ਅੱਗ ਕਾਰਨ ਸੜਕ ਕੰਢੇ ਦਰੱਖਤ ਸੜੇ
ਨਹਿਰ ਕਿਨਾਰੇ ਕਣਕ ਦੇ ਨਾੜ ਨੂੰ ਲੱਗੀ ਅੱਗ ਕਾਰਨ ਸੜਕ ਕਿਨਾਰੇ ਦਰਖਤ ਸੜੇ
Publish Date: Fri, 08 May 2026 10:01 PM (IST)
Updated Date: Fri, 08 May 2026 10:02 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਕਿਸ਼ਨਗੜ੍ਹ ’ਚ ਬਿਸਤ ਦੁਆਬ ਨਹਿਰ ਕੰਢੇ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਲਾਈ ਅੱਗ ਕਾਰਨ ਨਹਿਰ ਕੰਢੇ ਕਿਸ਼ਨਗੜ੍ਹ ਤੋਂ ਬੱਲਾਂ ਨੂੰ ਜਾਂਦੀ ਸੜਕ ਕੰਢੇ ਲੱਗੇ ਦਰਖਤਾਂ ਨੂੰ ਭਾਰੀ ਨੁਕਸਾਨ ਪੁੱਜਾ। ਅੱਗ ਦੀ ਲਪੇਟ ਵਿੱਚ ਆਉਣ ਕਾਰਨ ਕਈ ਦਰੱਖਤ ਹੇਠੋਂ ਸੜ ਗਏ। ਜਾਣਕਾਰੀ ਅਨੁਸਾਰ ਬੀਤੇ ਦਿਨ ਖੇਤਾਂ ’ਚ ਕਣਕ ਦੇ ਨਾੜ ਨੂੰ ਅੱਗ ਲਾਈ ਗਈ ਸੀ, ਜੋ ਕੁਝ ਸਮੇਂ ਵਿੱਚ ਹੀ ਭਿਆਨਕ ਰੂਪ ਧਾਰਨ ਕਰ ਗਈ। ਅੱਗ ਦੀਆਂ ਲਾਟਾਂ ਦੂਰ ਤੱਕ ਦਿਖਾਈ ਦੇ ਰਹੀਆਂ ਸਨ, ਜਦਕਿ ਧੂੰਏਂ ਦੇ ਗੁਬਾਰ ਕਾਰਨ ਕਿਸ਼ਨਗੜ੍ਹ ਤੋਂ ਬੱਲਾਂ ਨੂੰ ਜਾਂਦੀ ਸੜਕ ’ਤੇ ਦਿਸਣ ਹੱਦ ਘੱਟ ਹੋ ਗਈ। ਇਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸੜਕ ਕੰਢੇ ਦਰੱਖਤ, ਜਿਨ੍ਹਾਂ ’ਤੇ ਸਬੰਧਤ ਵਿਭਾਗ ਵੱਲੋਂ ਨੰਬਰ ਵੀ ਲਾਏ ਗਏ ਸਨ, ਅੱਗ ਕਾਰਨ ਸੜ ਗਏ। ਇਸ ਮਾਮਲੇ ਸਬੰਧੀ ਪਟਵਾਰੀ ਸੁਨਿੰਦਰ ਕੁਮਾਰ ਤੇ ਪੁਲਿਸ ਚੌਕੀ ਕਿਸ਼ਨਗੜ੍ਹ ਦੇ ਏਐੱਸਆਈ ਹਰਦੀਪ ਸਿੰਘ ਨੂੰ ਵੀ ਜਾਣੂ ਕਰਵਾਇਆ ਗਿਆ, ਜਿਨ੍ਹਾਂ ਨੇ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਉਣ ਦਾ ਭਰੋਸਾ ਦਿੱਤਾ। ਇਸ ਸਬੰਧੀ ਜੰਗਲਾਤ ਵਿਭਾਗ ਦੇ ਰੇਂਜ ਅਫਸਰ ਹਰਗੁਰਨੇਕ ਸਿੰਘ ਨੇ ਦੱਸਿਆ ਕਿ ਮੌਕੇ ਦੀ ਜਾਂਚ ਕਰਕੇ ਅੱਗ ਲਾਉਣ ਵਾਲੇ ਵਿਅਕਤੀ ਦੀ ਪਛਾਣ ਕੀਤੀ ਜਾਵੇਗੀ ਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।