ਬਿਜਲੀ ਦੇ ਖੰਭਿਆਂ ’ਤੇ ਵਧਦਾ ਜਾ ਰਿਹੈ ਤਾਰਾਂ ਦਾ ਭਾਰ
ਸ਼ਹਿਰ ’ਚ ਬਿਜਲੀ ਦੇ ਖੰਭਿਆਂ ’ਤੇ ਵਧਦਾ ਜਾ ਰਿਹਾ ਵਾਧੂ
Publish Date: Mon, 11 May 2026 06:39 PM (IST)
Updated Date: Mon, 11 May 2026 06:42 PM (IST)

ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ’ਚ ਬਿਜਲੀ ਦੇ ਖੰਭਿਆਂ ’ਤੇ ਨਿੱਜੀ ਕੇਬਲ ਕੰਪਨੀਆਂ ਦੀਆਂ ਤਾਰਾਂ ਦਾ ਜਾਲ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਸ਼ਹਿਰ ’ਚ ਹਰੇਕ ਖੰਭੇ ’ਤੇ ਇਨ੍ਹਾਂ ਤਾਰਾਂ ਦਾ ਜਾਲ ਵੇਖਣ ਨੂੰ ਮਿਲ ਰਿਹਾ ਹੈ, ਜਿਸ ਕਰਕੇ ਸ਼ਹਿਰ ਦੇ ਕਈ ਬਿਜਲੀ ਦੇ ਖੰਭੇ ਡਿੱਗਣ ਕੰਢੇ ਪੁੱਜ ਗਏ ਹਨ ਪਰ ਪ੍ਰਸ਼ਾਸਨ ਸੁੱਤਾ ਪਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਅਕਸਰ ਪ੍ਰਸ਼ਾਸਨ ਉਸ ਵੇਲੇ ਹੀ ਜਾਗਦਾ ਹੈ ਜਦੋਂ ਕੋਈ ਹਾਦਸਾ ਹੋ ਜਾਂਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਡੀ. ਸੀ. ਹਿਮਾਂਸ਼ੂ ਅਗਰਵਾਲ ਵੱਲੋਂ ਸ਼ਹਿਰ ’ਚ ਵਧਦੇ ਜਾ ਰਹੇ ਵਾਧੂ ਤਾਰਾਂ ਦੇ ਜਾਲ ਨੂੰ ਖ਼ਤਮ ਕਰਨ ਲਈ ਪੀਐੱਸਪੀਸੀਐੱਲ ਤੇ ਨਿੱਜੀ ਕੇਬਲ ਨੈੱਟਵਰਕ ਕੰਪਨੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਸ਼ਹਿਰ ਭਰ ’ਚੋਂ ਵਾਧੂ ਤਾਰਾਂ ਨੂੰ ਹਟਾਉਣ ਲਈ ਕਈ ਕਿਹਾ ਗਿਆ ਸੀ ਪਰ ਇਸ ਦੇ ਬਾਅਦ ਵੀ ਇਨ੍ਹਾਂ ਵਾਧੂ ਲਟਕ ਰਹੀਆਂ ਤਾਰਾਂ ਦੀ ਗਿਣਤੀ ਘੱਟ ਨਹੀਂ ਹੋ ਰਹੀ ਤੇ ਨਾ ਹੀ ਇਨ੍ਹਾਂ ਸਬੰਧੀ ਵਿਭਾਗ ਕੁੱਝ ਕਰ ਰਹੇ ਹਨ ਤੇ ਇਸ ਦੀ ਪਰੇਸ਼ਾਨੀ ਸਿਰਫ਼ ਆਮ ਲੋਕ ਝੱਲ ਰਹੇ ਹਨ, ਜਿਨ੍ਹਾਂ ਦੇ ਘਰਾਂ ਅੱਗੇ ਇਨ੍ਹਾਂ ਵਾਧੂ ਤਾਰਾਂ ਦੇ ਜਾਲ ਦਿਨੋਂ ਦਿਨ ਵਧਦੇ ਜਾ ਰਹੇ ਹਨ ਤੇ ਤਾਰਾਂ ਗਲੀਆਂ ਵਿਚਕਾਰ ਲਟਕ ਰਹੀਆਂ ਹਨ। ਇਸ ਤਰ੍ਹਾਂ ਵਿਚਕਾਰ ਲਟਕ ਰਹੀਆਂ ਇਨ੍ਹਾਂ ਤਾਰਾ ਕਰਕੇ ਕਈ ਵਾਰ ਦੋਪਹੀਆ ਵਾਹਨ ਚਾਲਕ ਹਾਦਸਿਆਂ ਦੇ ਸ਼ਿਕਾਰ ਹੋ ਚੁੱਕੇ ਹਨ, ਕਿਉਂਕਿ ਕਈ ਤਾਰਾਂ ਇਸੇ ਤਰ੍ਹਾਂ ਟੁੱਟ ਕੇ ਸੜਕ ’ਚ ਲਟਕੀਆਂ ਰਹੀਆਂ ਹਨ ਤੇ ਇਹ ਟੁੱਟੀਆਂ ਤਾਰਾਂ ਲੰਘਦੇ ਵਾਹਨਾਂ ਚਾਲਕਾਂ ਦੇ ਗਲੇ ’ਚ ਫਸਦੀਆਂ ਹਨ ਜਿਸ ਕਰਕੇ ਉਹ ਹਾਦਸੇ ਦਾ ਸ਼ਿਕਾਰ ਹੁੰਦੇ ਹਨ ਪਰ ਪ੍ਰਸ਼ਾਸਨ ਆਪਣੀ ਕੁੰਭਕਰਨੀ ਨੀਂਦ ’ਚ ਸੁੱਤਾ ਹੈ ਤੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀ ਆਪਣੇ ਏ. ਸੀ. ਕਮਰਿਆਂ ’ਚੋਂ ਬਾਹਰ ਨਿਕਲ ਕੇ ਹਾਲਾਤ ਵੇਖਣ ਨੂੰ ਤਿਆਰ ਹੀ ਨਹੀਂ ਹਨ। ਸ਼ਹਿਰ ਦੇ ਦਿਓਲ ਨਗਰ, ਨਿਊ ਦਿਓਲ ਨਗਰ, ਰਾਜੂ ਕਾਲੋਨੀ, ਦਸਮੇਸ਼ ਨਗਰ, ਨਿਊ ਦਸਮੇਸ਼ ਨਗਰ, ਤਿਲਕ ਨਗਰ, ਮਾਡਲ ਹਾਊਸ,ਅਵਤਾਰ ਨਗਰ, ਬਸਤੀਆਂ ਖੇਤਰ ਤੇ ਹੋਰ ਇਲਾਕਿਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਕੋਈ ਵੀ ਤਾਰ ਟੁੱਟ ਜਾਂਦੀ ਹੈ ਤੇ ਇਨ੍ਹਾਂ ਨਿੱਜੀ ਕੰਪਨੀਆਂ ਦੇ ਮੁਲਾਜ਼ਮ ਆ ਕੇ ਨਵੀਂ ਤਾਰ ਪਾ ਜਾਂਦੇ ਹਨ ਤੇ ਪੁਰਾਣੀ ਤਾਰ ਉਸੇ ਤਰ੍ਹਾਂ ਹੀ ਟੁੱਟੀ ਹੋਈ ਸੜਕ ’ਤੇ ਛੱਡ ਜਾਂਦੇ ਹਨ ਤੇ ਇਹ ਟੁੱਟੀ ਤਾਰ ਅੱਧੀ ਖੰਭੇ ਨਾਲ ਲਟਕ ਰਹੀ ਹੁੰਦੀ ਤੇ ਅੱਧੀ ਸੜਕ ਵਿਚਕਾਰ ਪਈ ਹੁੰਦੀ ਹੈ, ਜਿਸ ਦੀ ਪਰੇਸ਼ਾਨੀ ਲੋਕਾਂ ਨੂੰ ਝੱਲਣੀ ਪੈਂਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਲਈ ਜਿੰਨੇ ਜ਼ਿੰਮੇਵਾਰ ਇਨ੍ਹਾਂ ਨਿੱਜੀ ਕੰਪਨੀਆਂ ਵਾਲੇ ਹਨ ਉਨ੍ਹੇ ਹੀ ਜ਼ਿੰਮੇਵਾਰ ਬਿਜਲੀ ਵਿਭਾਗ ਵਾਲੇ ਹਨ, ਜਿਨ੍ਹਾਂ ਦੇ ਖੰਡਿਆਂ ’ਤੇ ਲਗਾਤਾਰ ਤਾਰਾ ਦਾ ਭਾਰ ਪੈ ਰਿਹਾ ਹੈ ਤੇ ਖੰਡੇ ਡਿੱਗਣ ਕੰਢੇ ਆ ਗਏ ਹਨ ਤੇ ਉਲਟਾ ਲੋਕ ਕੋਲੋਂ ਪੈਸੇ ਖ਼ਰਚ ਕੇ ਖੰਡਿਆਂ ਨੂੰ ਡਿੱਗਣ ਤੋਂ ਬਚਾਅ ਰਹੇ ਹਨ ਤਾਂ ਕਿ ਇਸ ਨਾਲ ਉਨ੍ਹਾਂ ਦਾ ਕੋਈ ਨੁਕਸਾਨ ਨਾ ਹੋ ਜਾਵੇ। ਗਲੀਆਂ ’ਚ ਬਿਜਲੀ ਵਿਭਾਗ ਦੇ ਹਰੇਕ ਖੰਭੇ ’ਤੇ ਇਨ੍ਹਾਂ ਤਾਰਾਂ ਦੇ ਗੁੱਛੇ ਵੇਖਣ ਨੂੰ ਮਿਲ ਰਹੇ ਹਨ ਇਨ੍ਹਾਂ ਗੁੱਛਿਆਂ ’ਚੋਂ ਕਈ ਤਾਰਾਂ ਬੇਕਾਰ ਹਨ ਜੋ ਬਿਨਾਂ ਗੱਲ ’ਤੇ ਖੰਭਿਆਂ ਨਾਲ ਬੰਨ੍ਹ ਕੇ ਨਿੱਜੀ ਕੰਪਨੀਆਂ ਦੇ ਮੁਲਾਜ਼ਮ ਚਲੇ ਜਾਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਾਧੂ ਤਾਰਾਂ ਕਰਕੇ ਕਿਸੇ ਵੇਲੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ ਕਿਉਂਕਿ ਜੇਕਰ ਗਰਮੀ ਕਰਕੇ ਇਕ ਤਾਰ ਨੂੰ ਵੀ ਅੱਗ ਲਗਦੀ ਹੈ ਤੇ ਇਸ ਨਾਲ ਬਾਕੀ ਤਾਰਾਂ ਨੂੰ ਵੀ ਲੱਗੇਗੀ ਤੇ ਇਸ ਕਰਕੇ ਨਾਲ ਲੱਗਦੇ ਘਰਾਂ ਦਾ ਵੀ ਨੁਕਸਾਨ ਹੋ ਸਕਦਾ ਹੈ। ਲੋਕਾਂ ਨੇ ਨਵੇਂ ਆਏ ਡੀ.ਸੀ ਵਰਜੀਤ ਵਾਲੀਆ, ਬਿਜਲੀ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਸ਼ਹਿਰ ਵਿਚੋਂ ਇਨ੍ਹਾਂ ਵਾਧੂ ਤਾਰਾਂ ਦਾ ਜਾਲ ਨੂੰ ਖਤਮ ਕੀਤਾ ਜਾਵੇ।