ਅਣਪਛਾਤੇ ਵਾਹਨ ਦੀ ਟੱਕਰ ਨਾਲ ਬਾਈਕ ਸਵਾਰ ਫਲਾਈਓਵਰ ਤੋਂ ਡਿੱਗਾ
ਅਣਪਛਾਤੇ ਵਾਹਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਫਲਾਈਓਵਰ ਤੋਂ ਡਿੱਗਾ
Publish Date: Sat, 08 Nov 2025 09:25 PM (IST)
Updated Date: Sat, 08 Nov 2025 09:28 PM (IST)

-ਐੱਸਐੱਸਐੱਫ ਦੀ ਟੀਮ ਨੇ ਮੌਕੇ ’ਤੇ ਪੁੱਜ ਕੇ 108 ਐਂਬੂਲੈਂਸ ਰਾਹੀਂ ਇਲਾਜ ਲਈ ਹਸਪਤਾਲ ਭੇਜਿਆ ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਪਿੰਡ ਖਹਿਰਾ ਨੇੜੇ ਨੈਸ਼ਨਲ ਹਾਈਵੇ ’ਤੇ ਬਣੇ ਫਲਾਈਓਵਰ ਉਪਰ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਫਲਾਈਓਵਰ ਤੋਂ ਹੇਠਾਂ ਡਿੱਗ ਕੇ ਜ਼ਖ਼ਮੀ ਹੋ ਗਿਆ। ਜ਼ਖ਼ਮੀ ਦੀ ਪਛਾਣ ਜਤਿਨ ਵਜੋਂ ਹੋਈ ਹੈ। ਰਾਹਗੀਰ ਤੋਂ ਮਿਲੀ ਸੂਚਨਾ ਉਪਰੰਤ ਐੱਸਐੱਸਐੱਫ ਦੀ ਟੀਮ ਨੇ ਮੌਕੇ ’ਤੇ ਪੁੱਜ ਕੇ ਜ਼ਖ਼ਮੀ ਨੂੰ 108 ਐਂਬੂਲੈਂਸ ਰਾਹੀਂ ਇਲਾਜ ਲਈ ਹਸਪਤਾਲ ਭੇਜਿਆ। ਜਤਿਨ ਨੇ ਦੱਸਿਆ ਕਿ ਲੁਧਿਆਣੇ ਤੋਂ ਕਪੂਰਥਲਾ ਨੂੰ ਜਾ ਰਿਹਾ ਸੀ ਤਾਂ ਪਿੰਡ ਖਹਿਰਾ ਨੇੜੇ ਹਾਈਵੇ ਦੇ ਫਲਾਈਓਵਰ ਤੋਂ ਲੰਘ ਰਿਹਾ ਸੀ। ਇਸੇ ਦੌਰਾਨ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਮੋਟਰਸਾਈਕਲ ਤੋਂ ਡਿੱਗ ਕੇ ਪਲਟੀਆਂ ਖਾਂਦਾ ਹੋਇਆ ਫਲਾਈਓਵਰ ਤੋਂ ਡਿੱਗ ਗਿਆ। ਰਾਹਗੀਰ ਨੇ ਐੱਸਐੱਸਐੱਫ ਦੀ ਟੀਮ ਨੂੰ ਹਾਦਸੇ ਬਾਰੇ ਜਾਣਕਾਰੀ ਦਿੱਤੀ, ਜਿਨ੍ਹਾਂ ਨੇ ਤੁਰੰਤ ਮੌਕੇ ’ਤੇ ਪੁੱਜ ਕੇ ਜਤਿਨ ਨੂੰ ਪਹਿਲਾਂ ਮੁੱਢਲੀ ਸਹਾਇਤਾ ਦਿੱਤੀ ਤੇ 108 ਐਂਬੂਲੈਂਸ ਨੂੰ ਬੁਲਾਇਆ। ਜਤਿਨ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਦਾਖਲ ਕਰਵਾਇਆ। ਐੱਸਐੱਸਐੱਫ ਦੀ ਟੀਮ ਨੇ ਥਾਣਾ ਫਿਲੌਰ ਦੇ ਡਿਊਟੀ ਅਫਸਰ ਏਐੱਸਆਈ ਧਰਮਿੰਦਰ ਸਿੰਘ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ ਜਿਨ੍ਹਾਂ ਨੇ ਜਤਿਨ ਦੇ ਪਰਿਵਾਰ ਨੂੰ ਫੋਨ ਰਾਹੀਂ ਹਾਦਸੇ ਬਾਰੇ ਜਾਣੂ ਕਰਵਾਇਆ ਜੋ ਫਿਲੌਰ ਸਿਵਲ ਹਸਪਤਾਲ ਪੁੱਜ ਗਏ।