ਟਿੱਪਰ ਵੱਲੋਂ ਦੋ ਕਾਰਾਂ ਨੂੰ ਟੱਕਰ, ਵੱਡੇ ਹਾਦਸੇ ਤੋਂ ਬਚਾਅ
ਟਿੱਪਰ ਵੱਲੋਂ ਦੋ ਕਾਰਾਂ ਨੂੰ ਟੱਕਰ, ਵੱਡੇ ਹਾਦਸੇ ਤੋਂ ਬਚਾਅ
Publish Date: Sun, 26 Apr 2026 07:40 PM (IST)
Updated Date: Mon, 27 Apr 2026 04:17 AM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਟੀ-ਪੁਆਇੰਟ ਭੋਗਪੁਰ ਵਿਖੇ ਇਕ ਟਿੱਪਰ ਵੱਲੋਂ ਦੋ ਕਾਰਾਂ ਨੂੰ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖੁਸ਼ਕਿਸਮਤੀ ਨਾਲ ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਹਾਲਾਂਕਿ ਦੋਵੇਂ ਕਾਰਾਂ ਨੁਕਸਾਨੀਆਂ ਗਈਆਂ ਹਨ। ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 8:35 ਵਜੇ ਥਾਣਾ ਭੋਗਪੁਰ ਤੋਂ ਹਾਦਸੇ ਦੀ ਸੂਚਨਾ ਮਿਲੀ। ਟੀਮ ਮੌਕੇ 'ਤੇ ਪਹੁੰਚੀ ਤਾਂ ਦੇਖਿਆ ਕਿ ਲਾਲ ਬੱਤੀ ਹੋਣ ਕਾਰਨ ਟੀ-ਪੁਆਇੰਟ 'ਤੇ ਦੋ ਕਾਰਾਂ ਖੜ੍ਹੀਆਂ ਸਨ। ਇਨ੍ਹਾਂ ’ਚ ਇਕ ਹੁੰਡਈ ਵੈਨਿਊ (ਪੀਬੀ10-ਐੱਚਐਕਸ-1575), ਜਿਸ ’ਚ ਹਰਪ੍ਰੀਤ ਸਿੰਘ ਧਵਣ ਵਾਸੀ ਸਰਾਭਾ ਨਗਰ, ਲੁਧਿਆਣਾ ਸਵਾਰ ਸੀ ਤੇ ਦੂਜੀ ਮਾਰੂਤੀ ਐਰਟਿਗਾ (ਪੀਬੀ07-ਸੀਐੱਫ-4707), ਜਿਸ ’ਚ ਬਲਜੀਤ ਸਿੰਘ ਵਾਸੀ ਜਹੂਰਾ, ਥਾਣਾ ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ ਸਵਾਰ ਸੀ। ਇਸ ਦੌਰਾਨ ਪਿੱਛੋਂ ਆ ਰਹੇ ਟਿੱਪਰ (ਪੀਬੀ07-ਸੀਕੇ-6137), ਜਿਸ ਨੂੰ ਸੁਰੇਸ਼ ਵਾਸੀ ਨੂਰਪੁਰ ਕਾਲੋਨੀ, ਜਲੰਧਰ ਚਲਾ ਰਿਹਾ ਸੀ, ਨੇ ਦੋਵੇਂ ਖੜ੍ਹੀਆਂ ਕਾਰਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਦੋਵੇਂ ਵਾਹਨ ਨੁਕਸਾਨੇ ਗਏ, ਪਰ ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਆਈ। ਹਾਦਸੇ ਤੋਂ ਬਾਅਦ ਐੱਸਐੱਸਐੱਫ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਸੁਚਾਰੂ ਕੀਤੀ। ਮੌਕੇ 'ਤੇ ਪਹੁੰਚੇ ਥਾਣਾ ਭੋਗਪੁਰ ਦੇ ਆਈਓ ਏਐੱਸਆਈ ਤਲਵਿੰਦਰ ਸਿੰਘ ਨੂੰ ਟਿੱਪਰ ਤੇ ਦੋਵੇਂ ਕਾਰਾਂ ਸਪੁਰਦ ਕਰ ਦਿੱਤੀਆਂ ਗਈਆਂ।