ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 41.5 ਡਿਗਰੀ ਤੱਕ ਪੁੱਜਾ
ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 41.5 ਡਿਗਰੀ ਤੱਕ ਪਹੁੰਚਿਆ, ਚੱਲੀਆਂ ਗਰਮ ਹਵਾਵਾਂ
Publish Date: Thu, 23 Apr 2026 10:31 PM (IST)
Updated Date: Thu, 23 Apr 2026 10:34 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵੀਰਵਾਰ ਨੂੰ ਸਵੇਰੇ ਤੋਂ ਮੌਸਮ ਸਾਫ਼ ਰਿਹਾ ਪਰ ਦਿਨ ਚੜ੍ਹਦਿਆਂ ਗਰਮੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ। ਇਸ ਕਰਕੇ ਦੁਪਹਿਰ ਤੱਕ ਵਧਦੀ ਗਰਮੀ ਨੇ ਹਰ ਕਿਸੇ ਨੂੰ ਪਰੇਸ਼ਾਨ ਕਰ ਦਿੱਤਾ। ਇਸ ਦੌਰਾਨ ਗਰਮ ਹਵਾਵਾਂ ਦੇ ਬੁੱਲ੍ਹੇ ਵੀ ਲੋਕਾਂ ਨੂੰ ਤੰਗ ਕਰਦੇ ਰਹੇ। ਇਸੇ ਕਾਰਨ ਕੁਝ ਥਾਵਾਂ ’ਤੇ ਦੁਪਹਿਰ ਦੇ ਸਮੇਂ ਸੜਕਾਂ ਸੁੰਨੀਆਂ ਤੇ ਖਾਲੀ ਨਜ਼ਰ ਆਈਆਂ। ਰੇਲਵੇ ਫਾਟਕਾਂ ’ਤੇ ਭੀੜ ਤਾਂ ਦਿਸੀ ਪਰ ਹਰ ਕੋਈ ਧੁੱਪ ਤੋਂ ਬਚਣ ਲਈ ਦਰੱਖਤਾਂ ਦੀ ਛਾਂ ਹੇਠ ਖੜ੍ਹਾ ਨਜ਼ਰ ਆਇਆ। ਮੌਸਮ ਵਿਭਾਗ ਮੁਤਾਬਕ ਅਜੇ ਤੱਕ ਦਾ ਵੱਧ ਤੋਂ ਵੱਧ ਤਾਪਮਾਨ 41.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਨਾਲ ਹੀ ਰਾਤ ਦਾ ਸਭ ਤੋਂ ਵੱਧ ਤਾਪਮਾਨ ਵੀ 21.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨ ਤਿੱਖੀ ਧੁੱਪ ਨਾਲ ਤਾਪਮਾਨ ’ਚ ਹੋਰ ਵਾਧੇ ਦੀ ਸੰਭਾਵਨਾ ਪ੍ਰਗਟਾਈ ਹੈ। ਜਦਕਿ 26 ਤੋਂ 29 ਤਰੀਕ ਤੱਕ ਅੰਸ਼ਿਕ ਬੱਦਲਾਂ ਨਾਲ ਕਿਤੇ-ਕਿਤੇ ਹਲਕੀ ਬਾਰਿਸ਼ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਜੇ ਇਹ ਅਨੁਮਾਨ ਸਹੀ ਸਾਬਤ ਹੁੰਦਾ ਹੈ ਤਾਂ ਤਾਪਮਾਨ ਵਿੱਚ 3 ਤੋਂ 4 ਡਿਗਰੀ ਸੈਲਸੀਅਸ ਤੱਕ ਦੀ ਕਮੀ ਵੀ ਵੇਖੀ ਜਾ ਸਕਦੀ ਹੈ।