ਬਿਜਲੀ ਮੀਟਰ ਸਬੰਧੀ ਦੋ ਮਹੀਨਿਆਂ ਤੋਂ ਚੱਲ ਰਿਹਾ ਵਿਵਾਦ ਹੋਰ ਭਖਿਆ
ਗੁਰਾਇਆ ਦੇ ਮੈਨ ਚੌਕ ਤੇ ਸਥਿਤ ਪ੍ਰਸਿੱਧ ਅੰਬਰਸਰੀਆਂ ਭਰਾਵਾਂ ਦੀ ਦੁਕਾਨ (ਏਬੀਐੱਚ ਸਵੀਟਸ) ’ਚ ਬਿਜਲੀ ਮੀਟਰ ਨੂੰ ਲੈ ਕੇ ਦੋ ਮਹੀਨੇ ਤੋਂ ਚੱਲ ਰਿਹਾ ਵਿਵਾਦ ਹੁਣ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਦੋ ਮਹੀਨੇ ਪਹਿਲਾਂ ਦੁਕਾਨ ਦੇ ਮਾਲਕ ਜੋਗਾ ਸਿੰਘ ਵੱਲੋਂ ਬਿਜਲੀ ਵਿਭਾਗ ਵਿਚ ਕੀਤੀ ਗਈ ਸ਼ਿਕਾਇਤ ਮਗਰੋਂ ਵਿਭਾਗ ਨੇ ਉਨ੍ਹਾਂ ਦੇ ਨਾਂ ਤੇ ਲੱਗਾ ਬਿਜਲੀ ਮੀਟਰ ਕੱਟ ਦਿੱਤਾ ਸੀ।
Publish Date: Mon, 25 May 2026 11:53 PM (IST)
Updated Date: Mon, 25 May 2026 11:58 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗੁਰਾਇਆ ਦੇ ਮੈਨ ਚੌਕ ਤੇ ਸਥਿਤ ਪ੍ਰਸਿੱਧ ਅੰਬਰਸਰੀਆਂ ਭਰਾਵਾਂ ਦੀ ਦੁਕਾਨ (ਏਬੀਐੱਚ ਸਵੀਟਸ) ’ਚ ਬਿਜਲੀ ਮੀਟਰ ਨੂੰ ਲੈ ਕੇ ਦੋ ਮਹੀਨੇ ਤੋਂ ਚੱਲ ਰਿਹਾ ਵਿਵਾਦ ਹੁਣ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਦੋ ਮਹੀਨੇ ਪਹਿਲਾਂ ਦੁਕਾਨ ਦੇ ਮਾਲਕ ਜੋਗਾ ਸਿੰਘ ਵੱਲੋਂ ਬਿਜਲੀ ਵਿਭਾਗ ਵਿਚ ਕੀਤੀ ਗਈ ਸ਼ਿਕਾਇਤ ਮਗਰੋਂ ਵਿਭਾਗ ਨੇ ਉਨ੍ਹਾਂ ਦੇ ਨਾਂ ਤੇ ਲੱਗਾ ਬਿਜਲੀ ਮੀਟਰ ਕੱਟ ਦਿੱਤਾ ਸੀ। ਇਸ ਤੋਂ ਬਾਅਦ ਜੋਗਾ ਸਿੰਘ ਦੇ ਵੱਡੇ ਪੁੱਤਰ ਦਲਜਿੰਦਰ ਸਿੰਘ ਬੱਬੀ ਵੱਲੋਂ ਜਨਰੇਟਰ ਰਾਹੀਂ ਦੁਕਾਨ ਦੀ ਬਿਜਲੀ ਸਪਲਾਈ ਚਲਾਈ ਜਾ ਰਹੀ ਹੈ। ਦਲਜਿੰਦਰ ਸਿੰਘ ਬੱਬੀ ਵੱਲੋਂ ਨਵੇਂ ਮੀਟਰ ਲਗਵਾਉਣ ਲਈ ਵਿਭਾਗ ਨੂੰ ਲਗਾਤਾਰ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਸਨ ਤੇ ਪੈਸੇ ਵੀ ਜਮ੍ਹਾਂ ਕਰਵਾਏ ਗਏ ਸਨ ਪਰ ਮਾਮਲਾ ਉਸ ਵੇਲੇ ਭਖ ਗਿਆ ਜਦੋਂ ਬਿਜਲੀ ਵਿਭਾਗ ਦੀ ਟੀਮ ਜਿਸ ’ਚ ਜੇ.