ਬਿਨਾਂ ਲਾਇਸੈਂਸ ਹੁੱਕਾ ਫਲੇਵਰ ਵੇਚਣ ਵਾਲਾ ਕਾਬੂ
-ਥ੍ਰੀ ਜੀ ਹੱਟ ਦੁਕਾਨ
Publish Date: Mon, 18 May 2026 08:22 PM (IST)
Updated Date: Mon, 18 May 2026 08:24 PM (IST)
-ਥ੍ਰੀ ਜੀ ਹੱਟ ਦੁਕਾਨ ’ਤੇ ਪੁਲਿਸ ਦੀ ਛਾਪੇਮਾਰੀ, ਭਾਰੀ ਮਾਤਰਾ ’ਚ ਤੰਬਾਕੂ ਫਲੇਵਰ ਤੇ ਈ-ਸਿਗਰੇਟ ਬਰਾਮਦ
ਬਿਨਾਂ ਲਾਇਸੈਂਸ ਤੇ ਬਿਨਾਂ ਪ੍ਰਵਾਨਗੀ ਹੁੱਕਾ ਫਲੇਵਰ ਤੇ ਤੰਬਾਕੂ ਉਤਪਾਦ ਵੇਚਣ ਦੇ ਮਾਮਲੇ ’ਚ ਥਾਣਾ ਡਵੀਜ਼ਨ ਨੰਬਰ-6 ਦੀ ਪੁਲਿਸ ਨੇ ਮੋਤਾ ਸਿੰਘ ਮਾਰਕੀਟ ਸਥਿਤ ਥ੍ਰੀ ਜੀ ਹੱਟ ਨਾਮਕ ਦੁਕਾਨ 'ਤੇ ਛਾਪੇਮਾਰੀ ਕਰ ਕੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਏਡੀਸੀਪੀ 2 ਰਾਕੇਸ਼ ਯਾਦਵ ਤੇ ਏਸੀਪੀ ਮਾਡਲ ਟਾਊਨ ਮਨਮੋਹਨ ਸਿੰਘ ਨੇ ਦੱਸਿਆ ਕਿ ਥਾਣਾ ਪ੍ਰਭਾਰੀ ਇੰਸਪੈਕਟਰ ਰਜਵੰਤ ਕੌਰ ਦੀ ਟੀਮ ਨੇ ਕਾਰਵਾਈ ਕਰਦਿਆਂ ਮੁਲਜ਼ਮ ਦਰਭੰਗਾ, ਬਿਹਾਰ ਦੇ ਹਾਲ ਵਾਸੀ ਖੁਰਲਾ ਕਿੰਗਰਾ ਸੀਤਾ ਰਾਮ ਚੌਧਰੀ ਨੂੰ ਕਾਬੂ ਕੀਤਾ। ਮੁਲਜ਼ਮ ਦੁਕਾਨ ’ਚ ਬਿਨਾਂ ਲਾਇਸੈਂਸ ਵੱਖ-ਵੱਖ ਕਿਸਮ ਦੇ ਹੁੱਕਾ ਫਲੇਵਰ ਤੇ ਤੰਬਾਕੂ ਉਤਪਾਦ ਵੇਚ ਰਿਹਾ ਸੀ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਸਿਗਰੇਟ ਐਂਡ ਅਦਰ ਟੋਬੈਕੋ ਪ੍ਰੋਡਕਟਸ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਛਾਪੇਮਾਰੀ ਦੌਰਾਨ ਦੁਕਾਨ ਤੋਂ ਵੱਖ-ਵੱਖ ਕੰਪਨੀਆਂ ਦੇ ਤੰਬਾਕੂ ਫਲੇਵਰ ਬਰਾਮਦ ਕੀਤੇ ਗਏ, ਜਿਨ੍ਹਾਂ ’ਚ ਕਈ ਬ੍ਰਾਂਡ ਸ਼ਾਮਲ ਹਨ। ਇਸ ਤੋਂ ਇਲਾਵਾ, ਸੱਤ ਡਿਸਪੋਜ਼ੇਬਲ ਈ-ਸਿਗਰੇਟ ਪਾਡ ਡਿਵਾਈਸ ਵੀ ਬਰਾਮਦ ਕੀਤੇ ਗਏ। ਪੁਲਿਸ ਦੇ ਅਨੁਸਾਰ, ਦੁਕਾਨ ਤੋਂ ਕੁੱਲ ਮਿਲਾ ਕੇ ਦਰਜਨਾਂ ਪੈਕੇਟ ਤੰਬਾਕੂ ਫਲੇਵਰ ਤੇ ਈ-ਸਿਗਰੇਟ ਜ਼ਬਤ ਕੀਤੇ ਗਏ ਹਨ। ਥਾਣਾ ਪ੍ਰਭਾਰੀ ਰਜਵੰਤ ਕੌਰ ਨੇ ਦੱਸਿਆ ਕਿ ਦੁਕਾਨ ਦੇ ਮਾਲਕ ਵਿਨੈ ਬਖ਼ਸ਼ੀ, ਜੋ ਬੈਂਕ ਇਨਕਲੇਵ ਦਾ ਰਹਿਣ ਵਾਲਾ ਹੈ, ਇਸ ਸਮੇਂ ਫਰਾਰ ਹਨ ਤੇ ਉਨ੍ਹਾਂ ਦੀ ਭਾਲ ’ਚ ਛਾਪੇ ਮਾਰੀ ਕੀਤੀ ਜਾ ਰਹੀ ਹੈ। ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਦੁਕਾਨ ਮਾਲਕ ਖ਼ਿਲਾਫ਼ ਪਹਿਲਾਂ ਵੀ ਇਸ ਤਰ੍ਹਾਂ ਦਾ ਮਾਮਲਾ ਦਰਜ ਹੋ ਚੁੱਕਾ ਹੈ। ਪੁਲਿਸ ਹੁਣ ਪੂਰੇ ਨੈੱਟਵਰਕ ਦੀ ਜਾਂਚ ’ਚ ਲੱਗੀ ਹੋਈ ਹੈ।