ਸਰਕਾਰੀ ਸਕੂਲ ਬਿਆਸ ਪਿੰਡ ’ਚ ਲੱਗਾ ਕੈਂਪ
ਅਨੀਮੀਆ ਮੁਕਤ ਭਾਰਤ ਮੁਹਿੰਮ ਤਹਿਤ ਸਰਕਾਰੀ ਸਕੂਲ ਬਿਆਸ ਪਿੰਡ ਵਿੱਚ ਕੈਂਪ ਲਗਾਇਆ
Publish Date: Fri, 08 May 2026 06:37 PM (IST)
Updated Date: Fri, 08 May 2026 06:38 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਅਨੀਮੀਆ ਮੁਕਤ ਭਾਰਤ ਮੁਹਿੰਮ ਤਹਿਤ ਸੀਐੱਚਸੀ ਆਦਮਪੁਰ ਵੱਲੋਂ ਨੇੜਲੇ ਪਿੰਡ ਬਿਆਸ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਸਿਹਤ ਜਾਂਚ ਕੈਂਪ ਲਾਇਆ ਗਿਆ। ਇਸ ਕੈਂਪ ਦੌਰਾਨ ਵਿਦਿਆਰਥਣਾਂ ਦਾ ਹਿਮੋਗਲੋਬਿਨ (ਐੱਚਬੀ) ਚੈੱਕ ਕੀਤਾ ਗਿਆ, ਜਦਕਿ ਸਮੂਹ ਵਿਦਿਆਰਥੀਆਂ ਦੀ ਨਜ਼ਰ ਦੀ ਜਾਂਚ ਵੀ ਕੀਤੀ ਗਈ। ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਐੱਚਪੀਵੀ ਟੀਕਾਕਰਨ ਅਭਿਆਨ ਸਬੰਧੀ ਵੀ ਜਾਗਰੂਕ ਕੀਤਾ ਗਿਆ। ਐੱਸਐੱਮਓ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਸਕੂਲੀ ਵਿਦਿਆਰਥਣਾਂ ’ਚ ਖੂਨ ਦੀ ਕਮੀ ਦੀ ਪਛਾਣ ਤੇ ਉਸ ’ਚ ਸੁਧਾਰ ਕਰਨ ਦੇ ਉਦੇਸ਼ ਨਾਲ ਇਹ ਕੈਂਪ ਲਗਾਏ ਜਾ ਰਹੇ ਹਨ। ਕੈਂਪ ਦੌਰਾਨ ਕੁਝ ਵਿਦਿਆਰਥਣਾਂ ਦਾ ਹਿਮੋਗਲੋਬਿਨ ਘੱਟ ਪਾਇਆ ਗਿਆ, ਜਿਨ੍ਹਾਂ ਨੂੰ ਖੁਰਾਕ ’ਚ ਸੁਧਾਰ ਕਰਨ ਦੀ ਸਲਾਹ ਦਿੱਤੀ ਗਈ ਹੈ। ਬੀਈਈ ਚੰਦਨ ਮਿਸ਼ਰਾ ਨੇ ਵਿਦਿਆਰਥਣਾਂ ਨੂੰ ਦੱਸਿਆ ਕਿ ਖੂਨ ਦੀ ਕਮੀ ਕਾਰਨ ਥਕਾਵਟ, ਕਮਜ਼ੋਰੀ ਤੇ ਪੜ੍ਹਾਈ ’ਚ ਧਿਆਨ ਨਾ ਲੱਗਣ ਵਰਗੀਆਂ ਸਮੱਸਿਆਵਾਂ ਆ ਸਕਦੀਆਂ ਹਨ। ਉਨ੍ਹਾਂ ਹਰੀਆਂ ਸਬਜ਼ੀਆਂ ਤੇ ਰੰਗ-ਬਿਰੰਗੇ ਫਲਾਂ ਦਾ ਵੱਧ ਸੇਵਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਹੀ ਖੁਰਾਕ ਨਾਲ ਅਨੀਮੀਆ ਤੋਂ ਬਚਾਅ ਦੇ ਨਾਲ-ਨਾਲ ਨਜ਼ਰ ਦੀ ਕਮਜ਼ੋਰੀ ਤੋਂ ਵੀ ਬਚਿਆ ਜਾ ਸਕਦਾ ਹੈ। ਇਸ ਮੌਕੇ ਸੀਐੱਚਓ ਡਾ. ਹਨੀ, ਫਾਰਮੇਸੀ ਅਫਸਰ ਜਸਵਿੰਦਰ ਸਿੰਘ, ਆਪਥੈਲਮਿਕ ਅਫਸਰ ਪ੍ਰਭਲੀਨ ਕੌਰ, ਸਟਾਫ ਨਰਸ ਸੁਖਜੀਤ ਕੌਰ, ਲੈਬ ਟੈਕਨੀਸ਼ੀਅਨ ਨੀਤੂ ਰਾਨੀ ਤੇ ਆਸ਼ਾ ਵਰਕਰ ਹਾਜ਼ਰ ਸਨ।