ਬਿਜਲੀ ਦਫ਼ਤਰ ’ਚ ਹੋਰ ਵਿਭਾਗ ਸ਼ਿਫਟ ਕੀਤੇ ਤਾਂ ਕਰਾਂਗੇ ਸੰਘਰਸ਼ : ਯੂਨੀਅਨ
ਬਿਜਲੀ ਦਫਤਰ ’ਚ ਹੋਰ ਵਿਭਾਗ ਸ਼ਿਫਟ ਕਰਨ ਦੀ ਕੋਸ਼ਿਸ਼ ਹੋਈ ਤਾਂ ਹੋਵੇਗਾ ਵੱਡਾ ਸੰਘਰਸ਼: ਯੂਨੀਅਨ
Publish Date: Mon, 27 Apr 2026 07:00 PM (IST)
Updated Date: Mon, 27 Apr 2026 07:04 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਾਇਆ : ਪੀਐੱਸਪੀਸੀਐੱਲ ਮੰਡਲ ਗੁਰਾਇਆ ਦੀਆਂ ਸਮੂਹ ਜਥੇਬੰਦੀਆਂ, ਜਿਨ੍ਹਾਂ ’ਚ ਟੈਕਨੀਕਲ ਸਰਵਿਸ ਯੂਨੀਅਨ, ਇੰਪਲਾਈਜ਼ ਫੈੱਡਰੇਸ਼ਨ (ਭਲਵਾਨ) ਤੇ ਪੈਨਸ਼ਨਰ ਐਸੋਸੀਏਸ਼ਨ ਸ਼ਾਮਲ ਹਨ, ਵੱਲੋਂ ਇਕ ਵਫ਼ਦ ਨੇ ਮੰਡਲ ਗੁਰਾਇਆ ਦੇ ਐਕਸੀਅਨ ਨਾਲ ਵਿਸ਼ੇਸ਼ ਤੌਰ ਤੇ ਮੁਲਾਕਾਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਗੂਆਂ ਬਲਵਿੰਦਰ ਸਿੰਘ ਤੇ ਸੰਜੀਵ ਕੌਸ਼ਲ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਮੰਡਲ ਗੁਰਾਇਆ ਦੇ ਬਿਜਲੀ ਦਫ਼ਤਰ ’ਚ ਕਿਸੇ ਹੋਰ ਵਿਭਾਗ ਨੂੰ ਸ਼ਿਫਟ ਕਰਨ ਦੀ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੱਧਰ ’ਤੇ ਪੀਐੱਸਪੀਸੀਐੱਲ ਦੀਆਂ ਜ਼ਮੀਨਾਂ ਨੂੰ ਟਰਾਂਸਫਰ ਕਰਨ ਜਾਂ ਵੇਚਣ ਦੇ ਵਿਰੋਧ ’ਚ ਜਥੇਬੰਦੀਆਂ ਪਹਿਲਾਂ ਹੀ ਸੰਘਰਸ਼ ਕਰ ਰਹੀਆਂ ਹਨ। ਇਸ ਲਈ ਜੇਕਰ ਗੁਰਾਇਆ ਵਿੱਚ ਵੀ ਅਜਿਹੀ ਕੋਈ ਕੋਸ਼ਿਸ਼ ਕੀਤੀ ਗਈ ਤਾਂ ਜਥੇਬੰਦੀਆਂ ਡੱਟ ਕੇ ਵਿਰੋਧ ਕਰਨਗੀਆਂ। ਉਨ੍ਹਾਂ ਕਾਰਜਕਾਰੀ ਇੰਜੀਨੀਅਰ ਨੂੰ ਅਪੀਲ ਕੀਤੀ ਕਿ ਅਜਿਹੇ ਕਿਸੇ ਵੀ ਫੈਸਲੇ ਤੋਂ ਗੁਰੇਜ਼ ਕੀਤਾ ਜਾਵੇ, ਨਹੀਂ ਤਾਂ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਨਅਤੀ ਮਾਹੌਲ ਖ਼ਰਾਬ ਹੁੰਦਾ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ’ਤੇ ਹੋਵੇਗੀ। ਮੀਟਿੰਗ ਦੌਰਾਨ ਪੈਨਸ਼ਨਰ ਆਗੂ ਸ਼ਿਵ ਕੁਮਾਰ ਤਿਵਾੜੀ, ਪਿਆਰਾ ਰਾਮ, ਬਲਵਿੰਦਰ ਪਾਲ, ਮੋਹਨ ਸਿੰਘ ਨੇਗੀ, ਕੁਲਵਿੰਦਰ ਸਿੰਘ, ਟੈਕਨੀਕਲ ਸਰਵਿਸ ਯੂਨੀਅਨ ਤੋਂ ਸੰਜੀਵ ਕੁਮਾਰ, ਨਰਿੰਦਰ ਪਾਲ, ਰਵੀ ਜੋਤ, ਦੇਵੀ ਪ੍ਰਸਾਦ ਅਤੇ ਇੰਪਲਾਈਜ਼ ਫੈੱਡਰੇਸ਼ਨ ਤੋਂ ਮਹਿੰਦਰ ਸਿੰਘ, ਜਸਪਾਲ ਸਿੰਘ ਆਦਿ ਹਾਜ਼ਰ ਸਨ।