ਟੋਅ ਕੀਤੇ ਜਾ ਰਹੇ ਵਾਹਨਾਂ ਕਾਰਨ ਵਪਾਰੀਆਂ ’ਚ ਰੋਸ
-ਆਟੋ ਪਾਰਟਸ ਵਪਾਰੀਆਂ ਨੇ
Publish Date: Sat, 09 May 2026 11:18 PM (IST)
Updated Date: Sat, 09 May 2026 11:20 PM (IST)
-ਆਟੋ ਪਾਰਟਸ ਵਪਾਰੀਆਂ ਨੇ ਕੀਤਾ ਰੋਸ ਪ੍ਰਦਰਸ਼ਨ
ਜਾਸ, ਜਲੰਧਰ : ਸ਼ਾਸਤਰੀ ਮਾਰਕੀਟ ਤੇ ਪੀਐੱਨਟੀ ਕਾਲੋਨੀ ਤੋਂ ਹੁੰਦੇ ਹੋਏ ਸੰਜੈ ਗਾਂਧੀ ਮਾਰਕੀਟ ਵੱਲ ਜਾਂਦੇ ਰਸਤੇ 'ਤੇ ਸੜਕ ਕੰਢੇ ਖੜ੍ਹੇ ਕੀਤੇ ਗਏ ਵਾਹਨਾਂ ਨੂੰ ਟ੍ਰੈਫਿਕ ਪੁਲਿਸ ਵੱਲੋਂ ਟੋਅ ਕੀਤਾ ਜਾ ਰਿਹਾ ਹੈ। ਇਸ ਕਾਰਨ ਇਸ ਰਸਤੇ 'ਤੇ ਸਥਿਤ ਏਸ਼ੀਆ ਦੀ ਸਭ ਤੋਂ ਵੱਡੀ ਆਟੋ ਪਾਰਟਸ ਮਾਰਕੀਟ ਸਹਿਦੇਵ ਮਾਰਕੀਟ ਦੇ ਵਪਾਰੀਆਂ ਦਾ ਕਾਰੋਬਾਰ ਬਹੁਤ ਹੀ ਪ੍ਰਭਾਵਿਤ ਹੋ ਰਿਹਾ ਹੈ। ਇਸ ਸਬੰਧੀ ਸ਼ਨਿਚਰਵਾਰ ਨੂੰ ਵਪਾਰੀਆਂ ਨੇ ਟ੍ਰੈਫਿਕ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਸਹਿਦੇਵ ਮਾਰਕੀਟ ਟ੍ਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਸ਼ਵਨੀ ਮਲਹੋਤਰਾ ਦੀ ਪ੍ਰਧਾਨਗੀ ’ਚ ਅਹੁਦੇਦਾਰਾਂ ਤੇ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਹਿਦੇਵ ਮਾਰਕੀਟ ’ਚ ਸਿਰਫ ਸ਼ਹਿਰ ਹੀ ਨਹੀਂ, ਬਲਕਿ ਆਸ-ਪਾਸ ਦੇ ਜ਼ਿਲ੍ਹਿਆਂ ਤੋਂ ਵੀ ਲੋਕ ਆਟੋ ਪਾਰਟਸ ਦੀ ਖਰੀਦਾਰੀ ਲਈ ਆਉਂਦੇ ਹਨ। ਇਸ ਲਈ ਜ਼ਿਆਦਾਤਰ ਵਪਾਰੀ ਸਹਦੇਵ ਮਾਰਕੀਟ ਦੇ ਸਾਹਮਣੇ ਮੇਨ ਰੋਡ ’ਤੇ ਪੀਐੱਨਟੀ ਕਾਲੋਨੀ ਅੱਗੇ ਸੜਕ ਕੰਢੇ ਵਾਹਨ ਪਾਰਕ ਕਰ ਦਿੰਦੇ ਹਨ ਪਰ ਇੱਥੇ ਯੈਲੋ ਲਾਈਨ ਨਾ ਹੋਣ ਕਾਰਨ ਅਕਸਰ ਟ੍ਰੈਫਿਕ ਪੁਲਿਸ ਵੱਲੋਂ ਉਨ੍ਹਾਂ ਦੇ ਵਾਹਨਾਂ ਨੂੰ ਟੋਅ ਕਰ ਲਿਆ ਜਾਂਦਾ ਹੈ। ਇਸ ਕਾਰਨ ਸਹਿਦੇਵ ਮਾਰਕੀਟ ਦੇ ਵਪਾਰੀਆਂ ਦਾ ਕਾਰੋਬਾਰ ਬਹੁਤ ਹੀ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਈ ਵਾਰੀ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਯੈਲੋ ਲਾਈਨ ਨਾ ਹੋਣ ਕਾਰਨ ਵਪਾਰੀਆਂ ਨੂੰ ਆਰਥਿਕ ਤੇ ਮਾਨਸਿਕ ਤੌਰ 'ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਾਮਲੇ ਨੂੰ ਲੈ ਕੇ ਕੌਂਸਲਰ ਸ਼ੈਰੀ ਚੱਡਾ ਤੇ ਕੌਂਸਲਰ ਜਸਲੀਨ ਸੇਠੀ ਨਾਲ ਵਪਾਰੀਆਂ ਨੇ ਸੰਪਰਕ ਕੀਤਾ। ਇਸ 'ਤੇ ਉਨ੍ਹਾਂ ਨੇ ਵਪਾਰੀ ਭਾਈਚਾਰੇ ਦੀ ਉਕਤ ਮੰਗ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ 'ਤੇ ਅਸ਼ੋਕ ਸਾਹਨੀ, ਯਸ਼ਪਾਲ ਖੰਨਾ, ਸੁਨੀਲ ਬੰਸਲ, ਅਸ਼ੋਕ ਸਹਗਲ, ਸੰਨੀ, ਕੰਵਲਨੈਨ ਸਿੰਘ ਅਤੇ ਮਹਿੰਦਰ ਕੁਮਾਰ ਸਮੇਤ ਹੋਰ ਮੈਂਬਰ ਮੌਜੂਦ ਸਨ।