ਨਗਰ ਨਿਗਮ ਬ੍ਰਾਂਚਾਂ ’ਚ ਸਟਾਫ ਦੇ ਹੋ ਸਕਦੇ ਨੇ ਤਬਾਦਲੇ
ਤਹਿ ਬਜ਼ਾਰੀ ਦੇ ਬਾਅਦ ਹੁਣ ਬਾਕੀ ਬਰਾਂਚਾਂ ਦੇ ਵੀ ਹੋ ਸਕਦੇ ਨੇ ਤਬਾਦਲੇ
Publish Date: Sun, 26 Apr 2026 08:37 PM (IST)
Updated Date: Sun, 26 Apr 2026 08:40 PM (IST)

ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਦੇ ਸੁਪਰਡੈਂਟ ਸਮੇਤ ਸਾਰੇ ਸਟਾਫ ਦੀ ਬਦਲੀ ਤੋਂ ਬਾਅਦ ਹੁਣ ਬਾਕੀ ਬ੍ਰਾਂਚਾਂ ਦੇ ਸਟਾਫ ਦੇ ਤਬਾਦਲੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜਿਸ ਤਰ੍ਹਾਂ ਮੇਅਰ ਤੇ ਨਿਗਮ ਕਮਿਸ਼ਨਰ ਨੇ ਤਹਿਬਾਜ਼ਾਰੀ ਤੋਂ ਬਾਅਦ ਵਰਕਸ਼ਾਪ ਦਾ ਕਲਿਕ ਤੋੜਨ ਦੀ ਕੋਸ਼ਿਸ਼ ਕੀਤੀ ਹੈ, ਉਸੇ ਹਿਸਾਬ ਨਾਲ ਹੁਣ ਉਹ ਬਾਕੀ ਬ੍ਰਾਂਚਾਂ ’ਚ ਲੱਗੇ ਸਟਾਫ ਦੀ ਜਾਂਚ ਕਰ ਰਹੇ ਹਨ ਕਿ ਉਹ ਕਦੋਂ ਤੋਂ ਉੱਥੇ ਕੰਮ ਕਰ ਰਿਹਾ ਹੈ ਅਤੇ ਕਿਸ-ਕਿਸ ਦੀ ਬਦਲੀ ਦੂਜੀ ਬ੍ਰਾਂਚ ’ਚ ਕੀਤੀ ਜਾ ਸਕਦੀ ਹੈ। ਬ੍ਰਾਂਚਾਂ ਦੀਆਂ ਬਦਲੀਆਂ ਨੂੰ ਲੈ ਕੇ ਸਾਰੀਆਂ ਬ੍ਰਾਂਚਾਂ ’ਚ ਹਲਚਲ ਮਚੀ ਹੋਈ ਹੈ। ਭਾਵੇਂ ਨਗਰ ਨਿਗਮ ਦੀਆਂ ਕਈ ਬ੍ਰਾਂਚਾਂ ਵਿਚ ਸਟਾਫ ਦੀ ਘਾਟ ਜ਼ਰੂਰ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਕਾਰਗੁਜ਼ਾਰੀ ਦਾ ਵੀ ਜਾਇਜ਼ਾ ਲਿਆ ਜਾ ਰਿਹਾ ਹੈ। ਨਗਰ ਨਿਗਮ ਦੇ ਸੂਤਰਾਂ ਅਨੁਸਾਰ ਮੇਅਰ ਨੇ ਵੱਖ-ਵੱਖ ਬ੍ਰਾਂਚਾਂ ਦੀ ਲਿਸਟ ਮੰਗੀ ਹੈ ਅਤੇ ਉਨ੍ਹਾਂ ਬ੍ਰਾਂਚਾਂ ’ਚ ਕੰਮ ਕਰਨ ਵਾਲੇ ਸਟਾਫ ਮੈਂਬਰਾਂ ਦੀ ਕਾਰਗੁਜ਼ਾਰੀ ਦਾ ਵੇਰਵਾ ਵੀ ਦੇਣ ਲਈ ਕਿਹਾ ਗਿਆ ਹੈ। ਨਗਰ ਨਿਗਮ ’ਚ ਬ੍ਰਾਂਚਾਂ ਦੇ ਤਬਾਦਲਿਆਂ ਨੂੰ ਲੈ ਕੇ ਕਾਫੀ ਹਲਚਲ ਮਚੀ ਹੋਈ ਹੈ ਅਤੇ ਜਿਹੜੇ ਅਧਿਕਾਰੀ ਤੇ ਕਰਮਚਾਰੀ ਮਲਾਈਦਾਰ ਸੀਟਾਂ ’ਤੇ ਪਿਛਲੇ ਕਈ ਸਾਲਾਂ ਤੋਂ ਇਕ ਹੀ ਬ੍ਰਾਂਚ ’ਚ ਕੰਮ ਕਰ ਰਹੇ ਹਨ, ਉਨ੍ਹਾਂ ਨੇ ਤਬਾਦਲਾ ਰੁਕਵਾਉਣ ਲਈ ਸਫਾਰਿਸ਼ਾਂ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਪਰ ਜਿਸ ਤਰ੍ਹਾਂ ਤਹਿਬਾਜ਼ਾਰੀ ਬ੍ਰਾਂਚ ਦੇ ਸਾਰੇ ਸਟਾਫ ਨੂੰ ਬਦਲਿਆ ਗਿਆ ਹੈ, ਉਸੇ ਤਰਜ਼ ’ਤੇ ਬਾਕੀ ਬ੍ਰਾਂਚਾਂ ਦੇ ਤਬਾਦਲੇ ਕਰਨ ਲਈ ਨਿਗਮ ਪ੍ਰਸ਼ਾਸਨ ਵੱਲੋਂ ਪਾਲਸੀ ਬਣਾਈ ਜਾ ਰਹੀ ਹੈ, ਜਿਸ ਦੇ ਤਹਿਤ ਹਰ ਕਰਮਚਾਰੀ ਦੀ ਇਕ ਬ੍ਰਾਂਚ ’ਚ 3 ਸਾਲ ਤੋਂ ਬਾਅਦ ਤਬਦੀਲੀ ਦੂਜੀ ਬ੍ਰਾਂਚ ’ਚ ਕੀਤੀ ਜਾਵੇਗੀ। ਹਾਲ ਦੀ ਘੜੀ ਵੱਖ-ਵੱਖ ਬ੍ਰਾਂਚਾਂ ’ਚ ਕਈ ਅਜਿਹੇ ਅਧਿਕਾਰੀ ਜਾਂ ਕਰਮਚਾਰੀ ਮੌਜੂਦ ਹਨ, ਜਿਨ੍ਹਾਂ ਦੀ ਉਮਰ ਇਕੋ ਬ੍ਰਾਂਚ ਵਿਚ ਹੀ ਬੀਤ ਗਈ ਹੈ ਅਤੇ ਉਹ ਹੁਣ ਸੇਵਾਮੁਕਤ ਦੇ ਨੇੜੇ ਹਨ। ਇਸ ਤਰ੍ਹਾਂ ਨਗਰ ਨਿਗਮ ਦੀਆਂ ਬ੍ਰਾਂਚਾਂ ’ਚ ਓਵਰਹਾਲਿੰਗ ਦੀ ਜ਼ਰੂਰਤ ਹੈ ਅਤੇ ਜੇ 3 ਸਾਲ ਬਾਅਦ ਦੂਜੀ ਬ੍ਰਾਂਚ ਵਿਚ ਤਬਾਦਲਾ ਨੀਤੀ ਸ਼ੁਰੂ ਹੋ ਗਈ ਤਾਂ ਨਗਰ ਨਿਗਮ ਦੀ ਕਾਰਗੁਜ਼ਾਰੀ ’ਚ ਸੁਧਾਰ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।