ਯੂਕ੍ਰੇਨ ’ਚ ਰੂਸੀ ਮਿਜ਼ਾਈਲ ਹਮਲੇ ’ਚ 5 ਮਰੇ
ਖਾਰਕੀਵ (ਰਾਇਟਰ) : ਯੂਕ੍ਰੇਨ
Publish Date: Mon, 04 May 2026 07:08 PM (IST)
Updated Date: Mon, 04 May 2026 07:11 PM (IST)
ਖਾਰਕੀਵ (ਰਾਇਟਰ) : ਯੂਕ੍ਰੇਨ ਦੇ ਉੱਤਰ ਪੂਰਬੀ ਖਾਰਕੀਵ ਖੇਤਰ ’ਚ ਮੇਰੇਫਾ ਕਸਬੇ ’ਤੇ ਹੋਏ ਰੂਸੀ ਮਿਜ਼ਾਈਲ ਹਮਲੇ ’ਚ ਪੰਜ ਲੋਕ ਮਾਰੇ ਗਏ ਤੇ ਕਈ ਹੋਰ ਜ਼ਖ਼ਮੀ ਹੋ ਗਏ। ਖਾਰਕੀਵ ਦੇ ਗਵਰਨਰ ਔਲੇਹ ਸਿਨੀਹੁਬੋਵ ਨੇ ਦੱਸਿਆ ਕਿ ਹਮਲੇ ’ਚ 10 ਘਰ, ਇਕ ਪ੍ਰਸ਼ਾਸਨਿਕ ਭਵਨ, ਚਾਰ ਦੁਕਾਨਾਂ, ਇਕ ਗੈਰਾਜ ਤੇ ਇਕ ਹੋਟਲ ਨੁਕਸਾਨਿਆ ਗਿਆ। ਉਨ੍ਹਾਂ ਦੱਸਿਆ ਕਿ ਹਮਲੇ ’ਚ ਦੋ ਮਰਦ ਤੇ ਤਿੰਨ ਔਰਤਾਂ ਦੀ ਮੌਤ ਹੋ ਗਈ ਜਦਕਿ 18 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਖੇਤਰੀ ਬਚਾਅ ਧਿਰਾਂ ਨੇ ਕਿਹਾ ਕਿ ਰੂਸੀ ਫ਼ੌਜ ਨੇ ਇਸਕੰਡਰ ਵਰਗੀ ਬੈਲਿਸਟਿਕ ਮਿਜ਼ਾਈਲ ਦੀ ਵਰਤੋਂ ਕੀਤੀ। ਉੱਧਰ ਯੂਕ੍ਰੇਨ ਦੇ ਇਨਫਰਾਸਟ੍ਰਕਚਰ ਮੰਤਰੀ ਨੇ ਸੋਮਵਾਰ ਨੂੰ ਕਿਹਾ ਕਿ ਰੂਸ ਨੇ 2026 ਦੇ ਪਹਿਲੇ ਚਾਰ ਮਹੀਨਿਆਂ ’ਚ ਯੂਕ੍ਰੇਨ ਦੇ ਬੰਦਰਗਾਹ ’ਤੇ 800 ਤੋਂ ਵੱਧ ਡ੍ਰੋਨ ਹਮਲੇ ਕੀਤੇ।