ਪਰਵਾਸੀ ਦੇ ਘਰ ਬਾਹਰ ਫਾਇਰਿੰਗ, ਮਾਮਲਾ ਦਰਜ
ਪੰਚਰੰਗਾ ’ਚ ਅਣਪਛਾਤਿਆਂ ਵੱਲੋਂ ਪ੍ਰਵਾਸੀ ਦੇ ਘਰ ਬਾਹਰ ਫਾਇਰਿੰਗ, ਮਾਮਲਾ ਦਰਜ
Publish Date: Fri, 24 Apr 2026 10:01 PM (IST)
Updated Date: Fri, 24 Apr 2026 10:04 PM (IST)

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਭੋਗਪੁਰ ਦੇ ਨਜ਼ਦੀਕ ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਸਥਿਤ ਪਿੰਡ ਪੰਚਰੰਗਾ ਵਿੱਚ ਬੀਤੇ ਤੜਕਸਾਰ ਇਕ ਪਰਵਾਸੀ ਦੇ ਘਰ ਬਾਹਰ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਰਵਾਸੀ ਭਾਰਤੀ ਮਦਨ ਲਾਲ ਦੇ ਘਰ ਬਾਹਰ ਸਵੇਰੇ ਕਰੀਬ 3:30 ਵਜੇ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨ, ਜਿਨ੍ਹਾਂ ਹੈਲਮਟ ਪਾਏ ਹੋਏ ਸਨ, ਪਹੁੰਚੇ। ਉਨ੍ਹਾਂ ਵਿੱਚੋਂ ਇੱਕ ਨੌਜਵਾਨ ਮੋਟਰਸਾਈਕਲ ਤੋਂ ਉਤਰਿਆ ਅਤੇ ਘਰ ਵੱਲ ਦੋ ਫਾਇਰ ਕੀਤੇ, ਜਿਸ ਤੋਂ ਬਾਅਦ ਦੋਵੇਂ ਮੌਕੇ ਤੋਂ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਘਰ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ। ਪਿੰਡ ਵਾਸੀਆਂ ਮੁਤਾਬਕ ਘਟਨਾ ਸਥਾਨ ਤੋਂ ਦੋ ਗੋਲੀਆਂ ਦੇ ਖੋਲ ਬਰਾਮਦ ਹੋਏ ਹਨ, ਜਿਨ੍ਹਾਂ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਸੂਚਨਾ ਮਿਲਣ ‘ਤੇ ਥਾਣਾ ਭੋਗਪੁਰ ਦੇ ਮੁਖੀ ਰਾਜੇਸ਼ ਕੁਮਾਰ ਅਰੋੜਾ, ਡੀਐੱਸਪੀ ਆਦਮਪੁਰ ਰਾਜੀਵ ਕੁਮਾਰ, ਸੀ.ਆਈ.ਏ ਸਟਾਫ਼ ਜਲੰਧਰ ਦਿਹਾਤੀ ਦੇ ਇੰਚਾਰਜ ਪੁਸ਼ਪ ਬਾਲੀ ਅਤੇ ਡੀ.ਐੱਸ.ਪੀ (ਜਾਂਚ) ਲਖਵਿੰਦਰ ਸਿੰਘ ਟੀਮਾਂ ਸਮੇਤ ਮੌਕੇ ‘ਤੇ ਪੁੱਜੇ ਤੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਪੁਲਿਸ ਨੇ ਪਿੰਡ ਦੇ ਇਕ ਨੌਜਵਾਨ ਹਰਪ੍ਰੀਤ ਸਿੰਘ ਨੂੰ ਪੁੱਛਗਿੱਛ ਲਈ ਬੁਲਾਇਆ। ਉਸ ਦੇ ਬਿਆਨਾਂ ਮੁਤਾਬਕ ਉਸ ਦੀ ਇਕ ਲੜਕੀ ਨਾਲ ਪਹਿਲਾਂ ਗੱਲਬਾਤ ਰਹੀ ਸੀ ਪਰ ਬਾਅਦ ਵਿੱਚ ਉਸ ਲੜਕੀ ਨੇ ਕਿਸੇ ਹੋਰ ਨੌਜਵਾਨ ਨਾਲ ਸੰਪਰਕ ਬਣਾਇਆ। ਇਸ ਸਬੰਧੀ ਉਸਨੂੰ ਧਮਕੀਆਂ ਵੀ ਮਿਲੀਆਂ ਸਨ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕੁਝ ਨੌਜਵਾਨ ਬਲੈਰੋ ਗੱਡੀ ਵਿੱਚ ਪਿੰਡ ਵਿੱਚ ਉਸ ਬਾਰੇ ਪੁੱਛਗਿੱਛ ਕਰ ਰਹੇ ਸਨ ਅਤੇ ਮੋਟਰਸਾਈਕਲ ਸਵਾਰ ਦੋ ਵਿਅਕਤੀ ਵੀ ਉਸ ਦੀ ਭਾਲ ਵਿੱਚ ਆਏ ਸਨ। ਉਸ ਨੇ ਦਾਅਵਾ ਕੀਤਾ ਕਿ ਤੜਕਸਾਰ ਹੋਈ ਫਾਇਰਿੰਗ ਵੀ ਉਸਦੇ ਘਰ ਨੇੜੇ ਹੀ ਕੀਤੀ ਗਈ। ਪੁਲਿਸ ਵੱਲੋਂ ਹਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਦੋ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਅਸਲਾ ਐਕਟ ਅਤੇ ਹੋਰ ਸਬੰਧਤ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਭਾਲ ਜਾਰੀ ਹੈ ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।