ਆਰਮੀ ਕੈਪਟਨ ਦੇ ਘਰ ਤੋਂ ਕੀਮਤੀ ਸਾਮਾਨ ਚੋਰੀ
ਜਲੰਧਰ ਕੈਂਟ 'ਚ ਆਰਮੀ ਕੈਪਟਨ ਅਭਿਮਨਊ ਸਿੰਘ ਦੇ ਘਰ ਤੋਂ ਕੀਮਤੀ ਸਾਮਾਨ ਚੋਰੀ
Publish Date: Sat, 13 Dec 2025 09:56 PM (IST)
Updated Date: Sat, 13 Dec 2025 09:57 PM (IST)

--ਸੀਸੀਟੀਵੀ ਕੈਮਰੇ ਚੈੱਕ ਕਰ ਰਹੀ ਪੁਲਿਸ ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਜਲੰਧਰ ਕੈਂਟ ਦੇ ਰਣਜੀਤ ਰੋਡ ਇਲਾਕੇ ’ਚ ਇਕ ਆਰਮੀ ਅਫਸਰ ਦੇ ਸਰਕਾਰੀ ਕੁਆਰਟਰ ਚ ਚੋਰੀ ਹੋਣ ਦੀ ਵਾਰਦਾਤ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਆਰਮੀ ਦੇ ਅਫ਼ਸਰ ਕੈਪਟਨ ਅਭਿਮਨਯੂ ਕੁਮਾਰ ਸਿੰਘ ਦੇ ਸਰਕਾਰੀ ਕੁਆਰਟਰ ਚੋਂ ਚੋਰ ਕੀਮਤੀ ਸਮਾਂ ਚੋਰੀ ਕਰਕੇ ਫ਼ਰਾਰ ਹੋ ਗਏ । ਘਟਨਾ ਮਗਰੋਂ ਕੈਂਟ ਥਾਣੇ ਚ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਆਸ ਪਾਸ ਦੇ ਇਲਾਕਿਆਂ ਦੇ ਸੀਸੀਟੀਵੀ ਕੈਮਰਾ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਘਟਨਾ ਸਬੰਧੀ ਮਿਲੀ ਜਾਣਕਾਰੀ ਮੁਤਾਬਿਕ ਕੈਪਟਨ ਅਭਿਮਨਯੂ ਕੁਮਾਰ ਸਿੰਘ ਨੇ ਥਾਣਾ ਜਲੰਧਰ ਕੈਂਟ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਚ ਜਾਣਕਾਰੀ ਦਿੱਤੀ ਹੈ ਕਿ ਉਹ 9 ਦਸੰਬਰ ਨੂੰ ਕਿਸੇ ਜ਼ਰੂਰੀ ਕੰਮ ਕਾਰਨ ਘਰ ਤੋਂ ਬਾਹਰ ਗਏ ਹੋਏ ਸਨ ਤੇ ਇਸ ਦੌਰਾਨ ਕੁਝ ਅਣਪਛਾਤੇ ਚੋਰਾਂ ਨੇ ਉਨ੍ਹਾਂ ਦੇ ਕੁਆਰਟਰ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਘਰ ਚ ਦਾਖਲ ਹੋ ਕੇ ਅਲਮਾਰੀ ਤੋੜ ਦਿੱਤੀ ਤੇ ਉਸ ’ਚ ਰੱਖੇ ਹੋਏ ਕਰੀਬ 5 ਹਜ਼ਾਰ ਰੁਪਏ ਨਕਦੀ, ਇਕ ਲੈਪਟਾਪ ਤੇ ਇਕ ਘੜੀ ਚੋਰੀ ਕਰ ਲਏ ਹਨ, ਜਦੋਂ ਕੈਪਟਨ ਅਭਿਮਨਊ ਕੁਮਾਰ ਸਿੰਘ ਵਾਪਸ ਘਰ ਆਏ ਤਾਂ ਉਨ੍ਹਾਂ ਕੁਆਰਟਰ ਦਾ ਸਾਰਾ ਸਮਾਨ ਖਿਲਰਿਆ ਹੋਇਆ। ਅਲਮਾਰੀ ਟੁੱਟੀ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਤੁਰੰਤ ਮੌਕੇ ਤੇ ਪੁੱਜੀ ਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਨੁਸਾਰ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਜ਼ਰੂਰ ਘਰ ਦੀ ਰੇਕੀ ਕੀਤੀ ਹੋਵੇਗੀ। ਫਿਲਹਾਲ ਪੁਲਿਸ ਟੀਮ ਇਲਾਕੇ ਭਰ ’ਚ ਸੀਸੀਟੀਵੀ ਕੈਮਰਾ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ ਤਾਂ ਜੋ ਵਾਰਦਾਤ ’ਚ ਸ਼ਾਮਲ ਚੋਰਾਂ ਦਾ ਪਤਾ ਲਾਇਆ ਜਾ ਸਕੇ।