ਹੋਟਲ ਮੈਨੇਜਰ ਨੂੰ ਦਰੜਣ ਦੀ ਕੀਤੀ ਕੋਸ਼ਿਸ਼
ਵੇਰਕਾ ਮਿਲਕ ਪਲਾਂਟ ਦੇ ਡਰਾਈਵਰ ਵੱਲੋਂ ਹੋਟਲ ਮੈਨੇਜਰ ਨੂੰ ਦਰੜਨ ਦੀ ਕੀਤੀ ਕੋਸ਼ਿਸ਼
Publish Date: Fri, 15 May 2026 10:40 PM (IST)
Updated Date: Fri, 15 May 2026 10:42 PM (IST)
-ਲੋਕਾਂ ਦੀ ਹੁਸ਼ਿਆਰੀ ਨਾਲ ਹੋਟਲ ਮੈਨੇਜਰ ਨੇ ਛਲਾਂਗ ਲਾ ਕੇ ਬਚਾਈ ਜਾਨ
-ਮਿਲਕ ਪਲਾਂਟ ਦੇ ਵਾਹਨ ਨੂੰ ਹਾਈ ਸਕਿਓਰਟੀ ਨੰਬਰ ਪਲੇਟ ਨਾਲ ਕੀਤੀ ਹੋਈ ਹੈ ਛੇੜਛਾੜ
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਤੜਕਸਾਰ ਡੀਏਵੀ ਕਾਲਜ ਦੇ ਪੁਲ ਉੱਪਰ ਵੇਰਕਾ ਮਿਲਕ ਪਲਾਂਟ ਦੇ (ਪੀਬੀ-08--ਈ ਜੇ 26 72)ਫੋਰ ਵੀਲਰ ਚਾਲਕ ਵੱਲੋਂ ਸਾਈਕਲ ਸਵਾਰ ਹੋਟਲ ਮੈਨੇਜਰ ਨੂੰ ਦਰੜਨ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਪਿੱਛੇ ਹੀ ਆ ਰਹੇ ਹੋਰ ਲੋਕਾਂ ਵੱਲੋਂ ਰੌਲਾ ਪਾ ਕੇ ਸਾਈਕਲ ਸਵਾਰ ਦੀ ਜਾਨ ਬਚਾਈ। ਮਕਸੂਦਾਂ ’ਚ ਰਹਿਣ ਵਾਲੇ ਮੈਨੇਜਰ ਦਾ ਕਹਿਣਾ ਹੈ ਕਿ ਉਹ ਰਾਤ ਦੀ ਡਿਊਟੀ ਕਰਕੇ ਸਵੇਰ ਵੇਲੇ ਸਾਈਕਲ ’ਤੇ ਘਰ ਆ ਰਿਹਾ ਸੀ ਤਾਂ ਪੁਲ ਉੱਪਰ ਪਿੱਛੋਂ ਆਏ ਤੇਜ਼ ਰਫਤਾਰ ਵੇਰਕਾ ਮਿਲਕ ਪਲਾਂਟ ਦੇ ਵਾਹਨ ਚਾਲਕ ਵੱਲੋਂ ਵਾਹਨ ਹੇਠਾਂ ਦੇਣ ਦੀ ਕੋਸ਼ਿਸ਼ ਕੀਤੀ।
--
ਵਾਹਨ ਚਾਲਕ ਲੋਕਾਂ ਨਾਲ ਉਲਝਿਆ : ਮੌਕੇ ’ਤੇ ਸਾਈਕਲ ਸਵਾਰ ਦੀ ਜਾਨ ਬਚਾਉਣ ਵਾਲੇ ਲੋਕਾਂ ਵੱਲੋਂ ਬੜੀ ਮੁਸ਼ਕਤ ਨਾਲ ਵੇਰਕਾ ਮਿਲਕ ਪਲਾਂਟ ਦੇ ਫੋਰ ਵੀਲਰ ਚਾਲਕ ਨੂੰ ਰੋਕ ਤਾਂ ਲਿਆ ਪਰ ਜਿਵੇਂ ਹੀ ਲੋਕਾਂ ਵੱਲੋਂ ਉਸ ਨੂੰ ਰੋਕਿਆ ਗਿਆ ਤਾਂ ਵਾਹਨ ਚਾਲਕ ਲੋਕਾਂ ਨਾਲ ਉਲਝ ਗਿਆ। ਮੌਕੇ ’ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਉਤਰਦਿਆਂ ਸਾਰ ਡਰਾਈਵਰ ਹੀ ਆਪਣੇ ਸਮਰਥਕਾਂ ਨੂੰ ਟੈਲੀਫੋਨ ਕਰਨਾ ਸ਼ੁਰੂ ਕਰ ਦਿੱਤਾ ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਆਪਣੇ ਆਦਮੀ ਬੁਲਾ ਕੇ ਲੋਕਾਂ ਨੂੰ ਪਾਵਰ ਦਿਖਾਏਗਾ। ਲੋਕਾਂ ਵੱਲੋਂ ਮੌਕੇ ’ਤੇ ਥਾਣਾ-1 ਦੀ ਪੁਲਿਸ ਨੂੰ ਬੁਲਾਇਆ ਗਿਆ। ਪੀਸੀਆਰ ਮੁਲਾਜ਼ਮ ਹਰਬੰਸ ਸਿੰਘ ਨੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਡਰਾਈਵਰ ਧੌਂਸ ਦਿਖਾ ਰਿਹਾ ਸੀ ਜਦ ਉਸ ਨੂੰ ਵਰਜਿਆ ਤਾਂ ਮੁਆਫੀ ਮੰਗਣੀ ਸ਼ੁਰੂ ਕਰ ਦਿੱਤੀ ਤਾਂ ਉਸ ਨੂੰ ਥਾਣਾ-1 ਦੇ ਮੁਲਾਜ਼ਮਾਂ ਦੇ ਹਵਾਲੇ ਕਰ ਦਿੱਤਾ। ਇਸ ਸਬੰਧੀ ਥਾਣਾ-1 ਦੇ ਡਿਊਟੀ ਅਫਸਰ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਕੋਈ ਵੀ ਵਿਅਕਤੀ ਉਨ੍ਹਾਂ ਕੋਲ ਨਹੀਂ ਆਇਆ ਤੇ ਨਾ ਹੀ ਕਿਸੇ ਵੱਲੋਂ ਸ਼ਿਕਾਇਤ ਕੀਤੀ ਗਈ। ਇਥੇ ਇਹ ਵੀ ਦੱਸਣਯੋਗ ਹੈ ਕਿ ਵਾਹਨ ਚਾਲਕ ਵੱਲੋਂ ਹਾਈ ਸਕਿਊਰਿਟੀ ਨੰਬਰ ਪਲੇਟ ਨਾਲ ਛੇੜਛਾੜ ਕੀਤੀ ਹੋਈ ਸੀ, ਇਸ ਕਾਰਨ ਪਲੇਟ ਦਾ ਨੰਬਰ ਸਹੀ ਦਿਖਾਈ ਨਹੀਂ ਦੇ ਰਿਹਾ ਸੀ।