸਕਰੀ ਦੇ ਕੁੱਲ 13 ਮਾਮਲੇ ਦਰਜ ਹਨ, ਜਿਨ੍ਹਾਂ ਵਿੱਚੋਂ ਕਈਆਂ ਵਿੱਚ ਸਜ਼ਾ ਹੋ ਚੁੱਕੀ ਹੈ, ਜਦਕਿ ਕੁਝ ਮਾਮਲੇ ਅਦਾਲਤ ਵਿੱਚ ਵਿਚਾਰ ਅਧੀਨ ਹਨ।
Publish Date: Mon, 27 Apr 2026 07:07 PM (IST)
Updated Date: Mon, 27 Apr 2026 07:11 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪਿੰਡ ਸਰਹਾਲਾ ਕਲਾਂ ਵਿੱਚ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕਰਦਿਆਂ ਨਸ਼ਾ ਤਸਕਰੀ ਨਾਲ ਜੁੜੇ ਇਕ ਪਰਿਵਾਰ ਦਾ ਗੈਰਕਾਨੂੰਨੀ ਕਬਜ਼ਾ ਹਟਾਇਆ ਗਿਆ। ਇਸ ਦੌਰਾਨ ਜੇਸੀਬੀ ਮਸ਼ੀਨ ਦੀ ਮਦਦ ਨਾਲ ਪੰਚਾਇਤੀ ਜ਼ਮੀਨ ’ਤੇ ਬਣਿਆ ਨਾਜਾਇਜ਼ ਇਕ ਘਰ ਢਾਹ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੁਸ਼ਿਆਰਪੁਰ ਦੇ ਐੱਸਪੀ (ਪੀਬੀਆਈ) ਮੇਜਰ ਸਿੰਘ ਨੇ ਦੱਸਿਆ ਕਿ ਨੀਲਮ ਅਤੇ ਉਸਦੇ ਪਰਿਵਾਰ ਖ਼ਿਲਾਫ਼ ਨਸ਼ਾ ਤਸਕਰੀ ਦੇ ਕੁੱਲ 13 ਮਾਮਲੇ ਦਰਜ ਹਨ, ਜਿਨ੍ਹਾਂ ਵਿੱਚੋਂ ਕਈਆਂ ਵਿੱਚ ਸਜ਼ਾ ਹੋ ਚੁੱਕੀ ਹੈ, ਜਦਕਿ ਕੁਝ ਮਾਮਲੇ ਅਦਾਲਤ ਵਿੱਚ ਵਿਚਾਰ ਅਧੀਨ ਹਨ।
ਉਨ੍ਹਾਂ ਦੱਸਿਆ ਕਿ ਇਹ ਪਰਿਵਾਰ ਪਿੰਡ ਵਿੱਚ ਨਸ਼ੇ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ ਅਤੇ ਨਾਲ ਹੀ ਪੰਚਾਇਤੀ ਜ਼ਮੀਨ ’ਤੇ ਗੈਰਕਾਨੂੰਨੀ ਕਬਜ਼ਾ ਕਰਕੇ ਘਰ ਬਣਾਇਆ ਹੋਇਆ ਸੀ। ਪੰਚਾਇਤ ਵੱਲੋਂ ਇਹ ਮਾਮਲਾ ਨਿਯਮਿਤ ਪ੍ਰਕਿਰਿਆ ਰਾਹੀਂ ਬੀਡੀਪੀਓ ਨੂੰ ਭੇਜਿਆ ਗਿਆ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।
ਐੱਸਪੀ ਮੇਜਰ ਸਿੰਘ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਪੁਲਿਸ ਸੁਰੱਖਿਆ ਦੇ ਕੇ ਪੰਚਾਇਤ ਨੂੰ ਜ਼ਮੀਨ ਦਾ ਕਬਜ਼ਾ ਵਾਪਸ ਦਿਵਾਇਆ ਗਿਆ। ਇਸ ਮੌਕੇ ਗੜ੍ਹਸ਼ੰਕਰ ਦੇ ਡੀਐਸਪੀ ਦਲਜੀਤ ਸਿੰਘ ਖੱਖ, ਪੰਚਾਇਤ ਮੈਂਬਰ, ਇਲਾਕੇ ਦੇ ਬੀਡੀਪੀਓ ਅਤੇ ਰੈਵਨਿਊ ਵਿਭਾਗ ਦੇ ਡਿਊਟੀ ਮਜਿਸਟ੍ਰੇਟ ਮੌਜੂਦ ਸਨ। ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ।
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੋ ਵੀ ਵਿਅਕਤੀ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹੋ ਕੇ ਲੋਕਾਂ ਨੂੰ ਇਸ ਵੱਲ ਧੱਕੇਗਾ, ਉਸਦਾ ਇਹੋ ਜਿਹਾ ਅੰਜਾਮ ਹੋਵੇਗਾ। ਉਨ੍ਹਾਂ ਨੇ ਨਸ਼ਾ ਤਸਕਰਾਂ ਨੂੰ ਅਪੀਲ ਕੀਤੀ ਕਿ ਇਹ ਗਲਤ ਕੰਮ ਛੱਡ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋਣ।
ਉਨ੍ਹਾਂ ਇਹ ਵੀ ਕਿਹਾ ਕਿ ਸਰਹਾਲਾ ਕਲਾਂ ਖੇਤਰ ਨਸ਼ਿਆਂ ਦਾ ਸੰਵੇਦਨਸ਼ੀਲ ਕੇਂਦਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕਈ ਅਜਿਹੇ ਖੇਤਰਾਂ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ 20 ਤੋਂ 25 ਤੱਕ ਮਾਮਲੇ ਦਰਜ ਹਨ ਅਤੇ ਪੁਲਿਸ ਵੱਲੋਂ ਇਸ ਖ਼ਿਲਾਫ਼ ਮੁਹਿੰਮ ਲਗਾਤਾਰ ਜਾਰੀ ਰਹੇਗੀ।