ਧਾਰਮਿਕ ਸਥਾਨ ’ਚ ਚੋਰੀ ਦੀ ਵਾਰਦਾਤ, ਸੰਗਤਾਂ ’ਚ ਰੋਸ
ਧਾਰਮਿਕ ਸਥਾਨ ’ਤੇ ਚੋਰੀ ਦੀ ਵਾਰਦਾਤ, ਸੰਗਤਾਂ ’ਚ ਭਾਰੀ ਰੋਸ
Publish Date: Thu, 30 Apr 2026 06:25 PM (IST)
Updated Date: Thu, 30 Apr 2026 06:28 PM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ: ਫਿਲੌਰ ਦੇ ਨੂਰਮਹਿਲ ਰੋਡ ਸਥਿਤ ਗੋਪਾਲ ਕਲੋਨੀ ’ਚ ਸ੍ਰੀ ਗੁਰੂ ਰਵਿਦਾਸ ਭਵਨ ਅਮ੍ਰਿਤ ਬਾਣੀ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਘਟਨਾ ਤੋਂ ਬਾਅਦ ਇਲਾਕੇ ਦੀਆਂ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰੂ ਘਰ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ ਨੇ ਦੱਸਿਆ ਕਿ ਚੋਰ ਸਾਊਂਡ ਸਿਸਟਮ ਦਾ ਸਾਮਾਨ ਚੋਰੀ ਕਰ ਕੇ ਲੈ ਗਏ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ ਅਤੇ ਚੋਰਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਰਹਿ ਗਿਆ, ਜਿਸ ਕਰਕੇ ਹੁਣ ਧਾਰਮਿਕ ਸਥਾਨ ਵੀ ਉਨ੍ਹਾਂ ਦੇ ਨਿਸ਼ਾਨੇ ’ਤੇ ਹਨ। ਉਨ੍ਹਾਂ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਵੀ ਇੱਥੇ ਚੋਰੀ ਹੋਈ ਸੀ ਪਰ ਪੁਲਿਸ ਵੱਲੋਂ ਢੁਕਵੀਂ ਕਾਰਵਾਈ ਨਾ ਹੋਣ ਕਰਕੇ ਚੋਰਾਂ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਚਿੰਤਾ ਜਤਾਈ ਕਿ ਜੇਕਰ ਸਮੇਂ ਸਿਰ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਵਰਗੀਆਂ ਘਟਨਾਵਾਂ ਦਾ ਖ਼ਤਰਾ ਵੀ ਬਣ ਸਕਦਾ ਹੈ। ਪ੍ਰਧਾਨ ਰਾਜ ਕੁਮਾਰ ਨੇ ਚਿਤਾਵਨੀ ਦਿੱਤੀ ਕਿ ਜੇ ਦੋ ਦਿਨਾਂ ਅੰਦਰ ਚੋਰਾਂ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਸੰਗਤਾਂ ਵੱਲੋਂ ਸੰਘਰਸ਼ ਕੀਤਾ ਜਾਵੇਗਾ। ਸੂਚਨਾ ਮਿਲਣ ’ਤੇ 112 ਦੀ ਪੁਲਿਸ ਟੀਮ ਮੌਕੇ ’ਤੇ ਪੁੱਜੀ ਅਤੇ ਜਾਂਚ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਯਸ਼ਪਾਲ ਗਿੰਢਾ, ਜਰਨੈਲ ਫਿਲੌਰ, ਮਾਸਟਰ ਹੰਸਰਾਜ, ਪਰਸ਼ੋਤਮ ਫਿਲੌਰ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਮੌਜੂਦ ਸਨ।