ਖਾਕੀ ਦਾ ਸ਼ਿਕੰਜਾ : ਵੱਖ-ਵੱਖ ਥਾਣਿਆਂ ਦੀ ਮੁਸਤੈਦੀ ਨੇ ਤੋੜਿਆ ਨਸ਼ਾ ਤਸਕਰਾਂ ਦਾ ਜਾਲ, 9 ਮੁਲਜ਼ਮ ਚੜ੍ਹੇ ਅੜਿੱਕੇ
ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਹੁਸ਼ਿਆਰਪੁਰ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਨਸ਼ੀਲੀਆਂ ਗੋਲੀਆਂ ਅਤੇ ਨਸ਼ਾ ਕਰਦੇ ਕਈ ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਦੀਆਂ ਸੰਬੰਧਿਤ ਧਾਰਾਵਾਂ ਹੇਠ ਮਾਮਲੇ ਦਰਜ ਕੀਤੇ ਗਏ ਹਨ।
Publish Date: Mon, 27 Apr 2026 04:41 PM (IST)
Updated Date: Mon, 27 Apr 2026 04:45 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਹੁਸ਼ਿਆਰਪੁਰ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਨਸ਼ੀਲੀਆਂ ਗੋਲੀਆਂ ਅਤੇ ਨਸ਼ਾ ਕਰਦੇ ਕਈ ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਦੀਆਂ ਸੰਬੰਧਿਤ ਧਾਰਾਵਾਂ ਹੇਠ ਮਾਮਲੇ ਦਰਜ ਕੀਤੇ ਗਏ ਹਨ।
ਨੰਦਾਚੋਰ ਰੋਡ ’ਤੇ ਨਸ਼ੀਲੀਆਂ ਗੋਲੀਆਂ ਸਣੇ ਨੌਜਵਾਨ ਕਾਬੂ
ਪੁਲਿਸ ਅਨੁਸਾਰ ਥਾਣਾ ਬੁਲੋਵਾਲ ਦੀ ਪੁਲਿਸ ਨੇ ਇੱਕ ਨੌਜਵਾਨ ਨੂੰ 45 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਏ.ਐੱਸ.ਆਈ. ਨਰਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਪਿੰਡ ਨੰਦਾਚੋਰ ਤੋਂ ਫੰਬੀਆਂ ਰੋਡ ਵੱਲ ਜਾ ਰਹੇ ਇੱਕ ਨੌਜਵਾਨ ਜਿਸਦੀ ਪਛਾਣ ਸਾਹਿਲ ਪੁੱਤਰ ਮਲਕੀਤ ਚੰਦ (ਵਾਸੀ ਬੁਲੋਵਾਲ ਹਾਲ ਵਾਸੀ ਨੰਦਾਚੋਰ) ਵਜੋਂ ਹੋਈ ਹੈ, ਉਸ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਕਥਿਤ ਤੌਰ ’ਤੇ ਚਿੱਟੇ ਰੰਗ ਦੀਆਂ 45 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਸ਼ਮਸ਼ਾਨਘਾਟ ਨੇੜੇ ਖੜ੍ਹੀ ਆਲਟੋ ਕਾਰ ’ਚੋਂ ਨਸ਼ਾ ਬਰਾਮਦ
