ਛੇ ਸਕੂਲਾਂ ਤੇ ਤਿੰਨ ਕਾਲਜਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
-ਬੀਐੱਸਐੱਫ ਹੈੱਡਕੁਆਰਟਰ ਦੇ ਸਾਹਮਣੇ
Publish Date: Thu, 07 May 2026 08:59 PM (IST)
Updated Date: Thu, 07 May 2026 09:02 PM (IST)
-ਬੀਐੱਸਐੱਫ ਹੈੱਡਕੁਆਰਟਰ ਦੇ ਸਾਹਮਣੇ ਧਮਾਕੇ ਦੇ ਦੋ ਦਿਨ ਬਾਅਦ ਮਿਲੀ ਈ-ਮੇਲ
- ਸੀਐੱਮ ਭਗਵੰਤ ਮਾਨ ਤੇ ਰਵਨੀਤ ਬਿੱਟੂ ਨੂੰ ਵੀ ਉਡਾਉਣ ਦੀ ਮਿਲੀ ਧਮਕੀ
ਜਾਸ, ਜਲੰਧਰ : ਬੀਐੱਸਐੱਫ ਹੈੱਡਕੁਆਰਟਰ ਦੇ ਬਾਹਰ ਹੋਏ ਧਮਾਕੇ ਦੇ ਦੋ ਦਿਨ ਬਾਅਦ ਵੀਰਵਾਰ ਨੂੰ ਸ਼ਹਿਰ ਦੇ ਛੇ ਸਕੂਲਾਂ ਤੇ ਤਿੰਨ ਕਾਲਜਾਂ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈ-ਮੇਲ ਪ੍ਰਾਪਤ ਹੋਈ ਹੈ। ਇਸ ਘਟਨਾ ਨੇ ਸਕੂਲਾਂ ਤੇ ਕਾਲਜਾਂ ਦੇ ਅਧਿਆਪਕਾਂ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪੇ ’ਚ ਦਹਿਸ਼ਤ ਫੈਲਾ ਦਿੱਤੀ ਹੈ। ਇਸ ਕਾਰਨ ਇਕ ਸਕੂਲ ’ਚ ਛੁੱਟੀ ਦਾ ਐਲਾਨ ਕੀਤਾ ਗਿਆ, ਜਦਕਿ ਹੋਰਨਾਂ ’ਚ ਪੁਲਿਸ ਟੀਮਾਂ ਨੇ ਕੁੱਤੇ ਤੇ ਬੰਹ ਸਕੂਐਡ ਦੀ ਮਦਦ ਨਾਲ ਜਾਂਚ ਕੀਤੀ, ਜਿਸ ’ਚ ਕੋਈ ਸ਼ੱਕੀ ਚੀਜ਼ ਨਹੀਂ ਮਿਲੀ।
ਇਸ ਤੋਂ ਪਹਿਲਾਂ ਵੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਛੇ ਵਾਰੀ ਧਮਕੀ ਭਰੀ ਈ-ਮੇਲ ਆ ਚੁੱਕੀ ਹੈ। ਇਸ ਈ-ਮੇਲ ’ਚ 7 ਤੋਂ 9 ਮਈ ਦੇ ਦਰਮਿਆਨ ਭਗਵੰਤ ਮਾਨ ਤੇ ਰਵਨੀਤ ਬਿੱਟੂ ਨੂੰ ਗ੍ਰਨੇਡ ਤੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਨਾਲ ਹੀ ਸਕੂਲਾਂ ਨੂੰ ਦੁਪਹਿਰ 1:11 ਵਜੇ ਤੇ ਕਾਲਜਾਂ ਨੂੰ 2:11 ਵਜੇ ਉਡਾਉਣ ਦੀ ਗੱਲ ਕੀਤੀ ਗਈ ਹੈ। ਈ-ਮੇਲ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਉਹ ਬੱਚਿਆਂ ਖ਼ਿਲਾਫ਼ ਨਹੀਂ ਹਨ...ਯਾਦ ਰੱਖੋ।
ਧਮਕੀ ਮਿਲਣ ਮਗਰੋਂ ਏਪੀਜੇ ਸਕੂਲ ਮਹਾਵੀਰ ਮਾਰਗ, ਕੇਂਦਰੀ ਵਿਦਿਆਲਿਆ ਸੂਰਾਨੁੱਸੀ, ਸਕੂਲ ਆਫ ਐਮੀਨੈਂਸ ਲਾਡੋਵਾਲੀ ਰੋਡ, ਦਿੱਲੀ ਪਬਲਿਕ ਸਕੂਲ, ਐੱਮਜੀਐੱਨ ਪਬਲਿਕ ਸਕੂਲ, ਐੱਲਜੇਐੱਨਡੀਏਵੀ ਸਕੂਲ, ਸਪੋਰਟਸ ਕਾਲਜ, ਸਰਕਾਰੀ ਕਾਲਜ ਬੂਟਾਂ ਮੰਡੀ, ਡੀਏਵੀਐੱਮਐੱਸ ਸਮੇਤ ਤਿੰਨ ਹੋਰ ਸੰਸਥਾਵਾਂ ਨੂੰ ਧਮਕੀ ਭਰੀ ਈ-ਮੇਲ ਭੇਜੀ ਗਈ ਹੈ। ਇਸ ਮਗਰੋਂ ਏਪੀਜੇ ਸਕੂਲ ’ਚ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਛੁੱਟੀ ਦਾ ਐਲਾਨ ਕੀਤਾ ਗਿਆ।