ਅਣਮਿੱਥੇ ਸਮੇਂ ਲਈ ਹੜਤਾਲ ਦੀ ਜਥੇਬੰਦੀਆਂ ਵੱਲੋਂ ਹਮਾਇਤ
ਮਿਊਂਸਪਲ ਕਾਮਿਆਂ ਦੀ ਪੰਜਾਬ ਭਰ ‘ਚ ਅਣਮਿੱਥੇ ਸਮੇਂ ਲਈ ਹੜਤਾਲ ਨੂੰ ਵੱਖ ਵੱਖ ਜੱਥੇਬੰਦੀਆਂ ਵੱਲੋਂ ਹਮਾਇਤ
Publish Date: Wed, 06 May 2026 09:04 PM (IST)
Updated Date: Wed, 06 May 2026 09:05 PM (IST)

ਕੱਚੇ ਕਾਮੇ ਪੱਕੇ ਕਰਨ, ਘੱਟੋਂ-ਘੱਟ ਉਜਰਤ 40 ਹਜ਼ਾਰ ਰੁਪਏ ਕਰਨ ਸਮੇਤ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖਾਸ : ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਅਤੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ਤੇ ਪੰਜਾਬ ਭਰ ਦੇ ਸਫ਼ਾਈ ਕਰਮਚਾਰੀ ਕੰਮ ਛੱਡ ਕੇ ਅਣਮਿੱਥੇ ਸਮੇਂ ਲਈ ਲੋਹੀਆਂ ਖ਼ਾਸ ਵਿਚ ਹੜਤਾਲ ਕੀਤੀ ਗਈ , ਜਿਸ ਨੂੰ ਪੇਂਡੂ ਮਜ਼ਦੂਰ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਵੱਲੋਂ ਧਰਨੇ ’ਚ ਪੁੱਜ ਕੇ ਹਮਾਇਤ ਕੀਤੀ ਗਈ। ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਪੇਂਡੂ ਸਫ਼ਾਈ ਕਰਮਚਾਰੀ ਯੂਨੀਅਨ ਦੇ ਸੂਬਾ ਆਗੂ ਪ੍ਰੇਮ ਸਰਸਰ, ਸੰਦੀਪ ਸਿੰਘ ਨਾਗਪਾਲ ਵੱਲੋਂ ਦੱਸਿਆ ਗਿਆ ਕਿ ਅੱਜ ਪੰਜਾਬ ਭਰ ਦੇ ਨਿਗਮਾਂ, ਨਗਰ ਕੌਸਲਾਂ ਤੇ ਨਗਰ ਪੰਚਾਇਤਾਂ ਅਧੀਨ 140 ਤੋਂ ਵੱਧ ਸਟੇਸ਼ਨਾਂ ਤੇ ਸਫ਼ਾਈ ਸੇਵਕਾਂ ਨੇ ਮੁਕੰਮਲ ਹੜਤਾਲ ਕਰ ਦਿੱਤੀ ਹੈ ਜੋ ਮੰਗਾਂ ਦੀ ਪੂਰਤੀ ਤੱਕ ਜਾਰੀ ਰਹੇਗੀ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਸਕੱਤਰ ਸੋਨੂੰ ਲੋਹੀਆਂ ਨੇ ਕਿਹਾ ਕਿ ਇਹ ਹੜਤਾਲ ਸਾਡਾ ਕੋਈ ਸ਼ੌਕ ਨਹੀਂ ਮਜਬੂਰੀ ਹੈ, ਕਿਉਕਿ ਪੰਜਾਬ ਦਾ 90% ਮੁਲਾਜ਼ਮ ਕੱਚਾ ਹੈ ਅਤੇ ਮਾਤਰ 10 ਹਜ਼ਾਰ ਰੁਪਏ ਦੀ ਨਿਗੁਣੀ ਤਨਖਾਹ ’ਤੇ ਕੰਮ ਕਰ ਰਿਹਾ ਹੈ। ਮਹਿੰਗਾਈ ਕਰਕੇ ਘਰਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ। ਅੱਜ ਤੋਂ ਲਗਭਗ ਸਾਢੇ 4 ਸਾਲ ਪਹਿਲਾਂ ਸੱਤਾ ’ਚ ਆਉਣ ਵਾਲੀ ਮਾਨ ਸਰਕਾਰ ਇਨ੍ਹਾਂ ਹੀ ਸਫ਼ਾਈ ਸੇਵਕਾਂ ਦਾ ਝਾੜੂ ਵਾਲਾ ਨਿਸ਼ਾਨ ਲੈ ਕੇ ਵੋਟਾਂ ਮੰਗ ਕੇ ਸੱਤਾ ’ਚ ਆਈ ਸੀ। ਉਸ ਵੇਲੇ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਸੀ, “ਸਾਡੀ ਸਰਕਾਰ ਵਿਚ ਕਿਸੇ ਨੂੰ ਵੀ ਧਰਨੇ, ਪ੍ਰਦਰਸ਼ਨ ਕਰਨ ਦੀ ਲੋੜ ਨਹੀਂ ਪਵੇਗੀ ਪਰ ਹੋਇਆ ਇਸ ਦੇ ਉਲਟ। ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਸਫ਼ਾਈ ਕਾਮੇ ਬਿਨਾਂ ਸ਼ਰਤ ਪੱਕੇ ਕੀਤੇ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਤਨਖਾਹਾਂ ਸਮੇਂ ਸਿਰ ਤੇ ਸਰਕਾਰੀ ਖ਼ਜ਼ਾਨੇ ਵਿਚੋਂ ਦਿੱਤੀਆਂ ਜਾਣ, ਘੱਟੋਂ-ਘੱਟ ਉਜਰਤ 40,000/-ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ, ਕੱਚੇ ਮੁਲਾਜ਼ਮ ਦੀ ਮੌਤ ਹੋਣ ’ਤੇ ਉਸ ਦੇ ਵਾਰਿਸ ਨੂੰ ਨੌਕਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੰਬੇ ਸਮੇ ਤੋਂ ਲਾਅਰੇ ਲਾ ਰਹੀ ਹੈ। ਸਰਕਾਰ ਮੀਟਿੰਗ ਦਾ ਵਾਅਦਾ ਕਰ ਕੇ ਮੁੱਕਰ ਜਾਂਦੀ ਹੈ, ਇਸ ਲਈ ਹੁਣ ਆਰ-ਪਾਰ ਦੇ ਸੰਘਰਸ਼ ਦੀ ਤਿਆਰੀ ਕਰ ਲਈ ਹੈ। ਇਸ ਮੌਕੇ ਸੰਦੀਪ ਸਿੰਘ ਨਾਗਪਾਲ, ਸ਼ੁਭਮ, ਰਕੇਸ਼ ਕੁਮਾਰ, ਅਸ਼ੋਕ ਕੁਮਾਰ, ਸੁਰੇਸ਼ ਕੁਮਾਰ, ਸੁਖਵਿੰਦਰ ਸਿੰਘ, ਵਿਨੋਦ, ਬਨਵਾਰੀ ਲਾਲ, ਜੈ ਚੰਦ, ਸੰਜੀਵ ਕੁਮਾਰ, ਰਛਪਾਲ ਸਿੰਘ, ਸੁਰਜੀਤ ਆਦਿ ਵੱਲੋਂ ਵੀ ਸੰਬੋਧਨ ਕੀਤਾ ਗਿਆ।