ਜਾਸ, ਜਲੰਧਰ : ਨਗਰ

ਜਾਸ, ਜਲੰਧਰ : ਨਗਰ ਨਿਗਮ ਜਲੰਧਰ ਦੀ ਤਹਿਬਾਜ਼ਾਰੀ ਸ਼ਾਖਾ ’ਚ ਵੱਡੇ ਪੱਧਰ ’ਤੇ ਗੜਬੜੀਆਂ ਦੀਆਂ ਸ਼ਿਕਾਇਤਾਂ ਸਾਹਮਣੇ ਆਉਣ ਮਗਰੋਂ ਮੇਅਰ ਵਨੀਤ ਧੀਰ ਨੇ ਇਸ ਸ਼ਾਖਾ ਦੀ ਮਾਨੀਟਰਿੰਗ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਨਾਲ ਹੀ ਇਹ ਵੀ ਤੈਅ ਕੀਤਾ ਗਿਆ ਹੈ ਕਿ ਤਹਿਬਾਜ਼ਾਰੀ ਸ਼ਾਖਾ ਦੀ ਫੀਸ ਪੂਰੀ ਤਰ੍ਹਾਂ ਆਨਲਾਈਨ ਕੀਤੀ ਜਾਵੇਗੀ। ਨਕਦ ਫੀਸ ਲੈਣ ਕਾਰਨ ਭ੍ਰਿਸ਼ਟਾਚਾਰ ਵਧ ਰਿਹਾ ਹੈ। ਦੋਸ਼ ਹੈ ਕਿ ਨਿਗਮ ਦੇ ਫੀਲਡ ਮੁਲਾਜ਼ਮ ਸ਼ਹਿਰ ਦੇ ਰੇਹੜੀ-ਫੜ੍ਹੀ ਵਾਲਿਆਂ 'ਤੇ ਦਬਾਅ ਬਣਾ ਰਹੇ ਹਨ ਕਿ ਉਹ ਆਪਣੀ ਮਹੀਨਾਵਾਰ ਤਹਿਬਾਜ਼ਾਰੀ ਫੀਸ ਆਨਲਾਈਨ ਜਮ੍ਹਾਂ ਨਾ ਕਰਕੇ ਨਕਦੀ ’ਚ ਦੇਣ। ਨਿਗਮ ਨੇ ਲਗਪਗ ਇਕ ਸਾਲ ਪਹਿਲਾਂ ਪਾਰਦਰਸ਼ਤਾ ਲਿਆਉਣ ਤੇ ਭ੍ਰਿਸ਼ਟਾਚਾਰ ਰੋਕਣ ਲਈ ਤਹਿਬਾਜ਼ਾਰੀ ਫੀਸ ਨੂੰ ਆਨਲਾਈਨ ਜਮ੍ਹਾਂ ਕਰਨ ਦੀ ਲੜੀ ਸ਼ੁਰੂ ਕੀਤੀ ਸੀ। ਇਸ ਤਹਿਤ ਰੇਹੜੀ, ਫੜੀ ਤੇ ਖੋਖਾ ਚਲਾਉਣ ਵਾਲਿਆਂ ਨੂੰ ਨਿਗਮ ਦੇ ਕਿਊਆਰ ਕੋਡ ਰਾਹੀਂ ਹਰ ਮਹੀਨੇ ਤੈਅ ਫੀਸ ਜਮ੍ਹਾਂ ਕਰਨੀ ਹੁੰਦੀ ਹੈ। ਆਨਲਾਈਨ ਭੁਗਤਾਨ ਨਾਲ ਪੈਸਾ ਸਿੱਧਾ ਨਿਗਮ ਦੇ ਖਾਤੇ ’ਚ ਜਾਂਦਾ ਹੈ ਤੇ ਹਰ ਟ੍ਰਾਂਜ਼ੈਕਸ਼ਨ ਦਾ ਡਿਜੀਟਲ ਰਿਕਾਰਡ ਬਣਦਾ ਹੈ। ‘ਅਦਾਰਾ ਜਾਗਰਣ’ ਨੇ ਤਹਿਬਾਜ਼ਾਰੀ ਸ਼ਾਖਾ ਦੀ ਫੀਸ ਵਸੂਲੀ ’ਚ ਗੜਬੜ ਦਾ ਮੁੱਦਾ ਉਠਾਇਆ ਸੀ। ਇਸ ਸਬੰਧੀ ਮੇਅਰ ਵਨੀਤ ਧੀਰ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਨੇ ਤਹਿਬਾਜ਼ਾਰੀ ਸ਼ਾਖਾ ਦੀ ਪੂਰੀ ਵਸੂਲੀ ਪ੍ਰਕਿਰਿਆ ਦੀ ਸਿੱਧੀ ਮਾਨੀਟਰਿੰਗ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ ਨਗਰ ਨਿਗਮ ਦਫਤਰ ’ਚ ਇਕ ਖਾਸ ਟੀਮ ਬਣਾਈ ਗਈ ਹੈ। ਮੇਅਰ ਵਨੀਤ ਧੀਰ ਨੇ ਕਿਹਾ ਕਿ ਸ਼ਹਿਰ ’ਚ ਜਿੰਨੀਆਂ ਰੇਹੜੀਆਂ ਹਨ, ਉਸ ਮੁਤਾਬਕ ਹਰ ਸਾਲ 20 ਕਰੋੜ ਰੁਪਏ ਫੀਸ ਆਉਣੀ ਚਾਹੀਦੀ ਹੈ ਪਰ ਨਿਗਮ ਨੂੰ 2 ਕਰੋੜ ਰੁਪਏ ਵੀ ਨਹੀਂ ਮਿਲ ਰਹੇ।
ਜੁਆਇੰਟ ਡਾ. ਮਨਦੀਪ ਕੌਰ ਨੇ ਖ਼ੁਦ ਮੈਦਾਨੀ ਪੱਧਰ ’ਤੇ ਕੰਮ ਕੀਤਾ ਹੈ। ਇਹ ਸਾਹਮਣੇ ਆਇਆ ਹੈ ਕਿ ਤਹਿਬਾਜ਼ਾਰੀ ਸ਼ਾਖਾ ਦੇ ਕੁਝ ਫੀਲਡ ਮੁਲਾਜ਼ਮ ਰੇਹੜੀ ਵਾਲਿਆਂ ਨੂੰ ਆਨਲਾਈਨ ਭੁਗਤਾਨ ਨਾ ਕਰਨ ਲਈ ਕਹਿੰਦੇ ਹਨ। ਮੁਲਾਜ਼ਮ ਇਹ ਦਬਾਅ ਬਣਾਉਂਦੇ ਹਨ ਕਿ ਉਹ ਨਕਦ ਹੀ ਦੇਣ ਤੇ ਜੇਕਰ ਫੀਸ ਆਨਲਾਈਨ ਦਿੱਤੀ ਜਾਂਦੀ ਹੈ ਤਾਂ ਉਹ ਉਨ੍ਹਾਂ ਦੀ ਰੇਹੜੀ ਜ਼ਬਤ ਕਰ ਲੈਣਗੇ। ਕਈ ਰੇਹੜੀ ਵਾਲਿਆਂ ਨੇ ਦੋਸ਼ ਲਾਇਆ ਕਿ ਨਕਦ ਦੇਣ ਮਗਰੋਂ ਉਨ੍ਹਾਂ ਨੂੰ ਜਾਂ ਤਾਂ ਰਸੀਦ ਨਹੀਂ ਦਿੱਤੀ ਜਾਂਦੀ ਜਾਂ ਫਿਰ ਜਿੰਨੀ ਰਕਮ ਦਿੱਤੀ ਜਾਂਦੀ ਹੈ, ਉਸ ਤੋਂ ਘੱਟ ਦੀ ਰਸੀਦ ਦੇ ਦਿੱਤੀ ਜਾਂਦੀ ਹੈ। ਡਾ. ਮਨਦੀਪ ਕੌਰ ਨੇ ਦੱਸਿਆ ਕਿ ਨਿਗਮ ਨੂੰ ਪਿਛਲੇ ਸਾਲ ’ਚ ਹੋਈ ਆਮਦਨੀ ਮੁਤਾਬਕ 4400 ਰੇਹੜੀਆਂ 'ਤੇ ਕਿਊਆਰ ਕੋਡ ਵਾਲੀ ਪਲੇਟ ਲਾਉਣ ਦੇ ਬਾਵਜੂਦ ਸਿਰਫ 128 ਲੋਕਾਂ ਨੇ ਹੀ ਕਿਊਆਰ ਕੋਡ ਰਾਹੀਂ ਲਗਪਗ 3.97 ਲੱਖ ਰੁਪਏ ਫੀਸ ਦਾ ਆਨਲਾਈਨ ਭੁਗਤਾਨ ਕੀਤਾ ਹੈ। 11256 ਭੁਗਤਾਨ ਨਕਦ ਆਏ ਹਨ ਤੇ 348 ਤੋਂ ਯੂਪੀਆਈ ਰਾਹੀਂ ਭੁਗਤਾਨ ਕੀਤਾ ਗਿਆ ਹੈ।
---
ਰਿਕਾਰਡ ’ਚ ਦਰਜ ਰੇਹੜੀ ਵਾਲਿਆਂ ਨਾਲ ਕੀਤਾ ਜਾ ਰਿਹੈ ਸੰਪਰਕ