ਟਾਂਡਾ ਪੁਲਿਸ ਨੇ ਅਹੀਆਪੁਰ ਖੇਤਰ ਵਿੱਚੋਂ ਦੋ ਨੌਜਵਾਨਾਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਲੇਡੀ ਏ.ਐੱਸ.ਆਈ. ਮਨਿੰਦਰ ਕੌਰ ਪੁਲਿਸ ਪਾਰਟੀ ਸਣੇ ਸ਼ਹੀਦ ਭਗਤ ਸਿੰਘ ਪਾਰਕ ਨੇੜੇ ਗਸ਼ਤ ਕਰ ਰਹੇ ਸਨ ਤਾਂ ਸ਼ਮਸ਼ਾਨਘਾਟ ਕੋਲ ਇੱਕ ਸਿਲਵਰ ਰੰਗ ਦੀ ਆਲਟੋ ਕਾਰ ਸ਼ੱਕੀ ਹਾਲਤ ਵਿੱਚ ਖੜ੍ਹੀ ਮਿਲੀ। ਪੁਲਿਸ ਨੂੰ ਦੇਖ ਕੇ ਕਾਰ ਵਿੱਚ ਸਵਾਰ ਨੌਜਵਾਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਮੁਸਤੈਦੀ ਨਾਲ ਕਾਰ ਸਵਾਰ ਦੀਪਕ ਕੁਮਾਰ ਅਤੇ ਸਾਹਿਲ ਦੋਵੇਂ ਵਾਸੀ ਅਹੀਆਪੁਰ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਕਾਰ ਵਿੱਚੋਂ ਕਥਿਤ ਤੌਰ ’ਤੇ 30 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਗੜ੍ਹਸ਼ੰਕਰ ਦੇ ਦੋ ਨੌਜਵਾਨ ਗੋਲੀਆਂ ਸਮੇਤ ਅੜਿੱਕੇ
ਪੁਲਿਸ ਨੇ ਦੱਸਿਆ ਕਿ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਬੀ.ਡੀ.ਓ. ਕਲੋਨੀ ਨੇੜੇ ਦੋ ਪੈਦਲ ਜਾ ਰਹੇ ਨੌਜਵਾਨਾਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਅਨੁਸਾਰ, ਏ.ਐੱਸ.ਆਈ. ਸਤਨਾਮ ਸਿੰਘ ਨੇ ਸ਼ੱਕ ਦੇ ਆਧਾਰ ’ਤੇ ਹਰਮੇਸ਼ ਲਾਲ ਅਤੇ ਕੁਲਵੀਰ ਸਿੰਘ ਦੋਵੇਂ ਵਾਸੀ ਮੋਰਾਵਾਲੀ, ਗੜ੍ਹਸ਼ੰਕਰ ਨੂੰ ਰੋਕਿਆ। ਤਲਾਸ਼ੀ ਦੌਰਾਨ ਦੋਵਾਂ ਦੀਆਂ ਜੇਬਾਂ ’ਚੋਂ ਕਥਿਤ ਤੌਰ ’ਤੇ 25-25 (ਕੁੱਲ 50) ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਝਾੜੀਆਂ ਵਿੱਚ ਨਸ਼ਾ ਕਰਦਾ ਸ਼ੁਭਮ ਗ੍ਰਿਫਤਾਰ
