ਈ-ਰਿਕਸ਼ਾ ਚਾਲਕ ਦੇ ਪੁੱਤਰ ਦੂਜੀ ਵਾਰ ਬਣਾਈ ਮੈਰਿਟ ’ਚ ਥਾਂ
ਈ-ਰਿਕਸ਼ਾ ਚਾਲਕ ਦਾ ਪੁੱਤਰ ਪਹਿਲਾਂ ਅੱਠਵੀਂ ਵਿੱਚ ਜ਼ਿਲ੍ਹੇ ਵਿੱਚ ਦੂਜੇ ਸਥਾਨ ‘ਤੇ ਰਿਹਾ ਤੇ ਹੁਣ ਦਸਵੀਂ ਵਿੱਚ ਜ਼ਿਲ੍ਹੇ ਵਿੱਚ ਪਹਿਲਾ
Publish Date: Mon, 11 May 2026 09:45 PM (IST)
Updated Date: Mon, 11 May 2026 09:48 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗੁਰੂ ਨਾਨਕ ਪੁਰਾ ਵੈਸਟ ਦੇ ਈ-ਰਿਕਸ਼ਾ ਚਾਲਕ ਸੰਜੇ ਕੁਮਾਰ ਠਾਕੁਰ ਦੇ ਪੁੱਤਰ ਮਹੇਸ਼ ਨੇ ਦੂਜੀ ਵਾਰ ਮੈਰਿਟ ਹਾਸਲ ਕੀਤੀ ਹੈ। ਉਹ ਪਹਿਲਾਂ ਅੱਠਵੀਂ ਜਮਾਤ ਵਿੱਚ 594 ਅੰਕ ਅਤੇ 99 ਫੀਸਦੀ ਨੰਬਰਾਂ ਨਾਲ ਜ਼ਿਲ੍ਹੇ ਵਿੱਚ ਦੂਜੇ ਸਥਾਨ ‘ਤੇ ਰਿਹਾ ਸੀ ਤੇ ਹੁਣ ਉਸਨੇ ਦਸਵੀਂ ਵਿੱਚ 650 ਵਿੱਚੋਂ 642 ਅੰਕ ਹਾਸਲ ਕਰਕੇ 98.77 ਫੀਸਦੀ ਨਾਲ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਦਾ ਵਿਦਿਆਰਥੀ ਹੈ ਤੇ ਹੁਣ ਉਸਨੇ ਮੈਡੀਕਲ ਸਟ੍ਰੀਮ ਚੁਣੀ ਹੈ। ਉਹ ਕਾਰਡੀਓਲੋਜਿਸਟ ਬਣਨਾ ਚਾਹੁੰਦਾ ਹੈ। ਉਸਦੀ ਮਾਤਾ ਮਾਲਾ ਦੇਵੀ ਘਰੇਲੂ ਔਰਤ ਹੈ। ਮਹੇਸ਼ ਦਾ ਕਹਿਣਾ ਹੈ ਕਿ ਉਹ ਡਾਕਟਰ ਬਣ ਕੇ ਆਰਥਿਕ ਤੌਰ ‘ਤੇ ਕਮਜ਼ੋਰ ਲੋਕਾਂ ਦੀ ਮਦਦ ਕਰਨਾ ਤੇ ਉਨ੍ਹਾਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਉਣਾ ਚਾਹੁੰਦਾ ਹੈ। ਉਸ ਨੇ ਦੱਸਿਆ ਕਿ ਅਧਿਆਪਕਾਂ ਦਾ ਉਸ ਨੂੰ ਬਹੁਤ ਸਹਿਯੋਗ ਮਿਲਿਆ, ਕਿਉਂਕਿ ਉਹ ਹਰ ਛੋਟੇ ਤੋਂ ਛੋਟੇ ਸ਼ੱਕ ਨੂੰ ਦੂਰ ਕਰਨ ਵਿੱਚ ਪੂਰੀ ਮਦਦ ਕਰਦੇ ਸਨ। ਉਹ ਇੰਨੀ ਵਧੀਆ ਤਰ੍ਹਾਂ ਸਮਝਾਉਂਦੇ ਸਨ ਕਿ ਬਾਅਦ ਵਿੱਚ ਕੋਈ ਡਾਊਟ ਨਹੀਂ ਰਹਿੰਦਾ ਸੀ। ਇਸ ਕਰਕੇ ਉਸਨੇ ਸਿਰਫ ਆਪਣੀ ਪਰਫਾਰਮੈਂਸ ਨੂੰ ਹੋਰ ਬਿਹਤਰ ਬਣਾਉਣ ‘ਤੇ ਧਿਆਨ ਦਿੱਤਾ। ਉਸਨੇ ਦੱਸਿਆ ਕਿ ਪੜ੍ਹਾਈ ਦੌਰਾਨ ਕੋਈ ਦਿੱਕਤ ਨਹੀਂ ਆਈ, ਕਿਉਂਕਿ ਉਹ ਲਗਭਗ ਛੇ ਘੰਟੇ ਸਕੂਲ ਵਿੱਚ ਪੜ੍ਹਦਾ ਸੀ ਤੇ ਦੋ ਤੋਂ ਤਿੰਨ ਘੰਟੇ ਰੋਜ਼ ਘਰ ਵਿੱਚ ਪੜ੍ਹਨ ਦੀ ਆਦਤ ਬਣਾਈ ਹੋਈ ਸੀ। ਅੱਠਵੀਂ ’ਚ ਮੈਰਿਟ ਆਉਣ ਕਾਰਨ 10ਵੀਂ ਵਿੱਚ ਵੀ ਮੈਰਿਟ ਆਉਣ ਨੂੰ ਲੈ ਕੇ ਕੁਝ ਦਬਾਅ ਮਹਿਸੂਸ ਹੁੰਦਾ ਰਿਹਾ, ਕਿਉਂਕਿ ਉਹ ਆਪਣੀ ਮੈਰਿਟ ਦੀ ਲੜੀ ਨੂੰ ਜਾਰੀ ਰੱਖਣਾ ਚਾਹੁੰਦਾ ਸੀ। ਇਸ ਕਰਕੇ ਕਈ ਵਾਰ ਨਿਰਾਸ਼ ਵੀ ਹੋਇਆ ਪਰ ਹਰ ਵਾਰ ਪਿਤਾ ਨੇ ਉਸਦਾ ਹੌਸਲਾ ਵਧਾਇਆ ਅਤੇ ਕਿਹਾ ਕਿ ਉਸਦੀ ਮੈਰਿਟ ਜ਼ਰੂਰ ਆਏਗੀ। ਹੁਣ ਉਹ 12ਵੀਂ ਵਿੱਚ ਵੀ ਮੈਰਿਟ ਹਾਸਲ ਕਰਕੇ ਹੈਟ੍ਰਿਕ ਲਗਾਉਣਾ ਚਾਹੁੰਦਾ ਹੈ। ਅੰਕ : ਪੰਜਾਬੀ 146, ਇੰਗਲਿਸ਼, ਐਸਐਸਟੀ ਅਤੇ ਗਣਿਤ ਵਿੱਚ 99-99, ਹਿੰਦੀ ਤੇ ਸਾਇੰਸ ਵਿੱਚ 100-100