ਮੇਅਰ ਦੇ ਨਿਰਦੇਸ਼ 'ਤੇ ਨਿਗਮ ਪ੍ਰਸ਼ਾਸਨ ਨੇ ਦੋ ਮੁਲਾਜ਼ਮਾਂ ਨੂੰ ਕ੍ਰਾਸ ਵੈਰੀਫਿਕੇਸ਼ਨ ਲਈ ਲਾਇਆ ਹੈ। ਇਹ ਟੀਮ ਨਿਗਮ ਦੇ ਰਿਕਾਰਡ ਵਿਚ ਦਰਜ ਸਾਰੇ ਰਜਿਸਟਰਡ ਰੇਹੜੀ ਵਾਲਿਆਂ ਨੂੰ ਵਾਰ-ਵਾਰ ਫੋਨ ਕਰ ਰਹੀ ਹੈ। ਫੋਨ 'ਤੇ ਰੇਹੜੀ ਵਾਲਿਆਂ ਤੋਂ ਤਿੰਨ ਮੁੱਖ ਸਵਾਲ ਪੁੱਛੇ ਜਾ ਰਹੇ ਹਨ। ਪਹਿਲਾ, ਤੁਸੀਂ ਹਰ ਮਹੀਨੇ ਨਿਗਮ ਨੂੰ ਕਿੰਨੀ ਤਹਿਬਾਜ਼ਾਰੀ ਫੀਸ ਦੇ ਰਹੇ ਹੋ। ਦੂਜਾ, ਇਹ ਫੀਸ ਤੁਸੀਂ ਨਕਦੀ ’ਚ ਜਮ੍ਹਾਂ ਕਰ ਰਹੇ ਹੋ ਜਾਂ ਆਨਲਾਈਨ ਮਾਧਿਅਮ ਰਾਹੀਂ। ਤੀਜਾ, ਜੇ ਫੀਸ ਆਨਲਾਈਨ ਨਹੀਂ ਦਿੱਤੀ ਜਾ ਰਹੀ ਤਾਂ ਇਸ ਛੇ ਕੀ ਕਾਰਨ ਹੈ। ਕੀ ਕੋਈ ਮੁਲਾਜ਼ਮ ਤੁਹਾਨੂੰ ਨਕਦ ਦੇਣ ਲਈ ਕਹਿ ਰਿਹਾ ਹੈ। ਕਈ ਜਗ੍ਹਾਂ ਤੋਂ ਰੇਹੜੀ ਵਾਲਿਆਂ ਦਾ ਜਵਾਬ ਹੈ ਕਿ ਹਰ ਮਹੀਨੇ ਫੀਲਡ ਮੁਲਾਜ਼ਮ ਆ ਕੇ 1000 ਤੋਂ 3000 ਰੁਪਏ ਨਕਦ ਮੰਗਦੇ ਹਨ। ਰਸੀਦ ਘੱਟ ਪੈਸਿਆਂ ਦੀ ਦਿੱਤੀ ਜਾਂਦੀ ਹੈ। ਆਨਲਾਈਨ ਦੇ ਬਦਲ ਪੁੱਛਣ 'ਤੇ ਕਹਿੰਦੇ ਹਨ ਕਿ ਮੁਲਾਜ਼ਮ ਇਸ ਲਈ ਮਨਾਂ ਕਰਦੇ ਹਨ ਤੇ ਧਮਕੀ ਦਿੰਦੇ ਹਨ ਕਿ ਅਗਲੀ ਵਾਰੀ ਰੇਹੜੀ ਨਹੀਂ ਲੱਗਣ ਦੇਣਗੇ। ਮੇਅਰ ਵਨੀਤ ਧੀਰ ਨੇ ਕਿਹਾ ਕਿ ਫੋਨ ਸਰਵੇ ਮਗਰੋਂ ਡਾਟੇ ਦਾ ਮਿਲਾਨ ਕੀਤਾ ਜਾਵੇਗਾ। ਜਿਨ੍ਹਾਂ ਮੁਲਾਜ਼ਮਾਂ ਦੇ ਇਲਾਕੇ ’ਚ ਸਭ ਤੋਂ ਜ਼ਿਆਦਾ ਨਕਦ ਭੁਗਤਾਨ ਦੇ ਮਾਮਲੇ ਆਉਣਗੇ, ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ, ਜਿਥੇ ਗੜਬੜੀ ਮਿਲੇਗੀ, ਉਨ੍ਹਾਂ ਇਲਾਕਿਆਂ ’ਚ ਤਾਇਨਾਤ ਮੁਲਾਜ਼ਮਾਂ 'ਤੇ ਕਾਰਵਾਈ ਕੀਤੀ ਜਾਵੇਗੀ।