ਵਿਜੀਲੈਂਸ ਨੇ ਨਿਗਮ ਤੋਂ ਨਵੀਂ ਖਰੀਦੀ ਗਈ 12 ਕਰੋੜ ਦੀ ਮਸ਼ੀਨਰੀ ਦਾ ਰਿਕਾਰਡ ਮੰਗਿਆਂ

ਸਮਾਰਟ ਸਿਟੀ ਨੇ ਨਵੀਂ ਮਸ਼ੀਨਰੀ ਲਈ 42 ਕਰੋੜ ਨਿਗਮ ਦੇ ਖਾਤੇ ’ਚ ਜਮ੍ਹਾਂ ਕਰਵਾਏ ਸਨ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਪੰਜਾਬ ਵਿਜੀਲੈਂਸ ਵੱਲੋਂ ਨਗਰ ਨਿਗਮ ਤੋਂ ਨਵੀਂ ਖਰੀਦੀ ਗਈ ਮਸ਼ੀਨਰੀ ਦਾ ਰਿਕਾਰਡ ਮੰਗਿਆ ਹੈ ਤੇ ਇਸ ਤੋਂ ਪਹਿਲੇ ਸਮਾਰਟ ਸਿਟੀ ਦੇ ਕਈ ਪ੍ਰਾਜੈਕਟਾਂ ਦੀ ਜਾਂਚ ਵੀ ਵਿਜੀਲੈਂਸ ਕਰ ਰਹੀ ਹੈ ਤੇ ਉਸ ਦਾ ਵੀ ਸਾਰਾ ਰਿਕਾਰਡ ਵਿਜੀਲੈਂਸ ਕੋਲ ਮੌਜੂਦ ਹੈ। ਨਗਰ ਨਿਗਮ ਦੇ ਸੂਤਰਾਂ ਅਨੁਸਾਰ ਨਵੀ ਮਸ਼ੀਨਰੀ ਨਗਰ ਨਿਗਮ ਦੇ ਓਐਂਡਐੱਮ ਦੀ ਐੱਸਡੀਓ ਸਾਕਸ਼ੀ ਦੇ ਜਲੰਧਰ ਤਾਇਨਾਤੀ ਦੌਰਾਨ ਖਰੀਦੀ ਗਈ ਸੀ ਤੇ ਜਿਹੜੀ 12 ਕਰੋੜ ਦੀ ਖਰੀਦ ਕੀਤੀ ਗਈ ਹੈ, ਉਸ ’ਚ ਕਿਹੜੀਆਂ ਗੱਡੀਆਂ, ਟਰੈਕਟਰ ਟਰਾਲੀਆਂ ਤੇ ਹੋਰ ਟ੍ਰਾਸਪੋਰਟ ਸ਼ਾਮਲ ਹੈ, ਦੀ ਵਿਸਥਾਰ ਨਾਲ ਜਾਣਕਾਰੀ ਮੰਗੀ ਗਈ ਹੈ।
---
ਸਮਾਰਟ ਸਿਟੀ ਨੇ ਮਸ਼ੀਨਰੀ ਲਈ ਦਿੱਤੇ ਸਨ 42 ਕਰੋੜ
ਸਮਾਰਟ ਸਿਟੀ ਕੰਪਨੀ ਦੇ ਉਸ ਸਮੇਂ ਦੇ ਸੀਈਓ ਅਤੇ ਨਗਰ ਨਿਗਮ ਦੇ ਸਾਬਕਾ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਲਗਪਗ 4 ਸਾਲ ਪਹਿਲੇ 42 ਕਰੋੜ ਰੁਪਏ ਦੀ ਰਕਮ ਨਗਰ ਨਿਗਮ ਦੇ ਖਾਤੇ ’ਚ ਜਮ੍ਹਾਂ ਕਰਵਾਈ ਸੀ। ਇਹ ਰਕਮ ਲਗਪਗ 3 ਸਾਲ ਤੱਕ ਪਈ ਰਹੀ ਤੇ ਨਵੀ ਮਸ਼ੀਨਰੀ ਦੀ ਖਰੀਦ ਨਿਗਮ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਗਈ ਤੇ ਹੁਣ ਜਿਹੜੀ ਚਾਲੂ ਮਾਲੀ ਸਾਲ 2026 ’ਚ 12 ਕਰੋੜ ਦੀ ਖਰੀਦੀ ਗਈ, ਉਹ ਓਐਂਡਐੱਮ ਦੀ ਐੱਸਡੀਓ ਸਾਕਸ਼ੀ ਦੇ ਸਮੇਂ ਖਰੀਦੀ ਗਈ। ਜਦੋਂਕਿ ਲਗਪਗ 30 ਕਰੋੜ ਰੁਪਏ ਦੀ ਅਜੇ ਹੋਰ ਮਸ਼ੀਨਰੀ ਖਰੀਦੀ ਜਾਣੀ ਹੈ ਪਰ ਉਹ ਕਦੋਂ ਖਰੀਦੀ ਜਾਵੇਗੀ ਅਜੇ ਕੁਝ ਪਤਾ ਨਹੀਂ ਹੈ।