ਈ. ਰਵੀਜੋਤ ਆਪਣੀ ਟੀਮ ਨਾਲ ਰਲ ਕੇ ਮਠਿਆਈ ਦੀ ਦੁਕਾਨ ਤੇ ਮੀਟਰ ਲਾਉਣ ਲਈ ਪੁੱਜੀ। ਇਸ ਸਬੰਧੀ ਬਿਲਡਿੰਗ ਦੇ ਮਾਲਕ ਅਜਵਿੰਦਰ ਸਿੰਘ ਕਾਕਾ (ਜੋਗਾ ਸਿੰਘ ਦੇ ਛੋਟੇ ਪੁੱਤਰ) ਨੇ ਦੱਸਿਆ ਕਿ ਬਿਲਡਿੰਗ ਉਨ੍ਹਾਂ ਦੇ ਨਾਂ ਤੇ ਹੈ ਤੇ ਉਨ੍ਹਾਂ ਦੇ ਪਿਤਾ ਜੋਗਾ ਸਿੰਘ ਵੱਲੋਂ ਦੋ ਮਹੀਨੇ ਪਹਿਲਾਂ ਆਪਣੇ ਨਾਂ ਤੇ ਲੱਗਾ ਬਿਜਲੀ ਮੀਟਰ ਕਟਵਾਇਆ ਗਿਆ ਸੀ। ਇਸ ਤੋਂ ਬਾਅਦ ਦਲਜਿੰਦਰ ਸਿੰਘ ਬੱਬੀ ਵੱਲੋਂ ਉਨ੍ਹਾਂ ਦੀ ਬਿਲਡਿੰਗ ’ਚ ਮੀਟਰ ਲਗਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਵਿਭਾਗ ਸੋਮਵਾਰ ਮੀਟਰ ਲਾਉਣ ਲਈ ਆਇਆ ਸੀ ਪਰ ਕੋਰਟ ਵੱਲੋਂ ਦਿੱਤਾ ਗਿਆ ਸਟੇਅ ਆਰਡਰ ਦਿਖਾਇਆ ਗਿਆ ਹੈ। ਬਿਲਡਿੰਗ ਦੇ ਮਾਲਕ ਉਹ (ਅਜਵਿੰਦਰ ਸਿੰਘ) ਹਨ ਅਤੇ ਉਨ੍ਹਾਂ ਦੀ ਪ੍ਰਵਾਨਗੀ ਤੋਂ ਬਿਨਾਂ ਵਿਭਾਗ ਕਿਸੇ ਵੀ ਤਰ੍ਹਾਂ ਦਾ ਮੀਟਰ ਨਹੀਂ ਲਾ ਸਕਦਾ। ਇਸ ਦੌਰਾਨ, ਮਾਹੌਲ ਨੂੰ ਖਰਾਬ ਹੁੰਦਾ ਦੇਖ ਕੇ ਗੁਰਾਇਆ ਨਗਰ ਕੌਂਸਲ ਦੇ ਪ੍ਰਧਾਨ ਹਰਮੇਸ਼ ਲਾਲ, ਸੰਜੈ ਅਟਵਾਲ, ਕੌਂਸਲਰ ਸੁਦੇਸ਼ ਕੁਮਾਰ ਬਿੱਲਾ ਤੇ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ। ਪ੍ਰਧਾਨ ਹਰਮੇਸ਼ ਲਾਲ ਅਤੇ ਕੌਂਸਲਰ ਸੁਦੇਸ਼ ਕੁਮਾਰ ਬਿੱਲਾ ਨੇ ਕਿਹਾ ਕਿ ਵਿਭਾਗ ਕਿਸ ਤਰ੍ਹਾਂ ਕਿਸੇ ਹੋਰ ਦੀ ਪ੍ਰਾਪਰਟੀ ਤੇ ਕਬਜ਼ਾ ਕਰਕੇ ਲੋਕਾਂ ਦੇ ਨਾਂ ਤੇ ਮੀਟਰ ਲਾ ਸਕਦਾ ਹੈ, ਇਹ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੇ ਸਫਾਈ ਸੇਵਕਾਂ ਨੂੰ ਆਪਣੇ ਪਲਾਟ ਅਲਾਟ ਹੋਏ ਹਨ ਪਰ ਉਨ੍ਹਾਂ ਦੇ ਮੀਟਰ ਵਿਭਾਗ ਵੱਲੋਂ ਨਹੀਂ ਲਾਏ ਜਾ ਰਹੇ। ਜੇ ਕੋਈ ਵਿਅਕਤੀ ਕਿਸੇ ਪ੍ਰਾਪਰਟੀ ਤੇ ਕਬਜ਼ਾ ਕਰ ਲਵੇ ਤੇ ਉਸਕੋਲ ਮਾਲਕੀ ਹੱਕ ਦਾ ਕੋਈ ਸਬੂਤ ਨਾ ਹੋਵੇ ਤਾਂ ਕੀ ਵਿਭਾਗ ਉਸ ਨੂੰ ਵੀ ਮੀਟਰ ਲਗਾ ਦੇਵੇਗਾ? ਇਹ ਗੁਰਾਇਆ ’ਚ ਇਕ ਵੱਡਾ ਸਵਾਲ ਬਣਦਾ ਜਾ ਰਿਹਾ ਹੈ ਕਿ ਆਖਰ ਕਿਹੜਾ ਕਾਨੂੰਨ ਆ ਗਿਆ ਹੈ, ਜਿਸ ਤਹਿਤ ਵਿਭਾਗ ਜ਼ਬਰਦਸਤੀ ਮੀਟਰ ਲਾਉਣ ਲਈ ਉਤਾਵਲਾ ਦਿਖਾਈ ਦੇ ਰਿਹਾ ਹੈ। ਨਗਰ ਕੌਂਸਲ ਦੇ ਪ੍ਰਧਾਨ ਹਰਮੇਸ਼ ਲਾਲ ਨੇ ਕਿਹਾ ਕਿ ਸ਼ਹਿਰ ਦਾ ਮਾਹੌਲ ਖਰਾਬ ਨਾ ਹੋਵੇ, ਇਸ ਲਈ ਵਿਭਾਗ ਨੂੰ ਵੀ ਕਾਨੂੰਨ ਮੁਤਾਬਕ ਕੰਮ ਕਰਨਾ ਚਾਹੀਦਾ ਹੈ। ਦਲਜਿੰਦਰ ਸਿੰਘ ਬੱਬੀ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਦੀ ਦੁਕਾਨ ਦਾ ਮੀਟਰ ਕਿਉਂ ਕੱਟਿਆ ਗਿਆ ਇਹ ਉਨ੍ਹਾਂ ਨੂੰ ਅਜੇ ਤੱਕ ਨਹੀਂ ਪਤਾ। ਵਿਭਾਗ ਮੀਟਰ ਲਗਾਉਣ ਲਈ ਆਇਆ ਸੀ ਪਰ ਕਿਉਂ ਨਹੀਂ ਲਾ ਕੇ ਗਿਆ, ਇਸ ਦੀ ਜਾਣਕਾਰੀ ਵੀ ਉਨ੍ਹਾਂ ਨੂੰ ਨਹੀਂ ਹੈ। ਇਸ ਸਬੰਧੀ ਬਿਜਲੀ ਵਿਭਾਗ ਦੇ ਜੇਈ ਰਵੀਜੋਤ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤੇ ਮੀਟਰ ਲਾਉਣ ਲਈ ਆਏ ਸਨ। ਮੌਕੇ ਤੇ ਬਿਲਡਿੰਗ ਦੇ ਮਾਲਕ ਵੱਲੋਂ ਕੋਰਟ ਦੇ ਸਟੇਅ ਆਰਡਰ ਦੀ ਕਾਪੀ ਦਿਖਾਈ ਗਈ, ਜਿਸ ਤੋਂ ਬਾਅਦ ਉਹ ਆਪਣੀ ਟੀਮ ਦੇ ਨਾਲ ਬਿਨਾਂ ਮੀਟਰ ਲਾਏ ਵਾਪਸ ਚਲੇ ਗਏ।