ਦੋ ਮੋਟਰਸਾਈਕਲਾਂ ਦੀ ਟੱਕਰ, 6 ਗੰਭੀਰ ਜ਼ਖਮੀ
ਦੋ ਮੋਟਰਸਾਈਕਲਾਂ ਦੀ ਟੱਕਰ, 6 ਗੰਭੀਰ ਜ਼ਖਮੀ
Publish Date: Thu, 30 Oct 2025 11:29 PM (IST)
Updated Date: Thu, 30 Oct 2025 11:30 PM (IST)

-ਜ਼ਖਮੀਆਂ ਨੂੰ ਸਿਵਲ ਹਸਪਤਾਲ ਕਾਲਾ ਬੱਕਰਾ ’ਚ ਕਰਵਾਇਆ ਦਾਖਲ         ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਅੱਡਾ ਕਾਲਾ ਬੱਕਰਾ ਨਜ਼ਦੀਕ ਸੱਧਾ ਚੌਕ ਕ੍ਰਾਸਿੰਗ ’ਤੇ ਦੋ ਮੋਟਰਸਾਈਕਲਾਂ ਦੀ ਭਿਆਨਕ ਟੱਕਰ ’ਚ 6 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਐੱਸਐੱਸਐੱਫ ਫੋਰਸ ਇੰਚਾਰਜ ਏਐੱਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਹਾਦਸਾ ਸ਼ਾਮ ਲਗਭਗ ਸਾਢੇ ਪੰਜ ਵਜੇ ਵਾਪਰਿਆ। ਹੰਟਰ ਬਾਈਕ (ਐੱਚਆਰ 60 ਪੀ 4639) ’ਤੇ ਪਤੀ-ਪਤਨੀ ਟਾਂਡੇ ਤੋਂ ਜਲੰਧਰ ਵੱਲ ਜਾ ਰਹੇ ਸਨ, ਜਦਕਿ ਟੀਬੀਐੱਸ ਬਾਈਕ (ਪੀਬੀ 58 ਐੱਚ 0453) ’ਤੇ ਚਾਰ ਵਿਅਕਤੀ ਕੱਟ ਨੂੰ ਕ੍ਰਾਸ ਕਰ ਰਹੇ ਸਨ। ਅਚਾਨਕ ਦੋਵੇਂ ਬਾਈਕਾਂ ਆਪਸ ’ਚ ਟਕਰਾ ਗਈਆਂ। ਹਾਦਸੇ ਦੇ ਤਿੰਨ ਜ਼ਖਮੀਆਂ ਨੂੰ ਐੱਸਐੱਸਐੱਫ ਟੀਮ ਨੇ ਪ੍ਰਾਈਵੇਟ ਐਂਬੂਲੈਂਸ ਰਾਹੀਂ ਭੋਗਪੁਰ ਦੇ ਨਿੱਜੀ ਹਸਪਤਾਲ ਭੇਜਿਆ, ਜਦਕਿ ਹੋਰ ਤਿੰਨ ਨੂੰ ਸਿਵਲ ਹਸਪਤਾਲ ਕਾਲਾ ਬੱਕਰਾ ਦਾਖਲ ਕਰਵਾਇਆ ਗਿਆ। ਹਾਦਸੇ ਕਾਰਨ ਹਾਈਵੇ ’ਤੇ ਕੁਝ ਸਮੇਂ ਲਈ ਟ੍ਰੈਫਿਕ ਜਾਮ ਹੋ ਗਿਆ, ਜਿਸ ਨੂੰ ਐੱਸਐੱਸਐੱਫ ਟੀਮ ਨੇ ਮੁਸ਼ਕਲ ਨਾਲ ਸੁਚਾਰੂ ਕੀਤਾ। ਜ਼ਖਮੀਆਂ ਦੀ ਪਛਾਣ ਖੁਰਾਸ਼ੀ ਰਾਮ ਅਨਸਾਰੀ (20), ਸ਼ਰੀਫ (22), ਸਾਬਿਰ (26) ਤਿੰਨੇ ਵਾਸੀ ਸ਼ੂਗਰ ਮਿਲ ਭੋਗਪੁਰ ਤੇ ਬੁੱਧਣ ਅਨਸਾਰੀ, ਅਕੀਲ (24) ਤੇ ਉਸ ਦੀ ਪਤਨੀ ਹਬੀਬਾ (24), ਵਾਸੀ ਰਾਣਾ ਮਾਜਰਾ, ਪਾਣੀਪਤ (ਹਰਿਆਣਾ) ਵਜੋਂ ਹੋਈ ਹੈ। ਐੱਸਐੱਸਐੱਫ ਟੀਮ ਵੱਲੋਂ ਹਾਦਸੇ ਦੀ ਸੂਚਨਾ ਮੁਨਸ਼ੀ ਭੋਗਪੁਰ ਨੂੰ ਦੇ ਦਿੱਤੀ ਗਈ ਹੈ ਤੇ ਦੋਵੇਂ ਵਾਹਨ ਸੱਧਾ ਚੱਕ ਫਾਟਕ ’ਤੇ ਖੜੇ ਕਰਵਾਏ ਗਏ ਹਨ। ਜ਼ਖਮੀਆਂ ਦੇ ਪਰਿਵਾਰਾਂ ਨੂੰ ਵੀ ਫੋਨ ਰਾਹੀਂ ਸੂਚਿਤ ਕਰ ਦਿੱਤਾ ਗਿਆ ਹੈ।