ਹੱਦਬੰਦੀ ਕਾਰਨ ਕਈ ਹਲਕਾ ਇੰਚਾਰਜ ਵੀ ਵੋਟਿੰਗ ਤੋਂ ਦੂਰ ਰਹੇ
ਨਗਰ ਕੌਂਸਲ-ਨਗਰ ਪੰਚਾਇਤ ਦੀ ਹੱਦ ’ਚ ਵੋਟ ਨਾ ਹੋਣਾ ਬਣਿਆ ਕਾਰਨ, ਕਈ ਹਲਕਾ ਇੰਚਾਰਜ ਵੀ ਵੋਟਿੰਗ ਤੋਂ ਦੂਰ ਰਹੇ
Publish Date: Tue, 26 May 2026 10:27 PM (IST)
Updated Date: Tue, 26 May 2026 10:52 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹੇ ਦੇ ਪੰਜ ਵਿਧਾਨ ਸਭਾ ਖੇਤਰਾਂ ਵਿੱਚ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਹੋਈ ਵੋਟਿੰਗ ਵਿੱਚ ਸਿਰਫ਼ ਫਿਲੌਰ ਤੋਂ ਕਾਂਗਰਸ ਵਿਧਾਇਕ ਚੌਧਰੀ ਵਿਕਰਮਜੀਤ ਸਿੰਘ ਨੇ ਹੀ ਆਪਣੀ ਵੋਟ ਪਾਈ। ਪੂਰੇ ਚੌਧਰੀ ਪਰਿਵਾਰ ਦੀਆਂ ਵੋਟਾਂ ਫਿਲੌਰ ’ਚ ਬਣੀਆਂ ਹੋਈਆਂ ਹਨ। ਚਾਰ ਵਿਧਾਇਕਾਂ ਤੇ ਕਈ ਹਲਕਾ ਇੰਚਾਰਜਾਂ ਦੀਆਂ ਵੋਟਾਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀ ਹੱਦ ਤੋਂ ਬਾਹਰ ਹਨ, ਜਿਸ ਕਾਰਨ ਉਹ ਵੋਟ ਨਹੀਂ ਪਾ ਸਕੇ। ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਵਿਅਕਤੀ ਓਥੇ ਹੀ ਵੋਟ ਪਾ ਸਕਦਾ ਹੈ, ਜਿੱਥੇ ਉਸ ਦਾ ਨਾਂ ਵੋਟਰ ਸੂਚੀ ਵਿੱਚ ਦਰਜ ਹੋਵੇ। ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀ ਵੋਟ ਉਨ੍ਹਾਂ ਦੇ ਪਿੰਡ ਕੋਟਲੀ ਵਿੱਚ ਹੈ, ਜੋ ਨਗਰ ਕੌਂਸਲ ਦੀ ਹੱਦ ਤੋਂ ਬਾਹਰ ਆਉਂਦਾ ਹੈ, ਇਸ ਲਈ ਉਹ ਆਦਮਪੁਰ ਨਗਰ ਕੌਂਸਲ ਚੋਣ ’ਚ ਵੋਟ ਨਹੀਂ ਪਾ ਸਕੇ। ਆਮ ਆਦਮੀ ਪਾਰਟੀ ਦੇ ਆਦਮਪੁਰ ਹਲਕਾ ਇੰਚਾਰਜ ਪਵਨ ਟੀਨੂ ਦੀ ਵੋਟ ਆਦਮਪੁਰ ਨਗਰ ਕੌਂਸਲ ਦੀ ਹੱਦ ’ਚ ਹੈ ਤੇ ਉਨ੍ਹਾਂ ਨੇ ਵੋਟਿੰਗ ਵੀ ਕੀਤੀ। ਕਰਤਾਰਪੁਰ ਵਿਧਾਨ ਸਭਾ ਖੇਤਰ ਦੇ ਵਿਧਾਇਕ ਬਲਕਾਰ ਸਿੰਘ ਦੀ ਵੋਟ ਜਲੰਧਰ ਸ਼ਹਿਰ ’ਚ ਹੈ। ਉਹ ਜਲੰਧਰ ਦੇ ਨਿਊ ਗ੍ਰੀਨ ਪਾਰਕ ਦੇ ਨਿਵਾਸੀ ਹਨ ਤੇ ਇੱਥੇ ਹੀ ਉਨ੍ਹਾਂ ਦੀ ਵੋਟ ਦਰਜ ਹੈ। ਉੱਥੇ ਹੀ ਅਕਾਲੀ ਦਲ ਦੇ ਹਲਕਾ ਇੰਚਾਰਜ ਮਹਿੰਦਰ ਸਿੰਘ ਕੇਪੀ ਦੀ ਵੋਟ ਵੀ ਜਲੰਧਰ ਸ਼ਹਿਰ ’ਚ ਹੀ ਦਰਜ ਹੈ। ਕਾਂਗਰਸ ਨੇਤਾ ਅਤੇ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਦੀ ਵੋਟ ਵੀ ਨਗਰ ਕੌਂਸਲ ਦੀ ਹੱਦ ਤੋਂ ਬਾਹਰ ਹੈ। ਨਕੋਦਰ ਵਿਧਾਨ ਸਭਾ ਖੇਤਰ ਵਿੱਚ ਨਗਰ ਕੌਂਸਲ ਨਕੋਦਰ ਅਤੇ ਨਗਰ ਕੌਂਸਲ ਨੂਰਮਹਿਲ ਲਈ ਵੋਟਿੰਗ ਹੋਈ। ਇੱਥੋਂ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਵੋਟ ਬੀਰ ਪਿੰਡ ਵਿੱਚ ਹੈ, ਜੋ ਨਕੋਦਰ ਅਤੇ ਨੂਰਮਹਿਲ ਨਗਰ ਕੌਂਸਲ ਦੀ ਹੱਦ ਵਿੱਚ ਨਹੀਂ ਆਉਂਦਾ। ਕਾਂਗਰਸ ਦੇ ਹਲਕਾ ਇੰਚਾਰਜ ਨਵਜੋਤ ਦਹੀਆ ਦੀ ਵੋਟ ਜਲੰਧਰ ਸ਼ਹਿਰ ’ਚ ਹੈ। ਉਹ ਮਾਡਲ ਟਾਊਨ ਦੇ ਰਹਿਣ ਵਾਲੇ ਹਨ। ਅਕਾਲੀ ਨੇਤਾ ਗੁਰਪ੍ਰਤਾਪ ਸਿੰਘ ਵਡਾਲਾ ਵੀ ਜਲੰਧਰ ਸ਼ਹਿਰ ਨਾਲ ਲੱਗਦੇ ਪਿੰਡ ਵਡਾਲਾ ਦੇ ਨਿਵਾਸੀ ਹਨ ਤੇ ਉਨ੍ਹਾਂ ਦੀ ਵੋਟ ਨਕੋਦਰ ਨਗਰ ਕੌਂਸਲ ’ਚ ਨਹੀਂ ਹੈ। ਸ਼ਾਹਕੋਟ ਵਿਧਾਨ ਸਭਾ ਖੇਤਰ ਦੀਆਂ ਦੋ ਨਗਰ ਪੰਚਾਇਤਾਂ ਲੋਹੀਆਂ ਖਾਸ ਅਤੇ ਮਹਿਤਪੁਰ ਵਿੱਚ ਵੋਟਿੰਗ ਹੋਈ। ਸ਼ਾਹਕੋਟ ਤੋਂ ਕਾਂਗਰਸ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਮੁੱਢਲੇ ਤੌਰ ’ਤੇ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਪਿੰਡ ਸ਼ਾਹਕੋਟ ਵਿਧਾਨ ਸਭਾ ਖੇਤਰ ਦਾ ਹਿੱਸਾ ਹੈ ਪਰ ਜਿਨ੍ਹਾਂ ਦੋ ਨਗਰ ਪੰਚਾਇਤ ਖੇਤਰਾਂ ’ਚ ਵੋਟਾਂ ਪਈਆਂ ਹਨ ਉੱਥੇ ਉਨ੍ਹਾਂ ਦੀ ਵੋਟ ਨਹੀਂ ਹੈ, ਇਸ ਲਈ ਉਹ ਵੀ ਵੋਟ ਨਹੀਂ ਪਾ ਸਕੇ।