ਵੀਰੇਨ, ਜਪਲੀਨ ਤੇ ਅਭਿਮਨਿਊ ਨੇ ਜਿੱਤੇ ਡਬਲ ਖਿਤਾਬ
ਵੀਰੇਨ, ਜਪਲੀਨ ਤੇ ਅਭਿਮਨਿਊ ਨੇ ਪੰਜਾਬ ਸਟੇਟ ਰੈਂਕਿੰਗ ਟੂਰਨਾਮੈਂਟ ਵਿੱਚ ਜਿੱਤੇ ਡਬਲ ਖਿਤਾਬ
Publish Date: Fri, 22 May 2026 09:43 PM (IST)
Updated Date: Fri, 22 May 2026 09:46 PM (IST)

-ਜਲੰਧਰ ’ਚ ਚਾਰ ਦਿਨਾਂ ਚੈਂਪੀਅਨਸ਼ਿਪ ਦਾ ਹੋਇਆ ਸਮਾਪਨ -ਰਾਜਿੰਦਰ ਬੇਰੀ ਨੇ ਜੇਤੂਆਂ ਨੂੰ ਕੀਤਾ ਸਨਮਾਨਿਤ-- ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰਾਏਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ, ਜਲੰਧਰ ’ਚ ਹੋਏ ਚਾਰ ਦਿਨਾਂ ਪੰਜਾਬ ਸਟੇਟ ਸਬ-ਜੂਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਦਾ ਅੱਜ ਸਫਲਤਾਪੂਰਵਕ ਸਮਾਪਨ ਹੋ ਗਿਆ। ਇਹ ਚੈਂਪੀਅਨਸ਼ਿਪ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਤਹਿਤ ਕਰਵਾਈ ਗਈ, ਜਿਸ ’ਚ ਸੂਬੇ ਭਰ ਤੋਂ ਨੌਜਵਾਨ ਖਿਡਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਅੰਡਰ-17 ਵਰਗ ਵਿੱਚ ਜਲੰਧਰ ਦੇ ਵੀਰੇਨ ਸੇਠ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜ਼ੋਰਾਵਰ ਸਿੰਘ ਦੇ ਨਾਲ ਬੋਇਜ਼ ਡਬਲਜ਼ ਖਿਤਾਬ ਜਿੱਤਣ ਦੇ ਨਾਲ-ਨਾਲ ਬੋਇਜ਼ ਸਿੰਗਲਜ਼ ਦਾ ਖਿਤਾਬ ਵੀ ਆਪਣੇ ਨਾਮ ਕੀਤਾ। ਇਸੇ ਤਰ੍ਹਾਂ ਇਨਾਇਤ ਗੁਲਾਟੀ ਨੇ ਗਰਲਜ਼ ਸਿੰਗਲਜ਼ ਦਾ ਖਿਤਾਬ ਜਿੱਤਿਆ। ਅੰਡਰ-15 ਵਰਗ ਵਿੱਚ ਅਭਿਮਨਿਊ ਸਿੰਘ ਨੇ ਬੋਇਜ਼ ਸਿੰਗਲਜ਼ ਦਾ ਖਿਤਾਬ ਆਪਣੇ ਨਾਂ ਕੀਤਾ ਤੇ ਜ਼ੋਰਾਵਰ ਸਿੰਘ ਨਾਲ ਮਿਲ ਕੇ ਬੋਇਜ਼ ਡਬਲਜ਼ ਚੈਂਪੀਅਨਸ਼ਿਪ ਵੀ ਜਿੱਤੀ। ਦੂਜੇ ਪਾਸੇ ਜਪਲੀਨ ਕੌਰ ਨੇ ਗਰਲਜ਼ ਸਿੰਗਲਜ਼ ਦਾ ਖਿਤਾਬ ਜਿੱਤਣ ਦੇ ਨਾਲ-ਨਾਲ ਆਰਾਧਿਆ ਸਿੰਘ ਦੇ ਨਾਲ ਮਿਲ ਕੇ ਗਰਲਜ਼ ਡਬਲਜ਼ ਟ੍ਰਾਫੀ ਵੀ ਆਪਣੇ ਨਾਮ ਕੀਤੀ। ਇਨਾਮ ਵੰਡ ਸਮਾਗਮ ’ਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਿੰਦਰ ਬੇਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਜੇਤੂਆਂ ਅਤੇ ਉਪ-ਜੇਤੂਆਂ ਨੂੰ ਟ੍ਰਾਫੀਆਂ, ਨਕਦ ਇਨਾਮ ਅਤੇ ਹੋਰ ਆਕਰਸ਼ਕ ਇਨਾਮ ਵੰਡੇ। ਸਭਾ ਨੂੰ ਸੰਬੋਧਨ ਕਰਦੇ ਹੋਏ ਰਾਜਿੰਦਰ ਬੇਰੀ ਨੇ ਬੱਚਿਆਂ ਦੇ ਸਰਬਪੱਖੀ ਵਿਕਾਸ ਵਿੱਚ ਖੇਡਾਂ ਦੀ ਮਹੱਤਵਪੂਰਨ ਭੂਮਿਕਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ ਨੂੰ ਤੰਦਰੁਸਤ, ਸਰਗਰਮ ਅਤੇ ਸਰੀਰਕ ਤੌਰ ‘ਤੇ ਫਿੱਟ ਰੱਖਣ ਦੇ ਨਾਲ-ਨਾਲ ਅਨੁਸ਼ਾਸਨ, ਟੀਮ ਭਾਵਨਾ, ਸਮਰਪਣ, ਨੇਤ੍ਰਿਤਵ ਸਮਰੱਥਾ ਅਤੇ ਦੂਜਿਆਂ ਪ੍ਰਤੀ ਸਤਿਕਾਰ ਵਰਗੀਆਂ ਅਹਿਮ ਕਦਰਾਂ-ਕੀਮਤਾਂ ਸਿੱਖਿਆ ਵੀ ਦਿੰਦੀਆਂ ਹਨ। ਉਨ੍ਹਾਂ ਕਿਹਾ, ਖੇਡਾਂ ਸਿਰਫ਼ ਮੈਡਲ ਅਤੇ ਟ੍ਰਾਫੀਆਂ ਜਿੱਤਣ ਤੱਕ ਸੀਮਿਤ ਨਹੀਂ ਹੁੰਦੀਆਂ, ਸਗੋਂ ਇਹ ਬੱਚਿਆਂ ਨੂੰ ਕਾਮਯਾਬੀ ਅਤੇ ਨਾਕਾਮੀ ਦੋਵਾਂ ਦਾ ਆਤਮਵਿਸ਼ਵਾਸ, ਧੀਰਜ ਅਤੇ ਸਕਾਰਾਤਮਕ ਸੋਚ ਨਾਲ ਸਾਹਮਣਾ ਕਰਨਾ ਵੀ ਸਿਖਾਉਂਦੀਆਂ ਹਨ।’ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਰਿਤਿਨ ਖੰਨਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਤੋਂ ਲਗਭਗ 400 ਖਿਡਾਰੀਆਂ ਨੇ ਹਿੱਸਾ ਲਿਆ। ਚਾਰ ਦਿਨਾਂ ਤੱਕ ਚੱਲੇ ਇਸ ਟੂਰਨਾਮੈਂਟ ਵਿੱਚ ਅੰਡਰ-15 ਅਤੇ ਅੰਡਰ-17 ਉਮਰ ਵਰਗ ਦੇ ਲੜਕਿਆਂ ਅਤੇ ਲੜਕੀਆਂ ਦੇ ਕੁੱਲ 10 ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ 500 ਤੋਂ ਵੱਧ ਮੈਚ ਖੇਡੇ ਗਏ। ਇਸ ਮੌਕੇ ‘ਤੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸੀਨੀਅਰ ਅਹੁਦੇਦਾਰ ਰਾਕੇਸ਼ ਖੰਨਾ, ਨਰੇਸ਼ ਬੁੱਧੀਆ, ਕੁਸੁਮ ਕੇਪੀ ਤੇ ਧੀਰਜ ਸ਼ਰਮਾ ਵੀ ਮੌਜੂਦ ਸਨ।