ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਖ਼ਿਲਾਫ਼ ਵਿੱਢੀ ਗਈ ਸਖ਼ਤ ਮੁਹਿੰਮ ਤਹਿਤ ਦੋ ਵੱਖ-ਵੱਖ ਥਾਵਾਂ ਤੋਂ ਵੱਡੀ ਕਾਰਵਾਈ ਕਰਦਿਆਂ ਦੋ ਨੌਜਵਾਨਾਂ ਨੂੰ ਨਸ਼ਾ ਕਰਦੇ ਹੋਏ ਮੌਕੇ 'ਤੇ ਹੀ ਦਬੋਚਣ ਦਾ ਦਾਅਵਾ ਕੀਤਾ ਗਿਆ ਹੈ।
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਖ਼ਿਲਾਫ਼ ਵਿੱਢੀ ਗਈ ਸਖ਼ਤ ਮੁਹਿੰਮ ਤਹਿਤ ਦੋ ਵੱਖ-ਵੱਖ ਥਾਵਾਂ ਤੋਂ ਵੱਡੀ ਕਾਰਵਾਈ ਕਰਦਿਆਂ ਦੋ ਨੌਜਵਾਨਾਂ ਨੂੰ ਨਸ਼ਾ ਕਰਦੇ ਹੋਏ ਮੌਕੇ 'ਤੇ ਹੀ ਦਬੋਚਣ ਦਾ ਦਾਅਵਾ ਕੀਤਾ ਗਿਆ ਹੈ। ਦੋਵਾਂ ਮਾਮਲਿਆਂ ਵਿੱਚ ਮੁਲਜ਼ਮਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਝਾੜੀਆਂ ਓਹਲੇ ਚੱਲ ਰਹੀ ਸੀ ਮੌਤ ਦੀ ਖੇਡ
ਹੁਸ਼ਿਆਰਪੁਰ ਦੇ ਥਾਣਾ ਮਾਡਲ ਟਾਊਨ ਦੇ ਅਧੀਨ ਆਉਂਦੇ ਇਲਾਕੇ ਵਿੱਚ ਪੁਲਿਸ ਨੇ ਤਤਪਰਤਾ ਦਿਖਾਉਂਦੇ ਹੋਏ ਇੱਕ ਨੌਜਵਾਨ ਨੂੰ ਨਸ਼ੇ ਦੀ ਹਾਲਤ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਏ.ਐਸ.ਆਈ. ਪਰਮਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਅਤੇ ਸਰਕਾਰੀ ਗੱਡੀ ਸਮੇਤ ਸ਼ੱਕੀ ਪੁਰਸ਼ਾਂ ਅਤੇ ਵਾਹਨਾਂ ਦੀ ਚੈਕਿੰਗ ਲਈ ਗਸ਼ਤ 'ਤੇ ਸਨ। ਇਹ ਪੁਲਿਸ ਪਾਰਟੀ ਭਗਤ ਨਗਰ ਤੋਂ ਹੁੰਦੀ ਹੋਈ ਜਦੋਂ ਵਣ ਵਿਭਾਗ ਦੇ ਦਫ਼ਤਰ ਬਸੀ ਜਾਨਾਂ ਤੋਂ ਪਿੱਛੇ ਜਾਂਦੇ ਕੱਚੇ ਰਸਤੇ ਰਾਹੀਂ ਪਿੰਡ ਹਰਦੋਖਾਨਪੁਰ ਵੱਲ ਜਾ ਰਹੀ ਸੀ, ਤਾਂ ਰਸਤੇ ਦੇ ਸੱਜੇ ਪਾਸੇ ਝਾੜੀਆਂ ਵਿੱਚ ਇੱਕ ਸ਼ੱਕੀ ਹਲਚਲ ਦਿਖਾਈ ਦਿੱਤੀ।
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਝਾੜੀਆਂ ਦੀ ਓਹਲੇ ਇੱਕ ਮੋਨਾ ਨੌਜਵਾਨ ਬੈਠਾ ਹੋਇਆ ਸੀ, ਜੋ ਆਪਣੇ ਸੱਜੇ ਹੱਥ ਵਿੱਚ ਫੜੇ ਲਾਈਟਰ ਨਾਲ ਖੱਬੇ ਹੱਥ ਵਿੱਚ ਫੜੀ ਸਿਲਵਰ ਵਰਕ ਦੀ ਪੰਨੀ (ਐਲੂਮੀਨੀਅਮ ਫੋਇਲ) ਦੇ ਹੇਠਾਂ ਅੱਗ ਬਾਲ ਰਿਹਾ ਸੀ। ਉਸ ਨੇ 10 ਰੁਪਏ ਦੇ ਨੋਟ ਨੂੰ ਰੋਲ ਕਰਕੇ ਇੱਕ ਪਾਈਪ ਵਰਗਾ ਬਣਾਇਆ ਹੋਇਆ ਸੀ, ਜਿਸ ਨੂੰ ਮੂੰਹ ਵਿੱਚ ਰੱਖ ਕੇ ਉਹ ਸਿਲਵਰ ਪੰਨੀ ਦੇ ਉੱਪਰੋਂ ਉੱਡ ਰਹੇ ਨਸ਼ੀਲੇ ਧੂੰਏਂ ਨੂੰ ਕਥਿਤ ਤੌਰ ’ਤੇ ਨੱਕ ਰਾਹੀਂ ਅੰਦਰ ਖਿੱਚ ਰਿਹਾ ਸੀ।
