2 ਗੱਡੀਆਂ ਦੀ ਟੱਕਰ, ਜਾਨੀ ਨੁਕਸਾਨ ਤੋਂ ਬਚਾਅ
ਸ਼ਾਹਕੋਟ ‘ਚ ਦੋ ਗੱਡੀਆਂ ਦੀ ਆਹਮੋ-ਸਾਹਮਣੀ ਟੱਕਰ, ਜਾਨੀ ਨੁਕਸਾਨ ਤੋਂ ਬਚਾਅ
Publish Date: Tue, 19 May 2026 09:49 PM (IST)
Updated Date: Wed, 20 May 2026 04:13 AM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਸਥਾਨਕ ਮਲਸੀਆਂ ਰੋਡ ’ਤੇ 2 ਗੱਡੀਆਂ ਦੀ ਆਹਮੋ-ਸਾਹਮਣੀ ਜ਼ਬਰਦਸਤ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ਦੌਰਾਨ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਪਰ ਕੋਈ ਜਾਨੀ ਨੁਕਸਾਨ ਹੋਣੋਂ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਦੀਪੂ ਪੁੱਤਰ ਰਾਜ ਕੁਮਾਰ ਵਾਸੀ ਮੁਹੱਲਾ ਬਾਗਵਾਲਾ, ਸ਼ਾਹਕੋਟ ਆਪਣੀ ਵਰਨਾ ਗੱਡੀ ਨੰਬਰ ਪੀਬੀ-08-ਐੱਫਐੱਚ-0037 ’ਤੇ ਮਲਸੀਆਂ ਤੋਂ ਸ਼ਾਹਕੋਟ ਵੱਲ ਆ ਰਿਹਾ ਸੀ। ਦੂਸਰੇ ਪਾਸੇ ਤੋਂ ਇਕ ਆਲਟੋ ਗੱਡੀ ਨੰਬਰ ਪੀਬੀ-08-ਬੀਟੀ-8942, ਜੋ ਸ਼ਾਹਕੋਟ ਤੋਂ ਮਲਸੀਆਂ ਵੱਲ ਜਾ ਰਹੀ ਸੀ, ਉਸ ਨੂੰ ਲਵਪ੍ਰੀਤ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਮੂਲੇਵਾਲ ਅਰਾਈਆਂ (ਸ਼ਾਹਕੋਟ) ਚਲਾ ਰਿਹਾ ਸੀ। ਉਸ ਨਾਲ ਕੰਡਕਟਰ ਸੀਟ ’ਤੇ ਦਵਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਮਾਣਕਪੁਰ (ਸ਼ਾਹਕੋਟ) ਬੈਠਾ ਸੀ, ਜਦੋਂ ਇਹ ਦੋਵੇਂ ਗੱਡੀਆਂ ਸ਼ਾਹਕੋਟ ਦੀ ਦਾਣਾ ਮੰਡੀ ਨੇੜੇ ਪੁੱਜੀਆਂ ਤਾਂ ਇਨ੍ਹਾਂ ਵਿਚਕਾਰ ਜ਼ਬਰਦਸਤ ਆਹਮੋ-ਸਾਹਮਣੀ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ’ਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸੇ ਤੋਂ ਬਾਅਦ ਦੋਵਾਂ ਗੱਡੀਆਂ ਦੇ ਸਵਾਰਾਂ ਵੱਲੋਂ ਆਪਸ ’ਚ ਹੱਥੋਪਾਈ ਹੋਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਮੌਕੇ ’ਤੇ ਖੜ੍ਹੇ ਲੋਕਾਂ ਨੇ ਦਖਲ ਦੇ ਕੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਮੌਕੇ ’ਤੇ ਪੁੱਜ ਗਈ ਤੇ ਦੋਵੇਂ ਧਿਰਾਂ ਨੂੰ ਥਾਣੇ ਲੈ ਗਈ। ਫਿਲਹਾਲ ਦੋਵਾਂ ਧਿਰਾਂ ਵਿਚਕਾਰ ਰਾਜ਼ੀਨਾਮੇ ਦੀ ਗੱਲ ਚੱਲ ਰਹੀ ਹੈ।