ਪੰਜ ਪਿਆਰਿਆਂ ਵੱਲੋਂ ਗੁਰੂ ਗੋਬਿੰਦ ਸਿੰਘ ਮਾਰਗ ਦਾ ਉਦਘਾਟਨ
ਪੰਜ ਪਿਆਰਿਆਂ ਵੱਲੋਂ ਗੁਰੂ ਗੋਬਿੰਦ ਸਿੰਘ ਮਾਰਗ ਦਾ ਉਦਘਾਟਨ
Publish Date: Sun, 10 May 2026 08:23 PM (IST)
Updated Date: Mon, 11 May 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਥਾਨਕ ਗੁਰੂ ਗੋਬਿੰਦ ਸਿੰਘ ਐਵੇਨਿਊ ਦੇ ਰਾਸ਼ਟਰੀ ਮਾਰਗ ’ਤੇ ਸਥਿਤ ਮੁੱਖ ਪ੍ਰਵੇਸ਼ ਗੇਟ ਤੋਂ ਕਾਜ਼ੀ ਮੰਡੀ ਤੱਕ 120 ਫੁੱਟੀ ਚਾਰ ਮਾਰਗੀ ਸੜਕ ਦਾ ਨਾਮ ਗੁਰੂ ਗੋਬਿੰਦ ਸਿੰਘ ਮਾਰਗ ਰੱਖਣ ਦਾ ਉਦਘਾਟਨ ਅੱਜ ਪੰਜ ਪਿਆਰਿਆਂ ਵੱਲੋਂ ਭਾਈ ਬਲਵਿੰਦਰ ਸਿੰਘ ਦੇ ਅਰਦਾਸ ਕਰਨ ਉਪਰੰਤ ਜੈਕਾਰਿਆ ਦੀ ਗੂੰਜ ’ਚ ਕੀਤਾ ਗਿਆ। ਇਸ ਤੋਂ ਪਹਿਲਾਂ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਤੇ ਬੀਬੀਆਂ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ। ਹੁਕਮਨਾਮਾ ਸਰਵਣ ਕਰਨ ਮਗਰੋਂ ਪ੍ਰਭਾਤ ਫੇਰੀ ਦੇ ਰੂਪ ’ਚ ਪੰਜ ਪਿਆਰਿਆਂ ਦੀ ਅਗਵਾਈ ’ਚ ਕੀਰਤਨ ਕਰਦੀਆਂ ਖੰਡਾ ਚੌਕ ’ਚ ਪੁੱਜੀਆਂ, ਜਿੱਥੇ ਇਸ ਮਾਰਗ ਦਾ ਉਦਘਾਟਨ ਕੀਤਾ ਗਿਆ। ਸੂਰਿਆ ਐਨਕਲੇਵ, ਗੁਰੂ ਗੋਬਿੰਦ ਸਿੰਘ ਐਵੇਨਿਊ, ਮਹਾਰਾਜਾ ਰਣਜੀਤ ਸਿੰਘ ਐਵੇਨਿਊ ਤੇ ਨਾਲ ਲੱਗਦੀਆਂ ਹੋਰ ਕਾਲੋਨੀਆਂ ਦੀ ਇਹ ਮਹੱਤਵਪੂਰਨ ਸੜਕ ਲੰਬੇ ਸਮੇਂ ਤੋਂ ਅਣਦੇਖੀ ਦਾ ਸ਼ਿਕਾਰ ਸੀ। ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ, ਕੌਂਸਲਰ ਮਨਮੋਹਨ ਸਿੰਘ ਰਾਜੂ, ਕੌਂਸਲਰ ਰੌਬਿਨ ਲਵ ਤੇ ਪਤਵੰਤੇ ਸੱਜਣਾਂ ਦੀ ਕੋਸ਼ਿਸ਼ਾਂ ਸਦਕਾ ਨਗਰ ਨਿਗਮ ਵੱਲੋਂ ਇਸ ਮਾਰਗ ਦੇ ਨਾਂ ਸਬੰਧੀ ਮਤਾ ਪਾਸ ਕਰ ਕੇ ਸੂਬਾ ਸਰਕਾਰ ਨੂੰ ਭੇਜਿਆ ਗਿਆ ਸੀ, ਜਿਸ ਦੀ ਪ੍ਰਵਾਨਗੀ ਮਿਲਣ ’ਤੇ ਹੋਏ ਇਸ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਹਰਜਿੰਦਰ ਸਿੰਘ ਨੇ ਕਿਹਾ ਕਿ ਇਸ ਮਾਰਗ ਦੇ ਨਾਮਕਰਨ ਲਈ ਮੇਅਰ ਵਿਨੀਤ ਧੀਰ, ਆਪ ਆਗੂ ਨਿਤਿਨ ਕੋਹਲੀ, ਕੌਸਲਰ ਮਨਮੋਹਨ ਸਿੰਘ ਰਾਜੂ ਤੇ ਰੌਬਿਨ ਲਵ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਤੇ ਹੁਣ ਸੰਗਤਾਂ ਦੇ ਸਹਿਯੋਗ ਨਾਲ ਇਸ ਮਾਰਗ ਦੇ ਸੁੰਦਰੀਕਰਨ ਤੇ ਵਾਤਾਵਰਣ ਅਨੁਕੂਲ ਬਣਾਉਣ ਲਈ ਯਤਨ ਕੀਤੇ ਜਾਣਗੇ। ਇਸ ਮੌਕੇ ਕੌਂਸਲਰ ਮਨਮੋਹਨ ਸਿੰਘ ਰਾਜੂ ਨੇ ਕਿਹਾ ਕਿ ਉਹ ਇਸ ਮਾਰਗ ਤੇ ਇਲਾਕੇ ਦੇ ਵਿਕਾਸ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ। ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਨੇ ਕਿਹਾ ਕਿ ਇਸ ਮਾਰਗ ਨੂੰ ਸਾਫ-ਸੁਥਰਾ ਤੇ ਸੁੰਦਰ ਰੱਖਣ ਲਈ ਹਰ ਸ਼ਰਧਾਲੂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮਾਰਗ ਦੇ ਨਾਂ ਦੀ ਅਹਿਮੀਅਤ ਨੂੰ ਕਿਸੇ ਤਰ੍ਹਾਂ ਦੀ ਠੇਸ ਲੱਗਣ ਤੋਂ ਗੁਰੇਜ਼ ਕਰਨ ਲਈ ਹਰ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਘਰ ਵਾਂਗ ਇਸ ਮਾਰਗ ਦੀ ਸੁੰਦਰਤਾ ਨੂੰ ਤਵੱਜੋਂ ਦੇਵੇ। ਇਸ ਮੌਕੇ ਉਪ ਪ੍ਰਧਾਨ ਕੇਐੱਸ ਲੱਡੂ, ਤਲਵਿੰਦਰ ਸਿੰਘ ਖਜ਼ਾਨਚੀ, ਇਕਬਾਲ ਸਿੰਘ ਜਨਰਲ ਸਕੱਤਰ, ਡਾ. ਐੱਨਪੀ ਸਿੰਘ, ਕਰਨਲ ਵੀਪੀ ਸਿੰਘ, ਲਖਬੀਰ ਸਿੰਘ, ਨਵਤੇਜ ਸਿੰਘ, ਜੁਗਰਾਜ ਸਿੰਘ, ਸਵਰਨ ਸਿੰਘ, ਤਰਲੋਚਨ ਸਿੰਘ, ਗੁਰਵਿੰਦਰਪਾਲ ਸਿੰਘ, ਅਮਰੀਕ ਸਿੰਘ ਸੈਣੀ, ਗੁਰਨਾਮ ਸਿੰਘ ਡੀਐੱਸਪੀ, ਗੁਰਦੇਵ ਸਿੰਘ, ਸਤਨਾਮ ਸਿੰਘ, ਦਵਿੰਦਰਪਾਲ ਸਿੰਘ, ਮਨਜੀਤ ਸਿੰਘ ਬੌਬੀ, ਰਤਨ ਸਿੰਘ, ਜਸਜੀਤ ਸਿੰਘ, ਜੋਗਾ ਸਿੰਘ ਪ੍ਰਧਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਲੰਮਾ ਪਿੰਡ, ਸੁਰਿੰਦਰ ਪਵਾਰ ਪ੍ਰਧਾਨ ਰਾਮ ਮੰਦਿਰ, ਗਿਆਨ ਇੰਦਰ ਮੰਦਿਰ ਕਮੇਟੀ, ਕਸ਼ਮੀਰ ਸਿੰਘ ਰੰਧਾਵਾ ਬੈਂਕ ਵਾਲੇ, ਗਿਆਨ ਸਿੰਘ, ਚਰਨ ਸਿੰਘ, ਸੁਖਚੈਨ ਸਿੰਘ, ਜੰਗ ਬਹਾਦਰ ਸਿੰਘ, ਸੁਖਵੀਰ ਸਿੰਘ ਸੈਣੀ, ਰਮੇਸ਼ਪਾਲ ਸ਼ਰਮਾ, ਤਰਸੇਮ ਸਿੰਘ ਸੇਵਾਮੁਕਤ ਕਮਾਂਡੈਂਟ ਬੀਐੱਸਐੱਫ, ਜੋਗਿੰਦਰ ਸਿੰਘ, ਅਜੈਬ ਪ੍ਰਧਾਨ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਸੁਸਾਇਟੀ ਤੇ ਗੁਰਮਿੰਦਰ ਸਿੰਘ ਸੈਣੀ ਆਦਿ ਹਾਜ਼ਰ ਸਨ।