---
ਵਰਕਸ਼ਾਪ ਦੀ ਵੀ ਰਿਪੋਰਟ ਮੰਗੀ
ਇਹ ਵੀ ਪਤਾ ਲੱਗਾ ਹੈ ਕਿ ਵਿਜੀਲੈਂਸ ਨੇ ਨਗਰ ਨਿਗਮ ਦੀ ਨਵੀਂ ਮਸ਼ੀਨਰੀ ਦੀ ਖਰੀਦ ਦੇ ਨਾਲ-ਨਾਲ ਸ਼ੱਕ ਦੇ ਆਧਾਰ ’ਤੇ ਨਗਰ ਨਿਗਮ ਦੀ ਲੰਮਾ ਪਿੰਡ ਵਰਕਸ਼ਾਪ ਦਾ ਰਿਕਾਰਡ ਵੀ ਤਲਬ ਕੀਤਾ ਹੈ ਤੇ ਉਥੇ ਜਿਹੜੀ ਵੀ ਪੁਰਾਣੀ ਮਸ਼ੀਨਰੀ ਲਈ ਖਰੀਦ ਆਦਿ ਕੀਤੀ ਗਈ, ਉਸ ਦੀ ਵੀ ਜਾਂਚ ਕੀਤੀ ਜਾਵੇਗੀ।
---
ਸੋਮਵਾਰ ਰਿਪੋਰਟ ਦਿੱਤੀ ਜਾਵੇਗੀ : ਐੱਸਈ
ਨਗਰ ਨਿਗਮ ਨੇ ਵਿਜੀਲੈਂਸ ਵੱਲੋਂ ਨਵੀਂ ਮਸ਼ੀਨਰੀ ਦੇ ਮੰਗੇ ਰਿਕਾਰਡ ਦੀ ਪੁਸ਼ਟੀ ਕਰਦੇ ਹੋਏ ਓਐਂਡਐੱਮ ਦੇ ਐੱਸਈ ਜਸਪਾਲ ਸਿੰਘ ਨੇ ਕਿਹਾ ਹੈ ਕਿ ਵਿਜੀਲੈਂਸ ਨੇ ਐੱਸਡੀਓ ਸਾਕਸ਼ੀ ਜੋ ਕਿ ਇਸ ਸਮੇਂ ਅੰਮ੍ਰਿਤਸਰ ’ਚ ਨਗਰ ਨਿਗਮ ਵਿਖੇ ਤਾਇਨਾਤ ਹੈ, ਦੀ ਸਰਵਿਸ ਰਿਪੋਰਟ ਮੰਗੀ ਹੈ ਤੇ ਉਹ ਕਿੰਨਾ ਸਮਾਂ ਜਲੰਧਰ ਤਾਇਨਾਤ ਰਹੀ ਅਤੇ ਉਸ ਦੇ ਘਰ ਦਾ ਪਤਾ ਮੰਗਿਆ ਹੈ। ਜੋ ਰਿਕਾਰਡ ਵਿਜੀਲੈਂਸ ਨੇ ਮੰਗਿਆ ਹੈ, ਉੁਹ ਸੋਮਵਾਰ ਨੂੰ ਵਿਜੀਲੈਂਸ ਦਫਤਰ ਭੇਜ ਦਿੱਤਾ ਜਾਏਗਾ।
---
ਚੋਰੀ ਹੋ ਚੁੱਕੀਆਂ ਹਨ ਨਵੀ ਮਸ਼ੀਨਰੀ ਦੀਆਂ ਬੈਟਰੀਆਂ
ਕਾਬਿਲੇਗ਼ੌਰ ਹੈ ਨਗਰ ਨਿਗਮ ਵੱਲੋਂ ਖਰੀਦੀ ਗਈ ਨਵੀ ਮਸ਼ੀਨਰੀ ’ਚ ਆਏ ਬੈਟਰੀ ਵਾਲੇ 17 ਫੋਰਵੀਲਰਾਂ ਦੀਆਂ ਨਿਗਮ ਕੈਂਪਸ ਤੋਂ ਬੈਟਰੀਆਂ ਚੋਰੀ ਹੋ ਚੁੱਕੀਆਂ ਹਨ ਪਰ ਅਜੇ ਤਕ ਉਸ ਦੀ ਵੀ ਐੱਫਆਈਆਰ ਨਹੀਂ ਹੋ ਸਕੀ ਹੈ। ਜਦਕਿ ਮੇਅਰ ਤੇ ਕਮਿਸ਼ਨਰ ਨੇ ਓਐਂਡਐੱਮ ਬ੍ਰਾਂਚ ਨੂੰ ਐੱਫਆਈਆਰ ਦਰਜ ਕਰਵਾਉਣ ਦੇ ਹੁਕਮ ਦਿੱਤੇ ਸਨ।