ਪੁਲਿਸ ਪਾਰਟੀ ਨੂੰ ਅਚਾਨਕ ਸਾਹਮਣੇ ਦੇਖ ਕੇ ਨੌਜਵਾਨ ਘਬਰਾ ਗਿਆ। ਉਸ ਨੇ ਨਸ਼ੇ ਵਾਲੀ ਸਮੱਗਰੀ ਤੁਰੰਤ ਇੱਕ ਪਾਸੇ ਸੁੱਟ ਦਿੱਤੀ ਅਤੇ ਮੌਕੇ ਤੋਂ ਖਿਸਕਣ ਦੀ ਕੋਸ਼ਿਸ਼ ਕੀਤੀ। ਪਰ ਮੁਸਤੈਦ ਪੁਲਿਸ ਕਰਮਚਾਰੀਆਂ ਨੇ ਉਸ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸ ਦੀ ਪਛਾਣ ਕ੍ਰਿਸ਼ਨ ਚੰਦ ਉਰਫ ਸਾਜਨ ਪੁੱਤਰ ਬਲਵੀਰ ਚੰਦ, ਵਾਸੀ ਹਰਦੋਖਾਨਪੁਰ, ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲਿਸ ਨੇ ਮੌਕੇ ਤੋਂ ਕਾਲੀ ਹੋਈ ਸਿਲਵਰ ਪੰਨੀ, 10 ਰੁਪਏ ਦੇ ਨੋਟ ਦੀ ਬਣੀ ਪਾਈਪ ਅਤੇ ਲਾਈਟਰ ਬਰਾਮਦ ਕਰਕੇ ਕੇਸ ਦਰਜ ਕਰ ਲਿਆ ਹੈ।
ਦਸੂਹਾ ਪੁਲਿਸ ਵੱਲੋਂ ਸਰਿੰਜ ਨਾਲ ਨਸ਼ਾ ਲਗਾਉਂਦਾ ਨੌਜਵਾਨ ਗ੍ਰਿਫਤਾਰ
ਦੂਜਾ ਮਾਮਲਾ ਦਸੂਹਾ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਇੱਕ ਨੌਜਵਾਨ ਨੂੰ ਬਾਂਹ ਵਿੱਚ ਨਸ਼ੇ ਦਾ ਇੰਜੈਕਸ਼ਨ ਲਗਾਉਂਦੇ ਹੋਏ ਰੰਗੇ ਹੱਥੀਂ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਪੁਲਿਸ ਮੁਤਾਬਕ ਏ.ਐਸ.ਆਈ. ਰਕੇਸ਼ ਕੁਮਾਰ ਆਪਣੀ ਸਾਥੀ ਕਰਮਚਾਰੀਆਂ ਦੀ ਟੀਮ ਨਾਲ ਬੱਸ ਸਟੈਂਡ ਦਸੂਹਾ ਤੋਂ ਲੰਗਰਪੁਰ ਕੈਂਥਾ ਮੁਹੱਲਾ ਵੱਲ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਕੈਂਥਾਂ ਮੁਹੱਲਾ ਦੇ ਨਜ਼ਦੀਕ ਇੱਕ ਬੰਦ ਪਏ ਪੋਲਟਰੀ ਫਾਰਮ ਕੋਲ ਪਹੁੰਚੀ, ਤਾਂ ਉੱਥੇ ਰਸਤੇ ਦੀ ਪਗਡੰਡੀ ਦੇ ਕਿਨਾਰੇ ਇੱਕ ਨੌਜਵਾਨ ਸ਼ੱਕੀ ਹਾਲਤ ਵਿੱਚ ਬੈਠਾ ਦਿਖਾਈ ਦਿੱਤਾ।
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਦੋਂ ਨਜ਼ਦੀਕ ਜਾ ਕੇ ਦੇਖਿਆ ਗਿਆ ਤਾਂ ਉਹ ਨੌਜਵਾਨ ਆਪਣੀ ਬਾਂਹ ਵਿੱਚ ਕਥਿਤ ਤੌਰ ’ਤੇ ਨਸ਼ੇ ਦੀ ਸਰਿੰਜ ਲਗਾ ਰਿਹਾ ਸੀ। ਪੁਲਿਸ ਦੀ ਸਰਕਾਰੀ ਗੱਡੀ ਅਤੇ ਮੁਲਾਜ਼ਮਾਂ ਨੂੰ ਦੇਖਦਿਆਂ ਹੀ ਮੁਲਜ਼ਮ ਦੇ ਹੋਸ਼ ਉੱਡ ਗਏ। ਉਸ ਨੇ ਤੁਰੰਤ ਸਰਿੰਜ ਉੱਥੇ ਹੀ ਸੁੱਟ ਦਿੱਤੀ ਅਤੇ ਉੱਥੋਂ ਦੌੜਨ ਦੀ ਨਾਕਾਮ ਕੋਸ਼ਿਸ਼ ਕੀਤੀ। ਪੁਲਿਸ ਕਰਮਚਾਰੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਉਸ ਨੂੰ ਮੌਕੇ 'ਤੇ ਹੀ ਦਬੋਚ ਲਿਆ। ਮੁਲਜ਼ਮ ਦੀ ਪਛਾਣ ਰਿਸ਼ਵ ਕੁਮਾਰ ਉਰਫ ਰਿਸ਼ੂ ਉਰਫ ਪਾਟਾ, ਪੁੱਤਰ ਮਹਿੰਦਰ ਸਿੰਘ, ਵਾਸੀ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ।