300 ਗ੍ਰਾਮ ਹੈਰੋਇਨ ਸਮੇਤ ਦੋ ਅੜਿੱਕੇ
300 ਗਰਾਮ ਹੈਰੋਇਨ ਸਮੇਤ ਚੜੇ ਦੋ ਨਸ਼ਾ ਤਸਕਰ ਪੁਲਿਸ ਦੇ ਹੱਥੇ
Publish Date: Tue, 28 Apr 2026 07:13 PM (IST)
Updated Date: Wed, 29 Apr 2026 04:14 AM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਸੈਲ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰ ਕੇ ਉਨਾਂ ਕੋਲੋਂ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਏਸੀਪੀ ਇਨਵੈਸਟੀਗੇਸ਼ਨ ਅਮਰਬੀਰ ਸਿੰਘ ਨੇ ਦੱਸਿਆ ਕਿ ਸਪੈਸ਼ਲ ਸੈੱਲ ਦੇ ਇੰਚਾਰਜ ਸਬ ਇੰਸਪੈਕਟਰ ਮਨਜਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਟੀ-ਪੁਆਇੰਟ ਸਿਟੀ ਇੰਸਟੀਚਊਟ ਪਰਤਾਪਰਾ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਮੋਟਰਸਾਈਕਲ (ਪੀਬੀ09-ਏਐੱਚ-6441) ’ਤੇ ਆ ਰਹੇ ਦੋ ਨੌਜਵਾਨਾਂ ਨੂੰ ਜਦ ਪੁਲਿਸ ਪਾਰਟੀ ਨੇ ਇਸ਼ਾਰਾ ਕਰ ਕੇ ਰੁਕਣ ਲਈ ਕਿਹਾ ਤਾਂ ਉਨ੍ਹਾਂ ਆਪਣਾ ਮੋਟਰਸਾਈਕਲ ਪੁਲਿਸ ਨਾਕੇ ਤੋਂ ਥੋੜ੍ਹਾ ਪਹਿਲੇ ਹੀ ਰੋਕ ਲਿਆ ਤੇ ਇਕਦਮ ਪਿੱਛੇ ਮੁੜਨ ਦੀ ਕੋਸ਼ਿਸ਼ ਕੀਤੀ। ਪੁਲਿਸ ਪਾਰਟੀ ਨੇ ਭੱਜ ਕੇ ਉਹਨਾਂ ਨੂੰ ਕਾਬੂ ਕਰ ਲਿਆ। ਜਦ ਪੁਲਿਸ ਟੀਮ ਨੇ ਉਹਨਾਂ ਕੋਲੋਂ ਪਿੱਛੇ ਮੁੜਨ ਦਾ ਕਾਰਨ ਪੁੱਛਿਆ ਤਾਂ ਉਹ ਕੋਈ ਢੁਕਵਾਂ ਜਵਾਬ ਨਹੀਂ ਦੇ ਸਕੇ ਪੁਲਿਸ ਪਾਰਟੀ ਨੇ ਉਹਨਾਂ ਦਾ ਨਾਂ ਪੁੱਛਿਆ ਤਾਂ ਉਹਨਾਂ ਆਪਣਾ ਨਾਮ ਜਗਦੇਵ ਸਿੰਘ ਵਾਸੀ ਪਿੰਡ ਧਮ ਸਿੰਘ ਦੀਆਂ ਛੱਨਾ ਮਹਿਤਪੁਰ ਤੇ ਕੁਲਵਿੰਦਰ ਸਿੰਘ ਵਾਸੀ ਪਿੰਡ ਸੈਦੂਪੁਰ ਨਕੋਦਰ ਦੱਸਿਆ। ਜਦ ਪੁਲਿਸ ਪਾਰਟੀ ਨੇ ਉਨ੍ਹਾਂ ਦੇ ਮੋਟਰਸਾਈਕਲ ਦੀ ਤਲਾਸ਼ੀ ਲਈ ਤਾਂ ਟੂਲ ਬਾਕਸ ’ਚੋਂ ਪੁਲਿਸ ਨੂੰ ਇੱਕ ਪਲਾਸਟਿਕ ਦਾ ਵਜ਼ਨੀ ਲਿਫਾਫਾ ਮਿਲਿਆ, ਜਿਸ ’ਚ ਹੈਰੋਇਨ ਸੀ। ਪੁਲਿਸ ਪਾਰਟੀ ਨੇ ਜਦ ਉਸ ਦਾ ਤੋਲ ਕੀਤਾ ਤਾਂ ਉਹ 300 ਗ੍ਰਾਮ ਨਿਕਲੀ, ਜਿਸ ਤੋਂ ਬਾਅਦ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜਮਾਂ ਖ਼ਿਲਾਫ਼ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰ ਕੇ ਜਦ ਉਹਨਾਂ ਕੋਲੋਂ ਪੁੱਛਗਿਛ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹ ਨਸ਼ਾ ਆਪਣੇ ਕਿਸੇ ਜਾਣਕਾਰ ਤੋਂ ਸਸਤੇ ਭਾਅ ਤੇ ਲਿਆ ਕੇ ਰਲ ਮਿਲ ਕੇ ਪਰਚੂਨ ਵਿੱਚ ਵੇਚਦੇ ਹਨ। ਏਸੀਪੀ ਅਮਰਬੀਰ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜਮਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਕੋਲੋਂ ਪੁੱਛਗਿਛ ਲਈ ਅਦਾਲਤ ਵਿੱਚੋਂ ਪੁਲਿਸ ਰਿਮਾਂਡ ਲਿਆ ਗਿਆ ਹੈ। ਪੁਲਿਸ ਰਿਮਾਂਡ ਇਹਨਾਂ ਦੇ ਨੈਟਵਰਕ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।