ਰੂਸ ਦੀ ਜੰਗ ਨੇ ਉਜਾੜਿਆ ਪੰਜਾਬ ਦਾ ਘਰ, 8 ਮਹੀਨਿਆਂ ਤੋਂ ਪੁੱਤ ਦੀ ਉਡੀਕ ‘ਚ ਪਰਿਵਾਰ

-ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨਾਲ ਮੁਲਾਕਾਤ ਕਰਕੇ ਪੀੜਤ ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ
-ਸਟੱਡੀ ਵੀਜ਼ੇ ‘ਤੇ ਗਿਆ ਸੀ ਸੁਪਨੇ ਲੈ ਕੇ, ਹੁਣ ਜੰਗ ਦੇ ਹਨੇਰਿਆਂ ‘ਚ ਗੁੰਮ ਹੋਇਆ ਪੰਜਾਬ ਦਾ ਹੀਰਾ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਸ਼ੀਆ ਦੀ ਫੌਜ ਵਿੱਚੋਂ ਪਿਛਲੇ 8 ਮਹੀਨਿਆਂ ਤੋਂ ਲਾਪਤਾ ਨੌਜਵਾਨ ਦਾ ਪਤਾ ਲਾਉਣ ਲਈ ਕੇਂਦਰੀ ਵਿਦੇਸ਼ ਮੰਤਰੀ ਤੱਕ ਪਹੁੰਚ ਕੀਤੀ ਹੈ। ਅੰਮ੍ਰਿਤਸਰ ਜਿਲ੍ਹੇ ਦੀ ਰਹਿਣ ਵਾਲੀ ਨਵਦੀਪ ਕੌਰ ਨੇ ਨਿਰਮਲ ਕੁਟੀਆਂ ਪਹੁੰਚ ਕੇ ਸੰਤ ਸੀਚੇਵਾਲ ਨੂੰ ਦੱਸਿਆ ਕਿ ਉਸ ਦਾ ਪਤੀ ਹੀਰਾ ਸਿੰਘ ਅਕਤੂਬਰ 2024 ਵਿੱਚ ਮਾਸਕੋ ਉਚੇਰੀ ਵਿਦਿਆ ਹਾਸਲ ਕਰਨ ਲਈ ਮਾਸਕੋ ਗਿਆ ਸੀ। ਉਥੇ ਅਗਸਤ 2025 ਵਿੱਚ ਰਸ਼ੀਅਨ ਫੌਜ ਵਿੱਚ ਭਰਤੀ ਹੋ ਗਿਆ ਸੀ। ਭਰਤੀ ਕਰਨ ਸਮੇਂ ਕਿਹਾ ਗਿਆ ਸੀ ਕਿ14 ਲੱਖ ਰੁਪਏ ਤੁਰੰਤ ਉਨ੍ਹਾਂ ਦੇ ਖਾਤੇ ’ਚ ਚਲੇ ਜਾਣਗੇ ਅਤੇ ਹਰ ਮਹੀਨੇ ਢਾਈ ਲੱਖ ਰੁਪਏ ਤਨਖਾਹ ਮਿਲਿਆ ਕਰੇਗੀ। ਨਵਦੀਪ ਕੌਰ ਨੇ ਦੱਸਿਆ ਕਿ 15 ਦਿਨਾਂ ਦੀ ਫੌਜੀ ਟ੍ਰੇਨਿੰਗ ਤੋਂ ਬਾਅਦ ਉਸ ਦੇ ਪਤੀ ਹੀਰਾ ਸਿੰਘ ਜੰਗ ਵਿੱਚ ਭੇਜ ਦਿੱਤਾ ਸੀ। ਜਦਕਿ ਉਸ ਦਾ ਪਤੀ ਮਾਨਸਿਕ ਤੌਰ ‘ਤੇ ਜੰਗ ਵਾਸਤੇ ਤਿਆਰ ਹੀ ਨਹੀਂ ਸੀ ਕਿਉਂਕਿ ਫੌਜ ਵਿੱਚ ਭਰਤੀ ਹੋਣ ਸਮੇਂ ਇਹ ਦਾਅਵਾ ਵੀ ਕੀਤਾ ਗਿਆ ਸੀ ਕਿ ਹੀਰਾ ਸਿੰਘ ਕੋਲੋ ਸਿਰਫ਼ ਫੌਜ ਨੂੰ ਖਾਣਾ ਪਹੁੰਚਾਉਣਾ ਹੈ ਤੇ ਫੌਜੀਆਂ ਵਾਸਤੇ ਬੰਕਰ ਪੁੱਟਣ ਦਾ ਕੰਮ ਹੀ ਲਿਆ ਜਾਵੇਗਾ।
