ਪੇਡੂ ਮਜ਼ਦੂਰ ਯੂਨੀਅਨ ਵੱਲੋਂ ਅਹਿਮ ਮੁੱਦਿਆਂ ’ਤੇ ਵਿਚਾਰਾਂ
ਮਹਿਤਪੁਰ ਦੇ ਪਿੰਡਾਂ ’ਚ ਪੇਡੂ ਮਜਦੂਰ ਯੂਨੀਅਨ ਨੇ ਕੀਤੀ ਮੀਟਿੰਗ
Publish Date: Tue, 09 Sep 2025 07:47 PM (IST)
Updated Date: Wed, 10 Sep 2025 04:05 AM (IST)

ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ, ਮਹਿਤਪੁਰ : ਮੁੱਖ ਮੰਤਰੀ ਪੰਜਾਬ ਵੱਲੋਂ ਪੰਜਾਬ ’ਚ ਆਏ ਹੜ੍ਹ ਤੇ ਬਾਰਿਸ਼ਾਂ ਤੋਂ ਪ੍ਰਭਾਵਿਤ ਲੋਕਾਂ ਲਈ ਕੀਤੇ ਗਏ ਐਲਾਨ ’ਚ ਪੇਂਡੂ ਮਜ਼ਦੂਰਾਂ ਨੂੰ ਅਣਗੌਲਿਆਂ ਕਰਨ ਦੇ ਵਿਰੋਧ ’ਚ 11 ਤੇ 12 ਸਤੰਬਰ ਨੂੰ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ’ਤੇ ਤਹਿਸੀਲ ਤੇ ਜ਼ਿਲ੍ਹਾ ਹੈਡਕੁਆਟਰਾਂ ਤੇ ਸਾਰੇ ਪੰਜਾਬ ’ਚ ਧਰਨੇ ਦੇ ਕੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜੇ ਜਾਣਗੇ। ਇਸੇ ਕੜੀ ਵਜੋਂ 12 ਸਤੰਬਰ ਨੂੰ ਨਕੋਦਰ ਤਹਸੀਲ ’ਚ ਸੈਂਕੜੇ ਗਿਣਤੀ ’ਚ ਮਜ਼ਦੂਰ ਪਹੁੰਚ ਕੇ ਮੰਗ ਪੱਤਰ ਦੇਣਗੇ। ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਵੱਖ-ਵੱਖ ਪਿੰਡਾਂ ’ਚ ਮਜ਼ਦੂਰਾਂ ਨੂੰ ਲਾਮਬੰਦ ਕਰਨ ਲਈ ਰੈਲੀਆਂ ਕੀਤੀਆਂ ਗਈਆਂ। ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਵਿਜੇ ਬਾਠ ਨੇ ਕਿਆ ਕਿ 12 ਸਤੰਬਰ ਨੂੰ ਨਕੋਦਰ ’ਚ ਸੈਂਕੜੇ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਪਹੁੰਚਣਗੇ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਵੱਖ-ਵੱਖ ਜਿਸ ’ਚ ਕਰਸ਼ੈਦਪੁਰ, ਮੰਡਿਆਲਾ, ਰਾਏਪੁਰ ਗੁਜਰਾ, ਵੇਰਾ, ਸੰਗੋਵਾਲ, ਉਧੋਵਾਲ ਸਮੇਤ ਇਕ ਦਰਜਨ ਪਿੰਡਾਂ ਦੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੇਸ਼ੱਕ ਮੁੱਖ ਮੰਤਰੀ ਪੰਜਾਬ ਨੇ ਜਿਹੜੀ ਰਾਹਤ ਦਾ ਐਲਾਨ ਕੀਤਾ ਹੈ, ਉਹ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਨਹੀਂ ਕਰ ਪਾਏਗਾ ਪਰ ਸਿਤਮ ਦੀ ਗੱਲ ਇਹ ਹੈ ਕਿ ਉਨਾਂ ਦੇ ਐਲਾਨ ’ਚ ਮਜ਼ਦੂਰਾਂ ਨੂੰ ਕੋਈ ਫੌਰੀ ਰਾਹਤ ਨਹੀਂ ਐਲਾਨੀ ਗਈ। ਜਿਸ ਨੂੰ ਲੈ ਕੇ ਮਜ਼ਦੂਰਾਂ ’ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਉਨਾਂ ਨੇ ਕਿਹਾ ਕਿ ਜਿੱਥੇ ਹੜ੍ਹ ਨਾਲ ਵੱਡੀ ਤਬਾਹੀ ਹੋਈ ਉੱਥੇ ਲਗਾਤਾਰ ਕਈ ਦਿਨਾਂ ਤੋਂ ਹੋ ਹੀ ਬਾਰਿਸ਼ ਨਾਲ ਕੱਚੀਆਂ ਤੇ ਬਾਲੇ ਗਾਡਰਾਂ ਵਾਲੀਆਂ ਛੱਤਾਂ ਲਗਾਤਾਰ ਚੋਣ ਕਾਰਨ ਜਾਂ ਤਾਂ ਡਿੱਗ ਗਈਆਂ ਹਨ ਜਾਂ ਰਹਿਣ ਦੇ ਯੋਗ ਨਹੀਂ ਰਹੀਆਂ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਪੰਜਾਬ ’ਚ ਮਜ਼ਦੂਰਾਂ ਦਾ ਵੀ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ, ਉਨ੍ਹਾਂ ਨੇ ਇਸ ਲਈ ਕੇਂਦਰ ਤੇ ਪੰਜਾਬ ਸਰਕਾਰ ਨੂੰ ਮੁਲਜ਼ਮ ਠਹਿਰਾਉਂਦਿਆਂ ਕਿਹਾ ਕਿ ਜੇ 17 ਫਰਵਰੀ ਤੋਂ 31 ਮਾਰਚ ਤੱਕ ਸਾਰੇ ਪੰਜਾਬ ’ਚ ਕੱਚੀਆਂ ਤੇ ਗਾਰਡਰ ਵਾਲੀਆਂ ਛੱਤਾਂ ਦੇ ਕੀਤੇ ਗਏ ਸਰਵੇ ਤੋਂ ਬਾਅਦ ਪ੍ਰਧਾਨ ਮੰਤਰੀ ਆਵਾਜ ਯੋਜਨਾ ਤਹਿਤ ਦਰਖਾਸਤਾਂ ਆਨਲਾਈਨ ਕਰਵਾਈਆਂ ਸਨ। ਜੇ ਮਕਾਨਾਂ ਲਈ ਪ੍ਰਧਾਨ ਮੰਤਰੀ ਅਵਾਜ਼ ਯੋਜਨਾ ਦੀ ਗਰਾਂਟ ਜਾਰੀ ਕਰ ਦਿੱਤੀ ਜਾਂਦੀ ਤਾਂ ਮਜ਼ਦੂਰਾਂ ਦੇ ਘਰਾਂ ਦਾ ਬਾਰਿਸ਼ਾਂ ਨਾਲ ਕੋਈ ਵੱਡਾ ਨੁਕਸਾਨ ਨਾ ਹੁੰਦਾ। ਸਰਕਾਰਾਂ ਵੱਲੋਂ ਭੇਜੇ ਜਾਣੇ ਵਾਲੇ ਮੰਗ ਪੱਤਰ ’ਚ ਮੰਗ ਕੀਤੀ ਜਾਵੇਗੀ। ਕੀ ਪੂਰੀ ਤਰ੍ਹਾਂ ਡਿੱਗੇ ਘਰਾਂ ਲਈ 15 ਲੱਖ ਰੁਪਏ, ਨੁਕਸਾਨੀਆਂ ਗਈਆਂ ਛੱਤਾਂ ਲਈ 10 ਲੱਖ ਰੁਪਆ ਤੇ ਫੌਰੀ ਰਾਹਤ ਵਜੋਂ ਮਜ਼ਦੂਰਾਂ ਨੂੰ 5000 ਰੁਪਏ ਬੇਰੁਜ਼ਗਾਰੀ ਭੱਤੇ ਦਿੱਤਾ ਜਾਵੇ। ਮਜ਼ਦੂਰਾਂ ਨੇ ਇਕ ਮਤਾ ਪਾਸ ਕਰਕੇ ਜਲੰਧਰ ਜ਼ਿਲ੍ਹੇ ’ਚ ਮਨਰੇਗਾ ਮਜ਼ਦੂਰਾਂ ਦਾ 7 ਕਰੋੜ ਰੁਪਏ ਦਾ ਬਿਕਾਇਆ ਉਨ੍ਹਾਂ ਦੇ ਖਾਤਿਆਂ ’ਚ ਫੌਰੀ ਭੇਜਿਆ ਜਾਵੇ। ਤੇ ਸਾਰੇ ਬੇਰੋਜ਼ਗਾਰਾਂ ਮਜ਼ਦੂਰਾਂ ਨੂੰ ਮਨਰੇਗਾ ਹੇਠ ਘੱਟੋ ਘੱਟ 200 ਦਿਨ ਕੰਮ ਦਿੱਤਾ ਜਾਵੇ। ਇਸ ਮੌਕੇ ਹੋਈਆਂ ਰੈਲੀਆਂ ਨੂੰ ਬਖਸ਼ੋ ਖਰਸ਼ੈਦਪੁਰ, ਸੋਮਾ ਰਾਣੀ, ਬਖਸ਼ੋ ਮੰਡਿਆਲਾ, ਹਰਵਿੰਦਰ ਕੌਰ, ਕੁਲਵੰਤ ਕੌਰ ਡੈਨੀਅਲ ਆਦਿ ਨੇ ਸੰਬੋਧਨ ਕੀਤਾ।