ਸੀਕਰੀ ਰੋਡ ’ਤੇ ਪਹਾੜੀ ਗੇਟ ਨੇੜੇ ਝਾੜੀਆਂ ਵਿੱਚ ਬੈਠ ਕੇ ਨਸ਼ਾ ਕਰ ਰਹੇ ਇੱਕ ਨੌਜਵਾਨ ਨੂੰ ਹਰਿਆਣਾ ਪੁਲਿਸ ਨੇ ਰੰਗੇ ਹੱਥੀਂ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਲੇਡੀ ਏ.ਐੱਸ.ਆਈ. ਪਰਵੀਨ ਸਮੇਤ ਪੁਲਿਸ ਪਾਰਟੀ ਨੇ ਮੁਖਬਰ ਦੀ ਸੂਚਨਾ ’ਤੇ ਸੀਕਰੀ ਰੋਡ ’ਤੇ ਪਹਾੜੀ ਗੇਟ ਨੇੜੇ ਰੇਡ ਕੀਤੀ , ਜਿੱਥੇ ਸ਼ੁਭਮ ਉਰਫ ਭੱਬੂ ਵਾਸੀ ਹਰਿਆਣਾ ਕਥਿਤ ਤੌਰ ’ਤੇ ਨਸ਼ੇ ਦਾ ਸੇਵਨ ਕਰ ਰਿਹਾ ਸੀ। ਮੌਕੇ ਤੋਂ ਲਾਈਟਰ, ਕਾਲਾ ਹੋਇਆ ਸਿਲਵਰ ਪੇਪਰ ਅਤੇ ਰੋਲ ਕੀਤਾ ਹੋਇਆ 10 ਰੁਪਏ ਦਾ ਨੋਟ ਬਰਾਮਦ ਹੋਇਆ ਹੈ।
ਨਹਿਰ ਕਿਨਾਰੇ ਨਸ਼ਾ ਕਰਦੇ ਦੋ ਗ੍ਰਿਫਤਾਰ, ਡੋਪ ਟੈਸਟ ਨਿਕਲਿਆ ਪੋਜ਼ੀਟਿਵ
ਥਾਣਾ ਸਦਰ ਦੀ ਪੁਲਿਸ ਨੇ ਕੋਟਲਾ ਗੋਂਸਪੁਰ ਨਹਿਰ ਦੇ ਕੰਢੇ ਕਥਿਤ ਤੌਰ ’ਤੇ ਨਸ਼ਾ ਕਰ ਰਹੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਸੁਨੀਲ ਸਿੰਘ ਵਾਸੀ ਪਿੰਡ ਜਹਾਨਖੇਲਾ ਅਤੇ ਰੋਹਿਤ ਸਿੱਧੂ ਵਾਸੀ ਪਿੰਡ ਅਨੰਦਗੜ ਪੁਲਿਸ ਨੂੰ ਦੇਖ ਕੇ ਆਪਣਾ ਨਸ਼ੀਲਾ ਸਾਮਾਨ ਨਹਿਰ ਵਿੱਚ ਸੁੱਟ ਕੇ ਭੱਜਣ ਲੱਗੇ ਸਨ। ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰਕੇ ਸਿਵਲ ਹਸਪਤਾਲ ਵਿਖੇ ਡੋਪ ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਪੋਜ਼ੀਟਿਵ ਆਈ ਹੈ। ਇਸ ਆਧਾਰ ’ਤੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਹਾਈਵੇਅ ਪੁਲ ਹੇਠਾਂ ਨਸ਼ਾ ਕਰਦਾ ਸ਼ਿਵਮ ਕਾਬੂ
ਪਠਾਨਕੋਟ ਹਾਈਵੇਅ ’ਤੇ ਵੇਰਕਾ ਮਿਲਕ ਪਲਾਂਟ ਨੇੜੇ ਬਣੇ ਪੁਲ ਦੇ ਹੇਠਾਂ ਨਸ਼ਾ ਕਰ ਰਹੇ ਇੱਕ ਨੌਜਵਾਨ ਨੂੰ ਦਸੂਹਾ ਪੁਲਿਸ ਨੇ ਕਾਬੂ ਕੀਤਾ ਹੈ। ਪੁਲਿਸ ਅਨੁਸਾਰ ਐੱਚ.ਸੀ. ਪ੍ਰਭਜੋਤ ਸਿੰਘ ਨੇ ਸ਼ਿਵਮ ਵਾਸੀ ਉੱਚੀ ਬੱਸੀ ਨੂੰ ਕਥਿਤ ਤੌਰ ’ਤੇ ਲਾਈਟਰ ਨਾਲ ਸਿਲਵਰ ਪੰਨੀ ਗਰਮ ਕਰਕੇ ਨਸ਼ੇ ਦਾ ਧੂੰਆਂ ਖਿੱਚਦੇ ਹੋਏ ਗ਼੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੌਕੇ ਤੋਂ ਸਿਲਵਰ ਪੰਨੀ, ਲਾਈਟਰ ਅਤੇ ਪਾਈਪ ਬਣਿਆ 10 ਰੁਪਏ ਦਾ ਨੋਟ ਬਰਾਮਦ ਕਰਕੇ ਮੁਕੱਦਮਾ ਦਰਜ ਕੀਤਾ ਹੈ।