ਟਰੈਕਟਰ, ਹਵਾਈ ਜਹਾਜ਼ ਤੇ ਬੈਟ-ਬਾਲ ਨਿਸ਼ਾਨ ਬਣੇ ਆਜ਼ਾਦ ਉਮੀਦਵਾਰਾਂ ਦੀ ਪਹਿਲੀ ਪਸੰਦ
ਟਰੈਕਟਰ, ਹਵਾਈ ਜਹਾਜ਼ ਅਤੇ ਬੈਟ-ਬਾਲ ਨਿਸ਼ਾਨ ਬਣੇ ਆਜ਼ਾਦ ਉਮੀਦਵਾਰਾਂ ਦੀ ਪਹਿਲੀ ਪਸੰਦ
Publish Date: Wed, 20 May 2026 11:22 PM (IST)
Updated Date: Wed, 20 May 2026 11:25 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹੇ ’ਚ ਪੰਜ ਨਗਰ ਕੌਂਸਲਾਂ ਅਤੇ ਦੋ ਨਗਰ ਪੰਚਾਇਤਾਂ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਸਜ ਚੁੱਕਾ ਹੈ। ਨਾਮਜ਼ਦਗੀਆਂ ਤੋਂ ਬਾਅਦ ਬੀਤੇ ਦਿਨ ਚੋਣ ਨਿਸ਼ਾਨਾਂ ਦੀ ਵੰਡ ਹੋਣ ਉਪਰੰਤ ਸਾਰੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਉਮੀਦਵਾਰ ਪ੍ਰਚਾਰ ਵਿੱਚ ਜੁੱਟ ਗਏ ਹਨ। ਇਸ ਦੌਰਾਨ ਸਭ ਤੋਂ ਵੱਧ ਚਰਚਾ ਚੋਣ ਨਿਸ਼ਾਨਾਂ ਨੂੰ ਲੈ ਕੇ ਹੋ ਰਹੀ ਹੈ। ਸੋਮਵਾਰ ਦੁਪਹਿਰ ਬਾਅਦ ਆਦਮਪੁਰ, ਕਰਤਾਰਪੁਰ, ਨਕੋਦਰ, ਨੂਰਮਹਿਲ ਅਤੇ ਫਿਲੌਰ ਨਗਰ ਕੌਂਸਲਾਂ ਅਤੇ ਲੋਹੀਆਂ ਖਾਸ ਤੇ ਮਹਿਤਪੁਰ ਨਗਰ ਪੰਚਾਇਤ ਚੋਣਾਂ ਵਿੱਚ ਕਿਸਮਤ ਅਜ਼ਮਾ ਰਹੇ ਕੁੱਲ 342 ਉਮੀਦਵਾਰਾਂ ’ਚ ਚੋਣ ਨਿਸ਼ਾਨ ਵੰਡੇ ਗਏ। ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਵੱਲੋਂ ਚੋਣ ਲੜ ਰਹੇ ਉਮੀਦਵਾਰਾਂ ਨੂੰ ਪਾਰਟੀਆਂ ਦੇ ਰਵਾਇਤੀ ਚੋਣ ਨਿਸ਼ਾਨ ਮਿਲੇ ਹਨ ਪਰ ਸਭ ਤੋਂ ਵੱਧ ਕਸਰਤ ਆਜ਼ਾਦ ਉਮੀਦਵਾਰਾਂ ’ਚ ਰਹੀ, ਕਿਉਂਕਿ ਮਨਪਸੰਦ ਚੋਣ ਨਿਸ਼ਾਨ ਹਾਸਲ ਕਰਨ ਲਈ ਉਮੀਦਵਾਰਾਂ ਨੂੰ ਤਿੰਨ ਬਦਲ ਦੇਣ ਲਈ ਕਿਹਾ ਗਿਆ ਸੀ। ਪਿੰਡਾਂ ਵਾਲੇ ਪਿਛੋਕੜ ਵਾਲੀਆਂ ਚੋਣਾਂ ਹੋਣ ਕਾਰਨ ਸਭ ਤੋਂ ਵੱਧ ਮੰਗ ਟਰੈਕਟਰ ਨਿਸ਼ਾਨ ਦੀ ਰਹੀ। ਦੂਜੇ ਨੰਬਰ ‘ਤੇ ਹਵਾਈ ਜਹਾਜ਼ ਤੇ ਤੀਜੇ ਨੰਬਰ ‘ਤੇ ਬੈਟ-ਬਾਲ ਨਿਸ਼ਾਨ ਰਿਹਾ। ਕਰਤਾਰਪੁਰ ਹਲਕੇ ਦੀ ਆਰਓ ਐੱਸਡੀਐੱਮ-2 ਸ਼ਾਇਰੀ ਮਲਹੋਤਰਾ ਨੇ ਦੱਸਿਆ ਕਿ ਜਿਸ ਉਮੀਦਵਾਰ ਨੂੰ ਉਸਦੀ ਪਸੰਦ ਦਾ ਚੋਣ ਨਿਸ਼ਾਨ ਨਹੀਂ ਮਿਲ ਸਕਿਆ, ਉਸ ਵੱਲੋਂ ਦਿੱਤੇ ਗਏ ਦੂਜੇ ਜਾਂ ਤੀਜੇ ਬਦਲ ’ਤੇ ਵਿਚਾਰ ਕੀਤਾ ਗਿਆ। ----------------------------- ਕੀ-ਕੀ ਸਨ ਨਿਸ਼ਾਨਾਂ ਦੇ ਵਿਕਲਪ ਚੋਣ ਕਮਿਸ਼ਨ ਵੱਲੋਂ ਜਾਰੀ ਚੋਣ ਨਿਸ਼ਾਨਾਂ ’ਚ ਸਿਆਸੀ ਪਾਰਟੀਆਂ ਦੇ ਰਵਾਇਤੀ ਨਿਸ਼ਾਨਾਂ ਦੇ ਨਾਲ ਆਜ਼ਾਦ ਉਮੀਦਵਾਰਾਂ ਲਈ ਕਈ ਹੋਰ ਨਿਸ਼ਾਨਾਂ ਦੇ ਬਦਲ ਵੀ ਸਨ। ‘ਆਪ’ ਦਾ ਝਾੜੂ, ਕਾਂਗਰਸ ਦਾ ਪੰਜਾ ਤੇ ਭਾਜਪਾ ਦੇ ਕਮਲ ਨਿਸ਼ਾਨ ਤੋਂ ਇਲਾਵਾ ਟਰੈਕਟਰ, ਹਵਾਈ ਜਹਾਜ਼ ਅਤੇ ਬੈਟ-ਬਾਲ ਨਿਸ਼ਾਨਾਂ ਨਾਲ ਆਟੋ ਰਿਕਸ਼ਾ, ਏਅਰ ਕੰਡੀਸ਼ਨਰ, ਅਲਮਾਰੀ, ਬ੍ਰੈਡ ਟੋਸਟਰ, ਬੈਟਰੀ ਟਾਰਚ, ਬੈਂਚ, ਬਲੈਕ ਬੋਰਡ, ਸਾਈਕਲ ਪੰਪ, ਇੱਟਾਂ, ਗੁਬਾਰਾ, ਬ੍ਰੀਫਕੇਸ, ਬਲਬ, ਕੈਲਕੂਲੇਟਰ, ਕ੍ਰੇਨ, ਕੈਨ, ਕੋਟ, ਮੋਮਬੱਤੀ, ਪਲਾਸ, ਡੋਰ ਹੈਂਡਲ, ਹੀਰਾ, ਡਿਸ਼ ਐਂਟੀਨਾ, ਡੋਰ ਬੈੱਲ, ਲਿਫਾਫਾ, ਹੈਂਡ ਪੰਪ, ਟੇਬਲ, ਟਿਊਬ ਲਾਈਟ, ਟੂਥ ਬਰਸ਼ ਤੇ ਪੁਰ••ਸ਼ ਵਿੱਚੋਂ ਕੋਈ ਵੀ ਨਿਸ਼ਾਨ ਆਜ਼ਾਦ ਉਮੀਦਵਾਰ ਲੈ ਸਕਦੇ ਸਨ।