ਪੀੜਤ ਨਵਦੀਪ ਕੌਰ ਨੇ ਦੱਸਿਆ ਕਿ ਸਤੰਬਰ 2025 ਵਿੱਚ ਉਸ ਦੀ ਅਪਾਣੇ ਪਤੀ ਹੀਰਾ ਸਿੰਘ ਨਾਲ ਆਖਰੀ ਵਾਰ ਗੱਲ ਹੋਈ ਸੀ। ਹੁਣ ਜਦੋਂ 8 ਮਹੀਨੇ ਬੀਤ ਗਏ ਹਨ। ਉਨ੍ਹਾਂ ਦੀ ਕੋਈ ਗੱਲ ਨਹੀਂ ਹੋ ਰਹੀ। ਨਵਦੀਪ ਕੌਰ ਦਾ 6 ਸਾਲ ਦਾ ਵੱਡਾ ਲੜਕਾ ਅਜਿਹੀ ਬਿਮਾਰੀ ਤੋਂ ਪੀੜਤ ਹੈ, ਜਿਸ ਦਾ ਇਸ ਦੁਨੀਆਂ ਵਿੱਚ ਕੋਈ ਇਲਾਜ ਹੀ ਨਹੀਂ ਹੈ। ਸੇਰੇਬ੍ਰਲ ਪਾਲਸੀ (ਸੀਪੀ) ਜੋ ਬੱਚੇ ਦੀ ਗਤੀ, ਮਾਸਪੇਸ਼ੀਆਂ ਅਤੇ ਅਵਾਜ਼ ਨੂੰ ਪ੍ਰਭਾਵਿਤ ਕਰਦਾ ਹੈ ਤੇ ਉਮਰ ਦੇ ਵੱਧਣ ਨਾਲ ਦਿਮਾਗ ਵਿੱਚ ਨੁਕਸ ਵੱਧਣ ਲੱਗ ਪੈਂਦਾ ਹੈ। ਦੂਜੇ ਬੱਚੇ ਦੀ ਉਮਰ ਢਾਈ ਸਾਲ ਹੈ ਜਦ ਕਿ ਤੀਜੇ ਬੱਚੇ ਦੀ ਉਮਰ ਇੱਕ ਸਾਲ ਹੈ। ਨਵਦੀਪ ਦੀਆਂ ਅੱਖਾਂ ਵਿੱਚ ਵਗਦੇ ਹੰਝੂ ਰੁਕਣ ਦਾ ਨਾਂ ਨਹੀਂ ਸੀ ਲੈ ਰਹੇ ਜਦੋਂ ਉਹ ਆਪਣੇ ਬਿਮਾਰ ਪੁੱਤ ਨੂੰ ਛਾਤੀ ਨਾਲ ਲਾ ਕੇ ਸਿਰੰਜ ਨਾਲ ਪਾਣੀ ਪਿਲਾ ਰਹੀ ਸੀ। ਉਸ ਦੇ ਮੂੰਹ ਵਿੱਚ ਰੋਟੀਆਂ ਦੇ ਟੁੱਕੜੇ ਏਨੇ ਬਾਰੀਕ ਕਰਕੇ ਪਾਉਣ ਪੈਂਦੇ ਸਨ ਜਿਵੇਂ ਕੋਈ ਚਿੜੀ ਦਾਣਾ ਚੁੱਗ ਰਹੀ ਹੋਵੇ। ਇਹ ਦ੍ਰਿਸ਼ ਦੇਖਕੇ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਸਮਾਂ ਰੁਕ ਗਿਆ ਹੋਵੇ।
-------------------------------
ਸੰਤ ਸੀਚੇਵਾਲ ਨੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਿਆ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਵਦੀਪ ਕੌਰ ਨੂੰ ਦਿਲਾਸਾ ਦਿੱਤਾ ਕਿ ਰਸ਼ੀਅਨ ਫੌਜ ਵਿਚ ਲਾਪਤਾ ਹੋਏ ਉਸ ਦੇ ਪਤੀ ਦਾ ਪਤਾ ਲਗਵਾਉਣ ਲਈ ਵਿਦੇਸ਼ ਮੰਤਰੀ ਤੇ ਮਾਸਕੋ ਵਿਚਲੇ ਭਾਰਤੀ ਦੂਤਾਵਾਸ ਨਾਲ ਸੰਪਰਕ ’ਚ ਰਹਿਣਗੇ। ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚੋਂ ਬਿਮਾਰ ਬੱਚੇ ਦੇ ਇਲਾਜ ਦਾ ਪ੍ਰਬੰਧ ਕਰਵਾਇਆ ਜਾਵੇਗਾ। ਸੰਤ ਸੀਚੇਵਾਲ ਨੇ ਕਿਹਾ ਕਿ ਛੋਟੇ ਬੱਚੇ ਜਿੱਥੇ ਤੱਕ ਵੀ ਪੜ੍ਹਨਾ ਚਾਹੁੰਦੇ ਹਨ, ਉਥੇ ਤੱਕ ਪੜ੍ਹਾਈ ਕਰਵਾਈ ਜਾਵੇਗੀ।