ਚੀਫ਼ ਜਸਟਿਸ ’ਤੇ ਚੱਪਲ ਸੁੱਟਣਾ ਸੰਵਿਧਾਨ ਦਾ ਅਪਮਾਨ : ਸੰਧੂ
ਚੀਫ਼ ਜਸਟਿਸ 'ਤੇ ਜੁੱਤੀ ਸੁੱਟਣਾ ਸੰਵਿਧਾਨ ਦਾ ਅਪਮਾਨ ਤੇ ਦੇਸ਼ ਦੀ ਵਿਸ਼ਵਵਿਆਪੀ ਬਦਨਾਮੀ ਹੈ - ਸੰਧੂ
Publish Date: Thu, 09 Oct 2025 07:01 PM (IST)
Updated Date: Thu, 09 Oct 2025 07:04 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਅੰਬੇਡਕਰ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਚਰਨ ਦਾਸ ਸੰਧੂ ਤੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਜਾਰੀ ਬਿਆਨ ’ਚ ਕਿਹਾ ਕਿ ਪਹਿਲਾਂ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਜ਼ਿਲ੍ਹੇ ਦੇ ਊਂਚਾਹਾਰ ਥਾਣਾ ਖੇਤਰ ’ਚ ਇਕ ਭੀੜ ਨੇ 38 ਸਾਲਾ ਦਲਿਤ ਨੌਜਵਾਨ ਹਰੀਓਮ ਵਾਲਮੀਕਿ ਨੂੰ ਡੰਡਿਆਂ ਤੇ ਬੈਲਟਾਂ ਨਾਲ ਚੋਰੀ ਦਾ ਇਲਜ਼ਾਮ ਲਾ ਕੇ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਹਿਮਾਚਲ ਪ੍ਰਦੇਸ਼ ’ਚ ਇਕ 12 ਸਾਲਾ ਦਲਿਤ ਲੜਕੇ ਨੂੰ ਉੱਚ ਜਾਤੀ ਦੀਆਂ ਔਰਤਾਂ ਵੱਲੋਂ ਕੁੱਟਮਾਰ ਕਰਨ ਤੇ ਅਪਮਾਨਿਤ ਕਰਨ ਬਾਅਦ ਗਊਸ਼ਾਲਾ ’ਚ ਬੰਦ ਕੀਤੇ ਜਾਣ ਤੋਂ ਬਾਅਦ ਖੁਦਕੁਸ਼ੀ ਕਰ ਲਈ। ਭਾਰਤ ਦੇ ਗ੍ਰਹਿ ਮੰਤਰੀ ਨੇ ਸੰਵਿਧਾਨ ਦੇ ਨਿਰਮਾਤਾ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ... ਜੇ ਤੁਸੀਂ ਇੰਨੀ ਵਾਰ ਪਰਮਾਤਮਾ ਨੂੰ ਯਾਦ ਕੀਤਾ ਹੁੰਦਾ ਤਾਂ ਤੁਹਾਨੂੰ ਸਵਰਗ ਪ੍ਰਾਪਤ ਹੋ ਜਾਂਦਾ। ਹੁਣ ਫਿਰ 71 ਸਾਲਾ ਵਕੀਲ ਰਾਕੇਸ਼ ਕਿਸ਼ੋਰ ਨੇ ਸੀਜੇਆਈ ਬੀਆਰ ਗਵਈ ਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ’ਚ ਚੀਫ਼ ਜਸਟਿਸ ਦਾ ਅਪਮਾਨ ਕੀਤਾ ਗਿਆ ਸੀ। ਇਹ ਸੰਵਿਧਾਨ ਦਾ ਵੀ ਅਪਮਾਨ ਹੈ। ਜਗ੍ਹਾ-ਜਗ੍ਹਾ ਮਾੜੀ ਮਾਨਸਿਕਤਾ ਵਾਲੇ ਲੋਕ ਦਲਿਤਾਂ ਤੇ ਦੇਸ਼ ਨੂੰ ਚਲਾਉਣ ਵਾਲੇ ਸੰਵਿਧਾਨ ਦਾ ਅਪਮਾਨ ਕਰਦੇ ਹਨ। ਅੰਬੇਡਕਰ ਮਿਸ਼ਨ ਸੁਸਾਇਟੀ ਇਨ੍ਹਾਂ ਘਟਨਾਵਾਂ ਦੀ ਸਖ਼ਤ ਨਿੰਦਾ ਕਰਦੀ ਹੈ ਤੇ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਤੁਰੰਤ ਰੋਕਿਆ ਜਾਵੇ ਤੇ ਦੇਸ਼ ਨੂੰ ਦੁਨੀਆ ਭਰ ’ਚ ਬਦਨਾਮੀ ਤੋਂ ਬਚਾਇਆ ਜਾਵੇ।