11 ਸਾਲਾਂ ਬਾਅਦ ਸਭ ਤੋਂ ਗਰਮ ਦਿਨ ਰਿਹਾ ਮੰਗਲਵਾਰ
2016 ’ਚ ਵੱਧ ਤੋਂ
Publish Date: Tue, 19 May 2026 11:16 PM (IST)
Updated Date: Tue, 19 May 2026 11:19 PM (IST)
2016 ’ਚ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਤੱਕ ਪੁੱਜਾ ਸੀ ਤੇ 2025 ’ਚ 43.2 ਡਿਗਰੀ ਰਿਕਾਰਡ ਕੀਤਾ ਗਿਆ ਸੀ
ਤਾਪਮਾਨ ’ਚ ਆ ਰਹੇ ਲਗਾਤਾਰ ਬਦਲਾਅ ਦਾ ਅਸਰ ਵਧਦੇ ਤਾਪਮਾਨ ’ਚ ਦਿਖਾਈ ਦੇ ਰਿਹਾ ਹੈ। ਇਸੇ ਕਾਰਨ 11 ਸਾਲਾਂ ਬਾਅਦ ਮੰਗਲਵਾਰ ਨੂੰ ਸਭ ਤੋਂ ਵੱਧ ਤਾਪਮਾਨ 43.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਜੇ ਪਿਛਲੇ ਸਾਲਾਂ ਦੇ ਮਈ ਮਹੀਨੇ ਦੇ 20 ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ 2025 ’ਚ 43.2 ਡਿਗਰੀ ਤੇ 2016 ’ਚ 44.1 ਡਿਗਰੀ ਸੈਲਸੀਅਸ ਤੱਕ ਪੁੱਜਾ ਸੀ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਪੀਲਾ ਅਲਰਟ ਤੇ ਉਸ ਤੋਂ ਬਾਅਦ ਦੇ ਦੋ ਦਿਨਾਂ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਲੂ ਕਾਰਨ ਤਾਪਮਾਨ 45 ਡਿਗਰੀ ਜਾਂ ਇਸ ਤੋਂ ਵੱਧ ਜਾਣ ਦੀ ਚਿਤਾਵਨੀ ਵੀ ਦਿੱਤੀ ਗਈ ਹੈ।
ਇਸ ਸਥਿਤੀ ’ਚ ਲੰਬੇ ਸਮੇਂ ਤੱਕ ਧੁੱਪ ’ਚ ਰਹਿਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਸ ਦੇ ਨਾਲ, ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਤਾਪਮਾਨ ਦੇ ਵਧਣ ਕਾਰਨ ਸਿਰਫ ਧੁੱਪ ਹੀ ਨਹੀਂ, ਸਗੋਂ ਪਰਾਲੀ, ਗੰਦਗੀ ਦੇ ਢੇਰ, ਪਲਾਸਟਿਕ ਆਦਿ ਨੂੰ ਅੱਗ ਲਾਉਣ ਨਾਲ ਹਾਲਾਤ ਵਿਗੜਦੇ ਹਨ। ਇਸ ਲਈ ਇਸ ਤੋਂ ਬਚਣਾ ਚਾਹੀਦਾ ਹੈ।
ਡਾਕਟਰਾਂ ਅਨੁਸਾਰ, ਜਦੋਂ ਲੂ ਚੱਲ ਰਹੀ ਹੋਵੇ ਤਾਂ ਲੰਬੇ ਸਮੇਂ ਤੱਕ ਪੈਦਲ ਚੱਲਣਾ ਜਾਂ ਕੰਮ ਕਰਨਾ ਸਿਹਤ ਨਾਲ ਸਬੰਧਤ ਵੱਡੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਲੂ ਤੋਂ ਬਚਣ ਲਈ ਖਿਆਲ ਜ਼ਰੂਰ ਰੱਖੋ, ਕਿਉਂਕਿ ਲੰਬੇ ਸਮੇਂ ਤੱਕ ਧੁੱਪ ’ਚ ਰਹਿਣ ਨਾਲ ਸਿਰ ਚਕਰਾਉਣਾ, ਅੱਖਾਂ ਦੇ ਅੱਗੇ ਹਨੇਰਾ ਛਾ ਜਾਣਾ, ਸਰੀਰ ’ਚ ਪਾਣੀ ਦੀ ਮਾਤਰਾ ਘਟਣਾ, ਸਰੀਰ ’ਚ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋਣਾ ਆਦਿ ਹੋ ਸਕਦਾ ਹੈ। ਇਸ ਸਥਿਤੀ ’ਚ ਧੁੱਪ ਵਿਚ ਨਿਕਲਣ ਤੋਂ ਬਚਣਾ ਚਾਹੀਦਾ ਹੈ, ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਲਈ।