ਸੂਬਾ ਸਰਕਾਰ ਵਾਅਦਿਆਂ ਤੋਂ ਮੁਕਰੀ
ਸਫ਼ਾਈ ਸੇਵਕਾਂ ਦਾ ਝਾੜੂ ਵਾਲਾ ਨਿਸ਼ਾਨ ਲੈ ਕੇ ਸੱਤਾ ਵਿਚ ਆਈ ਸੂਬਾ ਸਰਕਾਰ ਵਾਅਦੇ ਤੋਂ ਮੁਕਰੀ- ਸਫਾਈ ਕਾਮੇ
Publish Date: Tue, 12 May 2026 06:53 PM (IST)
Updated Date: Tue, 12 May 2026 06:57 PM (IST)

ਵਰਿੰਦਰ ਲਵਲੀ, ਪੰਜਾਬੀ ਜਾਗਰਣ, ਕਰਤਾਰਪੁਰ : ਮਜ਼ਦੂਰ ਫੈੱਡਰੇਸ਼ਨ ਕਰਤਾਰਪੁਰ ਦੀ ਅਗਵਾਈ ਹੇਠ ਸਥਾਨਕ ਸਫ਼ਾਈ ਕਰਮਚਾਰੀ ਕੰਮ ਛੱਡ ਕੇ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਚਲੇ ਗਏ ਹਨ। ਹੜਤਾਲ ਕਰਨ ਉਪਰੰਤ ਸਫ਼ਾਈ ਮਜ਼ਦੂਰਾਂ ਵੱਲੋਂ ਕਮੇਟੀ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਅਤੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਹਮਾਇਤ ਦਾ ਐਲਾਨ ਕੀਤਾ ਗਿਆ। ਆਗੂਆਂ ਕਿਹਾ ਕਿ ਪੰਜਾਬ ਦਾ 90% ਮੁਲਾਜ਼ਮ ਕੱਚਾ ਹੈ ਤੇ ਮਾਤਰ 10 ਹਜ਼ਾਰ ਨਿਗੁਣੀ ਤਨਖਾਹ ਉੱਤੇ ਕੰਮ ਕਰ ਰਿਹਾ ਹੈ। ਸਫ਼ਾਈ ਕਾਮੇ ਬਿਨਾਂ ਸ਼ਰਤ ਪੱਕੇ ਕੀਤੇ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਤਨਖਾਹਾਂ ਸਮੇਂ ਸਿਰ ਤੇ ਸਰਕਾਰੀ ਖ਼ਜ਼ਾਨੇ ਰਾਹੀ ਦਿੱਤੀਆਂ ਜਾਣ, ਘੱਟੋਂ ਘੱਟ ਉਜਰਤ 40000 ਪ੍ਰਤੀ ਮਹੀਨਾ ਕੀਤੀ ਜਾਵੇ, ਠੇਕੇਦਾਰੀ ਸਿਸਟਮ ਪੱਕੇ ਤੌਰ 'ਤੇ ਬੰਦ ਕੀਤਾ ਜਾਵੇ ਅਤੇ ਕੱਚੇ ਮੁਲਾਜ਼ਮ ਦੀ ਮੌਤ ਹੋਣ ’ਤੇ ਉਸਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਜਲਦ ਨਾਂ ਮੰਨੀਆਂ ਗਈਆਂ ਤਾਂ ਪੰਜਾਬ ਸਰਕਾਰ ਸਿਆਸੀ ਨੁਕਸਾਨ ਝੱਲਣ ਲਈ ਤਿਆਰ ਰਹੇ। ਇਸ ਮੌਕੇ ਸਫਾਈ ਮਜ਼ਦੂਰ ਫੈੱਡਰੇਸ਼ਨ ਦੇ ਜ਼ਿਲ੍ਹਾ ਚੇਅਰਮੈਨ ਵਿਸ਼ਵਾਸ ਕੁਮਾਰ ਗਿੱਲ, ਜ਼ਿਲ੍ਹਾ ਸਹਾਇਕ ਅਸ਼ਵਨੀ ਕੁਮਾਰ ਸੱਭਰਵਾਲ, ਇਕਾਈ ਪ੍ਰਧਾਨ ਵਿਜੈ ਕੁਮਾਰ ਗਿੱਲ, ਮੀਤ ਪ੍ਰਧਾਨ ਸੰਜੂ ਸੱਭਰਵਾਲ, ਸਕੱਤਰ ਵਿਵੇਕ ਕੇਸਰ, ਸਾਗਰ ਘਈ ਤੋਂ ਇਲਾਵਾ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਤਹਿਸੀਲ ਸਕੱਤਰ ਸਰਬਜੀਤ ਕੌਰ ਕੁੱਦੋਵਾਲ ਤੇ ਬਲਵਿੰਦਰ ਕੌਰ ਆਦਿ ਨੇ ਸੰਬੋਧਨ ਕੀਤਾ।