ਜਨਗਣਨਾ 2026 ਲਈ ਟ੍ਰੇਨਿੰਗ ਸ਼ੁਰੂ, ਗ਼ੈਰ-ਹਾਜ਼ਰਾਂ ਨੂੰ ਨੋਟਿਸ ਜਾਰੀ
ਜਨਗਣਨਾ 2026 ਲਈ ਨਗਰ ਨਿਗਮ ਮੁੱਖ ਦਫਤਰ ’ਚ ਟ੍ਰੇਨਿੰਗ ਸ਼ੁਰੂ, ਗੈਰਹਾਜ਼ਰਾਂ ਨੂੰ ਨੋਟਿਸ ਜਾਰੀ
Publish Date: Mon, 20 Apr 2026 10:44 PM (IST)
Updated Date: Mon, 20 Apr 2026 10:48 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਮੁੱਖ ਦਫਤਰ ’ਚ ਸੋਮਵਾਰ ਨੂੰ ਮਰਦਮਸ਼ੁਮਾਰੀ 2026 ਲਈ ਨਿਯੁਕਤ ਸਟਾਫ ਤੇ ਸੁਪਰਵਾਈਜ਼ਰਾਂ ਦੀ ਟ੍ਰੇਨਿੰਗ ਸ਼ੁਰੂ ਹੋ ਗਈ। ਇਹ ਟ੍ਰੇਨਿੰਗ ਨਗਰ ਨਿਗਮ ਕਮਿਸ਼ਨਰ ਤੇ ਪ੍ਰਿੰਸੀਪਲ ਮਰਦਮਸ਼ੁਮਾਰੀ ਅਧਿਕਾਰੀ ਸੰਦੀਪ ਰਿਸ਼ੀ ਦੀ ਦੇਖਰੇਖ ਹੇਠ ਕਰਵਾਈ ਗਈ। ਗਰੁੱਪ-1 ਦੇ ਟ੍ਰੇਨਿੰਗ ਸੈਸ਼ਨ ਸ਼ਹਿਰ ਦੇ ਛੇ ਵੱਖ-ਵੱਖ ਸਕੂਲਾਂ ’ਚ ਕਰਵਾਏ ਗਏ, ਜਿਨ੍ਹਾਂ ’ਚ ਸ਼੍ਰੀ ਪਾਰਵਤੀ ਜੈਨ ਕੋ-ਐਡ ਸੀਨੀਅਰ ਸੈਕੰਡਰੀ ਸਕੂਲ (ਵਿਜੇ ਨਗਰ), ਓਲੰਪਿਅਨ ਮਨਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਾਈਂ ਦਾਸ ਏ.ਐੱਸ. ਸੀਨੀਅਰ ਸੈਕੰਡਰੀ ਸਕੂਲ, ਨਹਿਰੂ ਗਾਰਡਨ ਸਕੂਲ, ਐੱਮ.ਜੀ.ਐੱਨ. ਆਦਰਸ਼ ਨਗਰ ਅਤੇ ਸਰਕਾਰੀ ਕੰਨਿਆ ਸਕੂਲ ਗੜ੍ਹਾ ਸ਼ਾਮਲ ਹਨ। ਕੁੱਲ 10 ਬੈਚਾਂ ਵਿੱਚ ਕਰੀਬ 500 ਸਟਾਫ ਮੈਂਬਰਾਂ ਨੂੰ ਜਨਗਣਨਾ ਪ੍ਰਕਿਰਿਆ, ਡਿਜੀਟਲ ਐਪਲੀਕੇਸ਼ਨ ਦੀ ਵਰਤੋਂ, ਡਾਟਾ ਦੀ ਸਟੀਕਤਾ ਅਤੇ ਭੇਤ ਗੁਪਤਾ ਰੱਖਣ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮਕਸਦ ਘਰਾਂ ਦੀ ਲਿਸਟਿੰਗ ਅਤੇ ਆਬਾਦੀ ਗਿਣਤੀ ਦੌਰਾਨ ਬਿਨਾਂ ਗਲਤੀ ਅਤੇ ਪਾਰਦਰਸ਼ੀ ਡਾਟਾ ਇਕੱਠਾ ਕਰਨਾ ਹੈ। ਨਗਰ ਨਿਗਮ ਦੀ ਸਿਟੀ ਮਰਦਮਸ਼ੁਮਾਰੀ ਅਧਿਕਾਰੀ-ਕਮ-ਜੁਆਇੰਟ ਕਮਿਸ਼ਨਰ ਡਾ. ਸੁਮਨਦੀਪ ਕੌਰ ਨੇ ਟ੍ਰੇਨਿੰਗ ਦੀ ਨਿਗਰਾਨੀ ਕਰਦਿਆਂ ਕਿਹਾ ਕਿ ਸਹੀ ਜਨਗਣਨਾ ਡਾਟਾ ਸ਼ਹਿਰ ਦੀ ਭਲਾਈ ਯੋਜਨਾਵਾਂ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸਰੋਤਾਂ ਦੀ ਯੋਜਨਾ ਬਣਾਉਣ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਸਾਰੇ ਨਿਯੁਕਤ ਸਟਾਫ ਨੂੰ ਕਵਰ ਕਰਨ ਲਈ ਟ੍ਰੇਨਿੰਗ ਵੱਖ-ਵੱਖ ਫੇਜ਼ਾਂ ਵਿੱਚ ਜਾਰੀ ਰਹੇਗੀ। ਪ੍ਰਿੰਸੀਪਲ ਜਨਗਣਨਾ ਅਧਿਕਾਰੀ ਸੰਦੀਪ ਰਿਸ਼ੀ ਨੇ ਸਪੱਸ਼ਟ ਕੀਤਾ ਕਿ ਗੈਰ-ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡਾ. ਸੁਮਨਦੀਪ ਕੌਰ ਨੇ ਦੱਸਿਆ ਕਿ ਗ਼ੈਰ-ਹਾਜ਼ਰ ਪਾਏ ਗਏ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਤੇ ਮਰਦਮਸ਼ੁਮਾਰੀ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਵਾਲਿਆਂ ਖਿਲਾਫ ਮਰਦਮਸ਼ੁਮਾਰੀ ਐਕਟ, 1948 ਅਧੀਨ ਕਾਰਵਾਈ ਕੀਤੀ ਜਾਵੇਗੀ।