ਮੀਂਹ ’ਚ ਘੱਟ ਨਹੀਂ ਹੋਇਆ ਉਤਸ਼ਾਹ, ਸ਼ਹਿਰ ’ਚ ਗੂੰਜ ਉੱਠੇ ਜੈ ਵਾਲਮੀਕਿ ਦੇ ਜੈਕਾਰੇ
ਮੀਂਹ ’ਚ ਘੱਟ ਨਹੀਂ ਹੋਇਆ ਉਤਸ਼ਾਹ, ਸ਼ਹਿਰ ’ਚ ਗੂੰਜ ਉੱਠੇ ਜੈ ਵਾਲਮੀਕਿ ਦੇ ਜੈਕਾਰੇ
Publish Date: Mon, 06 Oct 2025 10:37 PM (IST)
Updated Date: Mon, 06 Oct 2025 10:37 PM (IST)

-ਪੰਜ ਕੈਬਨਿਟ ਮੰਤਰੀ ਨੇ ਸ਼ੋਭਾ ਯਾਤਰਾ ’ਚ ਹੋਏ ਸ਼ਾਮਲ, ਸਿਟੀ ਵਾਲਮੀਕਿ ਸਭਾ ਨੂੰ ਫੰਡ ਜਾਰੀ ਕਰਨ ਦਾ ਹੋਇਆ ਐਲਾਨ ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਸੋਮਵਾਰ ਸਵੇਰੇ ਤੋਂ ਆਸਮਾਨ ਚ ਸੰਘਣੇ ਬੱਦਲ ਛਾਏ ਹੋਣ ’ਤੇ ਮੀਂਹ ਪੈਣ ਦੇ ਬਾਵਜੂਦ ਭਗਤਾਂ ਦੇ ਉਤਸ਼ਾਹ ’ਚ ਕੋਈ ਘਾਟ ਨਹੀਂ ਸੀ। ਭਗਵਾਨ ਵਾਲਮੀਕਿ ਆਸ਼ਰਮ ਅਲੀ ਮੁਹੱਲੇ ’ਚ ਭਗਤ ਆਪਣੇ ਪਰਿਵਾਰਾਂ ਸਮੇਤ ਪੂਰੇ ਉਤਸ਼ਾਹ ਨਾਲ ਪਹੁੰਚ ਰਹੇ ਸਨ। ਵੇਖਦੇ ਹੀ ਵੇਖਦੇ ਇੱਥੇ ਮੇਲੇ ਵਰਗਾ ਮਾਹੌਲ ਬਣ ਗਿਆ। ਭਗਤ ਭਗਵਾਨ ਵਾਲਮੀਕਿ ਮੰਦਰ ’ਚ ਨਤਮਸਤਕ ਹੋਣ ਤੋਂ ਬਾਅਦ ਭਗਵਾਨ ਵਾਲਮੀਕਿ ਉਤਸਵ ਕਮੇਟੀ ਵੱਲੋਂ ਇੱਥੇ ਸਜਾਏ ਗਏ ਮੰਚ ’ਤੇ ਸਨਮਾਨ ਪ੍ਰਾਪਤ ਕਰ ਰਹੇ ਸਨ। ਮੌਕਾ ਸੀ ਭਗਵਾਨ ਵਾਲਮੀਕਿ ਜੈਅੰਤੀ ਦੇ ਮੌਕੇ ’ਤੇ ਸੋਮਵਾਰ ਨੂੰ ਸ਼ਹਿਰ ’ਚ ਸਜਾਈ ਸ਼ੋਭਾ ਯਾਤਰਾ ਦਾ। ਜਿਸ ’ਚ ਮੀਂਹ ਦੇ ਬਾਵਜੂਦ ਸਮਾਜ ਦੇ ਹਰ ਵਰਗ ਦੇ ਲੋਕ ਪੂਰੇ ਉਤਸ਼ਾਹ ਨਾਲ ਸ਼ਾਮਲ ਹੋਏ। ਇਸ ਤੋਂ ਪਹਿਲਾਂ ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ’ਚ ਵਿਸ਼ਵ ਸ਼ਾਂਤੀ ਲਈ ਹਵਨ ਯਗ ਕੀਤਾ ਗਿਆ। ਕਮੇਟੀ ਦੇ ਪ੍ਰਧਾਨ ਤੇ ਵਾਲਮੀਕਿ ਵੈਲਫੇਅਰ ਟਰੱਸਟ ਦੇ ਚੇਅਰਮੈਨ ਵਿਪਨ ਸਭਰਵਾਲ ਦੀ ਅਗਵਾਈ ਹੇਠ ਕਰਵਾਏ ਸਮਾਰੋਹ ’ਚ ਭਾਜਪਾ ਦੇ ਰਾਸ਼ਟਰੀ ਸਕੱਤਰ ਓਮ ਪ੍ਰਕਾਸ਼ ਧਨਖੜ, ਸਾਬਕਾ ਵਿਧਾਇਕ ਮਨੋਰੰਜਨ ਕਾਲੀਆ, ਕੇਡੀ ਭੰਡਾਰੀ, ਸਰਬਜੀਤ ਸਿੰਘ ਮੱਕੜ ਸਮੇਤ ਕਈ ਗਣਮਾਨਯ ਸ਼ਾਮਲ ਹੋਏ। ਉਨ੍ਹਾਂ ਨੇ ਕਮੇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਸਮਾਜ ’ਚ ਸਮਾਨਤਾ ਤੇ ਆਦਰਸ਼ਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਸਮਾਜਕ ਤੇ ਸੱਭਿਆਚਾਰਕ ਵਿਰਾਸਤ ’ਚ ਭਗਵਾਨ ਵਾਲਮੀਕਿ ਜੀ ਦਾ ਬੇਮਿਸਾਲ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਸਿੱਖ ਤਾਲਮੇਲ ਕਮੇਟੀ ਵੱਲੋਂ ਹਰਪਾਲ ਸਿੰਘ ਚੱਢਾ, ਤੇਜਿੰਦਰ ਸਿੰਘ ਪਰਦੇਸੀ ਤੇ ਹਰਪ੍ਰੀਤ ਸਿੰਘ ਨੀਟੂ ਨੇ ਇਸ ਪਾਵਨ ਮੌਕੇ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਤੋਂ ਬਾਅਦ ਅਲੀ ਮੁਹੱਲੇ ’ਚ ਲਗਾਏ ਗਏ ਸ਼ਾਨਦਾਰ ਮੰਚ ’ਤੇ ਸੰਤ ਸਮਾਜ ਵੱਲੋਂ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਉਚਾਰਣ ਕੀਤਾ ਗਿਆ। ‘ਜੋ ਬੋਲੇ ਸੋ ਨਿਰਭਉ’ ਦੇ ਜੈਕਾਰੇ ਨਾਲ ਸ਼ੋਭਾ ਯਾਤਰਾ ਰਵਾਨਾ ਹੋਈ। ਇਸ ਮੌਕੇ ’ਤੇ ਸ਼ਸ਼ੀ ਸ਼ਰਮਾ, ਬੰਟੂ ਸੱਭਰਵਾਲ, ਅਸ਼ੋਕ ਭੀਲ, ਜਤਿੰਦਰ ਨਿੱਕਾ, ਰਾਜੀਵ ਗੋਰਾ, ਚੇਤਨ ਹਾਂਡਾ, ਨੰਨੂ ਕਲਿਆਣ, ਵਿਨੋਦ ਗਿੱਲ, ਚਰਨ ਦਾਸ, ਰਿੰਕੂ ਖੋਸਲਾ, ਬੋਬੀ ਬਹਲ, ਪੀਟਰ ਨਾਹਰ, ਸੰਦੀਪ ਲੱਕੀ ਸਮੇਤ ਕਈ ਮੈਂਬਰ ਮੌਜੂਦ ਸਨ। ਇਸੇ ਤਰ੍ਹਾਂ ਸ਼੍ਰੀ ਰਾਮ ਚੌਕ ’ਚ ਸਿਟੀ ਵਾਲਮੀਕਿ ਸਭਾ ਵੱਲੋਂ ਲਗਾਏ ਗਏ ਮੰਚ ’ਤੇ ਵਿੱਤ, ਆਬਕਾਰੀ ਤੇ ਕਰਾਂ ਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ, ਖਾਦ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ, ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਖਣਨ, ਭੂ-ਵਿਗਿਆਨ, ਜ਼ਮੀਨ ਤੇ ਪਾਣੀ ਸੰਰੱਖਣ ਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਏਲ ਤੇ ਬਾਗਬਾਨੀ, ਆਜ਼ਾਦੀ ਸੈਨਾਨੀ ਤੇ ਰੱਖਿਆ ਸੇਵਾਵਾਂ ਕਲਿਆਣ ਮੰਤਰੀ ਮਹਿੰਦਰ ਭਗਤ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਦੌਰਾਨ ਸਿਟੀ ਵਾਲਮੀਕਿ ਸਭਾ ਦੇ ਚੇਅਰਮੈਨ ਰਾਜ ਕੁਮਾਰ ਰਾਜੂ, ਪ੍ਰਧਾਨ ਰਾਜੇਸ਼ ਭੱਟੀ ਤੇ ਸੁਰੱਖਸ਼ਕ ਸੁਭਾਸ਼ ਸੋਂਧੀ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ’ਤੇ ਹਰਪਾਲ ਚੀਮਾ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਮਹਾਰਾਜ ਦੀਆਂ ਸਿੱਖਿਆਵਾਂ ਸਮਾਜ ’ਚ ਸਮਾਨਤਾ ਤੇ ਨੈਤਿਕਤਾ ’ਤੇ ਜ਼ੋਰ ਦਿੰਦੀਆਂ ਹਨ, ਜੋ ਅੱਜ ਦੇ ਸਮੇਂ ’ਚ ਵੀ ਬਹੁਤ ਹੀ ਪ੍ਰਸੰਗਿਕ ਹਨ। ਉਨ੍ਹਾਂ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਆਦਰਸ਼ ਸਮਾਜ ਦੀ ਰਚਨਾ ਲਈ ਜ਼ੋਰਦਾਰ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਵਿੱਤ ਮੰਤਰੀ ਨੇ ਸਿਟੀ ਵਾਲਮੀਕਿ ਸਭਾ ਨੂੰ ਦੱਸ ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਦਫ਼ਤਰਾਂ ’ਚ ਡਾ. ਬੀਆਰ ਅੰਬੇਡਕਰ ਤੇ ਸ਼ਹੀਦ-ਏ-ਆਜ਼ਮਭਗਤ ਸਿੰਘ ਦੀਆਂ ਤਸਵੀਰਾਂ ਲਗਾ ਕੇ ਇਕ ਨਵੀਂ ਪਹਿਲ ਕੀਤੀ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਗੁਣਵੱਤਾ ਪੂਰਨ ਸਿੱਖਿਆ ’ਤੇ ਜ਼ੋਰ ਦੇ ਰਹੀ ਹੈ। ਇਸੇ ਤਰ੍ਹਾਂ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਭਗਵਾਨ ਵਾਲਮੀਕੀ ਜੀ ਮਹਾਰਾਜ ਦੀ ਮਹਾਨ ਰਚਨਾ ‘ਰਾਮਾਇਣ’ ਮਨੁੱਖੀ ਮੁੱਲਾਂ ਦੀ ਇਕ ਸਾਕਾਰ ਰਚਨਾ ਹੈ। ਉਨ੍ਹਾਂ ਕਿਹਾ ਕਿ ਇਹ ਮਹਾਨ ਮਹਾਕਾਵਿ ਸਦੀਆਂ ਤੋਂ ਲੋਕਾਂ ਨੂੰ ਜੀਵਨ ਜੀਊਣ ਦੀ ਕਲਾ ਸਿਖਾ ਰਿਹਾ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸੱਚਾਈ ਦਾ ਮਾਰਗ ਦਿਖਾਉਂਦਾ ਰਹੇਗਾ। ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਦੀ ਵਧਾਈ ਦਿੱਤੀ। ਕੈਬਿਨੇਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਵਿਵੇਕਾਧੀਨ ਕੋਸ਼ ਤੋਂ ਸਿਟੀ ਵਾਲਮੀਕਿ ਸਭਾ ਨੂੰ 2.50 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ। ਇਸੇ ਤਰ੍ਹਾਂ ਕੈਬਿਨੇਟ ਮੰਤਰੀ ਬਰਿੰਦਰ ਕੁਮਾਰ ਗੋਏਲ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਪ੍ਰਕਾਸ਼ ਸਤੰਭ ਵਾਂਗ ਹਨ, ਜੋ ਸਦੀਆਂ ਤੋਂ ਸਮਾਜ ਨੂੰ ਦਿਸ਼ਾ ਦਿੰਦੀਆਂ ਆ ਰਹੀਆਂ ਹਨ। ਉਨ੍ਹਾਂ ਨੇ ਸਿਟੀ ਵਾਲਮੀਕਿ ਸਭਾ ਨੂੰ ਆਪਣੇ ਵਿਵੇਕਾਧੀਨ ਕੋਸ਼ ਤੋਂ ਤਿੰਨ ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ। ਕੈਬਿਨੇਟ ਮੰਤਰੀ ਬਰਿੰਦਰ ਕੁਮਾਰ ਗੋਏਲ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦਾ ਸੰਦੇਸ਼ ਅੱਜ ਦੇ ਯੁੱਗ ’ਚ ਵੀ ਬਹੁਤ ਪ੍ਰਸੰਗਿਕ ਹੈ, ਜਿਸ ’ਤੇ ਅਮਲ ਕਰਕੇ ਸਮਾਜ ’ਚ ਸਮਾਨਤਾ ਲਿਆਈ ਜਾ ਸਕਦੀ ਹੈ। ਉਨ੍ਹਾਂ ਨੇ ਸਿਟੀ ਵਾਲਮੀਕਿ ਸਭਾ ਨੂੰ ਪੰਜ ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ। ਇਸ ਮੌਕੇ ’ਤੇ ਪੰਜਾਬ ਰਾਜ ਸਫਾਈ ਕਰਮਚਾਰੀ ਆਯੋਗ ਦੇ ਚੇਅਰਮੈਨ ਚੰਦਨ ਗਰੇਵਾਲ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ, ਮੇਅਰ ਵਿਨੀਤ ਧੀਰ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਮ੍ਰਿਤਪਾਲ ਸਿੰਘ, ਇੰਪਰੂਵਮੈਂਟ ਟਰੱਸਟ ਜਾਲੰਧਰ ਦੇ ਚੇਅਰਮੈਨ ਰਮਨੀਕ ਸਿੰਘ ਰੰਧਾਵਾ, ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਮੰਗਲ ਸਿੰਘ, ਪੰਜਾਬ ਖਾਦੀ ਬੋਰਡ ਦੇ ਉਪ-ਚੇਅਰਮੈਨ ਪਵਨ ਹੰਸ, ਆਮ ਆਦਮੀ ਪਾਰਟੀ ਨੇਤਾ ਨਿਤਿਨ ਕੋਹਲੀ, ਰਾਜਵਿੰਦਰ ਕੌਰ ਥਿਆੜਾ, ਦਿਨੇਸ਼ ਢੱਲ ਸਮੇਤ ਕਈ ਮੈਂਬਰ ਮੌਜੂਦ ਸਨ।