ਟ੍ਰੈਵਲ ਏਜੰਟ ਨੂੰ ਦਫਤਰ ’ਚੋਂ ਚੁੱਕਣ ਕੇ ਲਿਜਾਣ ਦੇ ਦੋਸ਼
-ਪੈਸੇ ਦੇ ਵਿਵਾਦ ’ਚ
Publish Date: Mon, 18 May 2026 08:44 PM (IST)
Updated Date: Mon, 18 May 2026 08:45 PM (IST)
-ਪੈਸੇ ਦੇ ਵਿਵਾਦ ’ਚ ਕੁੱਟਮਾਰ ਤੇ ਅਗਵਾ ਕਰਨ ਦੀ ਕੋਸ਼ਿਸ਼, ਸੀਸੀਟੀਵੀ ’ਚ ਕੈਦ ਹੋਈ ਘਟਨਾ
ਜਾਸ, ਜਲੰਧਰ : ਬੱਸ ਸਟੈਂਡ ਨੇੜੇ ਸਥਿਤ ਗੁਜਰਾਲ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਦਫਤਰ ’ਚ ਟ੍ਰੈਵਲ ਏਜੰਟ ਸੰਨੀ ਗੁਜਰਾਲ ਨਾਲ ਕੁੱਟਮਾਰ ਤੇ ਕਥਿਤ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ, ਜਿਸ ’ਚ ਕੁਝ ਨੌਜਵਾਨ ਉਸ ਨੂੰ ਦਫਤਰ ’ਚੋਂ ਬਾਹਰ ਲਿਜਾਂਦੇ ਦਿਖਾਈ ਦੇ ਰਹੇ ਹਨ। ਜਾਣਕਾਰੀ ਅਨੁਸਾਰ, ਇਹ ਮਾਮਲਾ ਪੈਸਿਆਂ ਦੇ ਲੈਣ-ਦੇਣ ਨਾਲ ਜੁੜਿਆ ਹੋਇਆ ਹੈ।
ਸੂਚਨਾ ਮੁਤਾਬਕ, ਕੁਝ ਨੌਜਵਾਨ ਅਚਾਨਕ ਸੰਨੀ ਗੁਜਰਾਲ ਦੇ ਦਫਤਰ ’ਚ ਪੁੱਜੇ ਤੇ ਉਸ ਨਾਲ ਬਹਿਸ ਕਰਨ ਲੱਗੇ। ਦੋਸ਼ ਹੈ ਕਿ ਇਸ ਤੋਂ ਬਾਅਦ ਨੌਜਵਾਨਾਂ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਉਸ ਨੂੰ ਜਬਰਦਸਤੀ ਆਪਣੇ ਨਾਲ ਲੈ ਜਾਣ ਦੀ ਕੋਸ਼ਿਸ਼ ਕੀਤੀ। ਸੀਸੀਟੀਵੀ ਫੁਟੇਜ ’ਚ ਵੇਖਿਆ ਜਾ ਸਕਦਾ ਹੈ ਕਿ ਮੁਲਜ਼ਮ ਨੌਜਵਾਨ ਸੰਨੀ ਨੂੰ ਕੁਰਸੀ ਸਮੇਤ ਉਠਾਉਣ ਦੀ ਕੋਸ਼ਿਸ਼ ਕਰਦੇ ਹਨ। ਵਿਰੋਧ ਕਰਨ 'ਤੇ ਉਹ ਫਰਸ਼ 'ਤੇ ਬੈਠ ਜਾਂਦਾ ਹੈ ਪਰ ਮੁਲਜ਼ਮ ਉਸ ਨੂੰ ਖਿੱਚ ਕੇ ਦਫਤਰ ਤੋਂ ਬਾਹਰ ਲਿਜਾ ਰਹੇ ਹਨ। ਜਾਣਕਾਰੀ ਅਨੁਸਾਰ,ਉਹ ਉਸ ਨੂੰ ਗੱਡੀ ’ਚ ਬੈਠਾ ਕੇ ਪਠਾਨਕੋਟ ਚੌਕ ਵੱਲ ਲੈ ਗਏ। ਇਸ ਦੌਰਾਨ, ਸੰਨੀ ਕਿਸੇ ਤਰ੍ਹਾਂ ਭੱਜ ਕੇ ਜਾਨ ਬਚਾਉਣ ਵਿਚ ਸਫਲ ਹੋ ਗਿਆ। ਬਾਅਦ ਵਿਚ ਉਹ ਸਿੱਧਾ ਥਾਣਾ ਰਾਮਾ ਮੰਡੀ ਪੁੱਜਾ, ਜਿੱਥੇ ਪੁਲਿਸ ਨੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ।
----
ਸਾਬਕਾ ਸੰਸਦ ਮੈਂਬਰ ਨੇ ਵੀ ਪੁਲਿਸ ਨੂੰ ਫੋਨ ਕੀਤਾ
ਸੰਨੀ ਗੁਜਰਾਲ ਨੇੜੇ ਦੇ ਇਕ ਸਾਬਕਾ ਸੰਸਦ ਮੈਂਬਰ ਨੇ ਵੀ ਮਾਮਲੇ ਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ। ਪੀੜਤ ਨੇ ਦੱਸਿਆ ਕਿ ਉਸ ਦਾ ਕੁਝ ਲੋਕਾਂ ਨਾਲ ਪੈਸੇ ਦਾ ਲੈਣ-ਦੇਣ ਸੀ ਪਰ ਇਸ ਤਰ੍ਹਾਂ ਜ਼ਬਰਦਸਤੀ ਦਫਤਰ ਵਿਚ ਦਾਖਲ ਹੋ ਕੇ ਕੁੱਟਮਾਰ ਕਰਨਾ ਤੇ ਅਗਵਾ ਕਰਨ ਦੀ ਕੋਸ਼ਿਸ਼ ਕਰਨਾ ਬਿਲਕੁਲ ਗਲਤ ਹੈ। ਉਸ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।
----
ਪਤਨੀ ਨੇ ਕੀਤਾ ਸੀ ਪੁਲਿਸ ਨੂੰ ਫੋਨ
ਘਟਨਾ ਦੇ ਸਮੇਂ ਸੰਨੀ ਦੀ ਪਤਨੀ ਬੱਚੇ ਨੂੰ ਸਕੂਲ ਤੋਂ ਲੈਣ ਗਈ ਹੋਈ ਸੀ। ਪਤਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫੋਨ 'ਤੇ ਘਟਨਾ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੀੜਤ ਪਰਿਵਾਰ ਨੇ ਮੁਲਜ਼ਮਾਂ ਖ਼ਿਲਾਫ਼ ਅਗਵਾ ਤੇ ਕੁੱਟਮਾਰ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਸਮੇਂ, ਥਾਣਾ ਰਾਮਾ ਮੰਡੀ ਤੇ ਬੱਸ ਸਟੈਂਡ ਚੌਕੀ ਪੁਲਿਸ ਮਾਮਲੇ ਦੀ ਜਾਂਚ ’ਚ ਲੱਗੀ ਹੋਈ ਹੈ। ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮੁਲਜ਼ਮ ਨੌਜਵਾਨਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।